ਸੜਕ ਕਰਾਸ ਕਰਨ ਲਈ ਚੌਂਕ ’ਚ ਖੜ੍ਹੀ ਕਾਰ ’ਤੇ ਪਲਟਿਆ ਤੇਜ਼ ਰਫ਼ਤਾਰ ਟਰੱਕ, ਇਕ ਦੀ ਮੌਤ
Tuesday, Sep 27, 2022 - 11:01 AM (IST)
ਭੋਗਪੁਰ (ਸੂਰੀ) - ਜਲੰਧਰ ਜੰਮੂ ਕੌਮੀ ਸ਼ਾਹ ਮਾਰਗ ’ਤੇ ਪਿੰਡ ਪਚਰੰਗਾ ਨੇੜਲੇ ਗੜ੍ਹੀ ਬਖਸ਼ਾ ਚੌਂਕ ਵਿਚ ਸੜਕ ਕਰਾਸ ਕਰਨ ਲਈ ਖੜ੍ਹੀ ਇਕ ਕਾਰ ’ਤੇ ਟਰੱਕ ਪਲਟ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ’ਚ ਟਰੱਕ ਚਾਲਕ ਦੀ ਮੌਤ ਹੋ ਗਈ ਅਤੇ ਕਾਰ ਵਿਚ ਸਵਾਰ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਘਟਨਾ ਵਾਲੀ ਥਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਤਪਾਲ ਸਿੰਘ ਪੁੱਤਰ ਸ਼ੰਕਰ ਦਾਸ ਵਾਸੀ ਪਿੰਡ ਸ਼ੱਕਰਪੁਰ ਆਪਣੇ ਪੁੱਤਰ ਅਤੇ ਪਿੰਡ ਦੇ ਪੰਚ ਮੇਲਾ ਰਾਮ ਨਾਲ ਕਾਰ ਵਿੱਚ ਸਵਾਰ ਸੀ। ਇਹ ਕਾਰ ਭੋਗਪੁਰ ਵਾਲੇ ਪਾਸੇ ਤੋਂ ਆ ਕੇ ਆਪਣੇ ਪਿੰਡ ਨੂੰ ਜਾਣ ਲਈ ਸੜਕ ਕਰਾਸ ਕਰਨ ਲਈ ਸੜਕ ਵਿਚ ਬਣੇ ਡਿਵਾਇਡਰ ਵਿਚਕਾਰ ਖੜ੍ਹੀ ਸੀ।
ਪੜ੍ਹੋ ਇਹ ਵੀ ਖ਼ਬਰ : ਪੱਟੀ ਨੇੜੇ ਕੂੜੇ ਦੇ ਢੇਰ ’ਤੋਂ ਬਰਾਮਦ ਹੋਇਆ ਹੈਂਡ ਗ੍ਰਨੇਡ, ਫੈਲੀ ਸਨਸਨੀ
ਜੰਮੂ ਵੱਲੋਂ ਆ ਰਹੇ ਇਕ ਟਰੱਕ ਚਾਲਕ ਨੇ ਚੌਕ ਵਿੱਚ ਖੜ੍ਹੀ ਇਕ ਟਰੈਕਟਰ-ਟਰਾਲੀ ਨੂੰ ਬਚਾਉਣ ਲਈ ਜਿਵੇਂ ਟਰੱਕ ਡਿਵਾਈਡਰ ਵੱਲ ਮੋੜਿਆ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਟਰੱਕ ਡਿਵਾਈਡਰ ਨਾਲ ਟਕਰਾ ਕੇ ਕਾਰ ਦੇ ਉੱਪਰ ਜਾ ਪਲਟਿਆ। ਇਸੇ ਦੌਰਾਨ ਟਰੱਕ ਚਾਲਕ ਨੇ ਆਪਣੀ ਜਾਨ ਬਚਾਉਣ ਲਈ ਟਰੱਕ ਵਿੱਚੋਂ ਛਾਲ ਮਾਰ ਦਿੱਤੀ ਪਰ ਉਹ ਖੁਦ ਇਸ ਟਰੱਕ ਦੇ ਹੇਠਾਂ ਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਹਾਈਵੇ ਪੈਟਰੋਲਿੰਗ ਪੈਟਰੋਲਿੰਗ ਗੱਡੀ 16 ਦੀ ਟੀਮ ਅਤੇ ਪੁਲਸ ਚੌਂਕੀ ਪਚਰੰਗਾ ਦੀ ਟੀਮ ਮੌਕੇ ’ਤੇ ਪਹੁੰਚ ਗਈ। ਟਰੱਕ ਵਿਚ ਸੇਬ ਭਰੇ ਹੋਣ ਕਾਰਨ ਕਾਰ ਨੂੰ ਟਰੱਕ ਹੇਠੋਂ ਤੁਰੰਤ ਨਹੀਂ ਕੱਢਿਆ ਜਾ ਸਕਿਆ। ਕਾਰ ਚਾਲਕ ਕਾਫੀ ਦੇਰ ਤੱਕ ਅੰਦਰ ਫਸਿਆ ਰਿਹਾ।
ਪੜ੍ਹੋ ਇਹ ਵੀ ਖ਼ਬਰ : ਮਾਸੂਮ ਧੀ ਦਾ ਸਹੀ ਢੰਗ ਨਾਲ ਪਾਲਣ-ਪੋਸ਼ਣ ਨਾ ਕਰ ਸਕਿਆ ਪਿਓ, ਨਹਿਰ ’ਚ ਦੇ ਦਿੱਤਾ ਧੱਕਾ, ਹੋਈ ਮੌਤ
ਇਸ ਦੌਰਾਨ ਪੁਲਸ ਨੇ ਕੌਮੀ ਸ਼ਾਹ ਮਾਰਗ ’ਤੇ ਚੌਲਾਂਗ ਸਥਿਤ ਟੋਲ ਪਲਾਜ਼ਾ ਨਾਲ ਸੰਪਰਕ ਕਰਕੇ ਕਰੇਨ ਮੰਗਵਾਈ ਅਤੇ ਟਰੱਕ ਨੂੰ ਉੱਪਰ ਉਠਾ ਕੇ ਟਰੱਕ ਚਾਲਕ ਅਤੇ ਕਾਰ ਨੂੰ ਹੇਠੋਂ ਕੱਢਿਆ ਗਿਆ। ਕਾਰ ਚਾਲਕ ਦੀਆਂ ਲੱਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਅਤੇ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਟਰੱਕ ਹੇਠਾਂ ਆਉਣ ’ਤੇ ਟਰੱਕ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਟਰੱਕ ਦੇ ਨਾਲ ਪਿੱਛੇ ਚੱਲ ਰਹੇ ਇਕ ਹੋਰ ਟਰੱਕ ਚਾਲਕ ਗਗਨਦੀਪ ਸਿੰਘ ਨੇ ਦੱਸਿਆ ਹੈ ਕਿ ਹਾਦਸਾ ਗ੍ਰਸਤ ਟਰੱਕ ਨੂੰ ਉਸ ਦਾ ਪਿਤਾ ਅਮੋਲਕ ਸਿੰਘ ਚਲਾ ਰਿਹਾ ਸੀ। ਦੋਵੇਂ ਪਿਓ-ਪੁੱਤਰ ਆਪੋ ਆਪਣੇ ਟਰੱਕਾਂ ਵਿੱਚ ਸੇਬ ਦੀਆਂ ਪੇਟੀਆਂ ਭਰ ਕੇ ਦਿੱਲੀ ਵੱਲ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਲੈ ਕੇ 2 ਧਿਰਾਂ ’ਚ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ
ਇਸ ਹਾਦਸੇ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ। ਟਰੱਕ ਪਲਟਣ ਕਾਰਨ ਸੜਕ ਵਿਚ ਸੇਬਾਂ ਦੀਆਂ ਪੇਟੀਆਂ ਖਿੱਲਰ ਗਈਆਂ। ਪੁਲਸ ਵੱਲੋਂ ਭਾਰੀ ਮੁਸ਼ੱਕਤ ਤੋਂ ਬਾਅਦ ਸੜਕ ਨੂੰ ਚਾਲੂ ਕਰਵਾ ਦਿੱਤਾ ਅਤੇ ਜ਼ਖ਼ਮੀ ਕਾਰ ਚਾਲਕ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ।