ਹਾਈਕੋਰਟ ਵਲੋਂ ਦੰਗਾ ਪੀੜਤ ਪਰਿਵਾਰਾਂ ਨੂੰ ਵੱਡੀ ਰਾਹਤ
Tuesday, Oct 29, 2019 - 08:58 PM (IST)
ਲੁਧਿਆਣਾ,(ਸਲੂਜਾ) : ਪੰਜਾਬ-ਹਰਿਆਣਾ ਹਾਈ ਕੋਰਟ ਨੇ 160 ਲਾਲ ਕਾਰਡ ਰੱਦ ਕਰਨ ਸਬੰਧੀ ਦਾਇਰ ਕੀਤੀ ਗਈ ਰਿਟ 'ਤੇ ਸੁਣਵਾਈ ਕਰਦੇ ਹੋਏ 1984 ਦੇ ਦੰਗਾ ਪੀੜਤ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਜਿਸ ਦੌਰਾਨ ਹਾਈਕੋਰਟ ਨੇ ਕਿਹਾ ਕਿ ਜਿਨ੍ਹਾਂ ਵੀ ਦੰਗਾ ਪੀੜਤ ਪਰਿਵਾਰਾਂ ਨੂੰ ਇਸ ਸਬੰਧੀ ਕੋਈ ਨੋਟਿਸ ਮਿਲਿਆ ਹੈ ਤਾਂ ਉਹ ਲਾਲ ਕਾਰਡ ਦੀ ਬਹਾਲੀ ਸਬੰਧੀ ਵਿੱਤ ਕਮਿਸ਼ਨਰ ਮਾਲ ਪੰਜਾਬ ਕੋਲ ਅਪੀਲ ਜ਼ਰੂਰ ਕਰਨ।
ਕੋਰਟ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੋ ਵੀ ਪਰਿਵਾਰ ਅਪੀਲ ਨਹੀਂ ਕਰਨਗੇ। ਉਨ੍ਹਾਂ ਦੇ ਲਾਲ ਕਾਰਡ ਰੱਦ ਸਮਝੇ ਜਾਣਗੇ ਤੇ ਉਨ੍ਹਾਂ ਖਿਲਾਫ ਸਰਕਾਰ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ 1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਸੁਰਜੀਤ ਸਿੰਘ ਤੇ ਬੀਬੀ ਗੁਰਦੀਪ ਕੌਰ ਨੇ ਕੋਰਟ ਦੇ ਨਿਰਦੇਸ਼ਾਂ ਦਾ ਸਵਾਗਤ ਕਰਦਿਆਂ 1984 ਦੇ 160 ਪੀੜਤ ਪਰਿਵਾਰਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪਣੇ ਲਾਲ ਕਾਰਡ ਬਹਾਲ ਕਰਵਾਉਣ ਨੂੰ ਲੈ ਕੇ 15 ਦਿਨਾਂ ਦੇ ਅੰਦਰ ਅਪੀਲ ਜ਼ਰੂਰ ਕਰਨ, ਜੇਕਰ ਉਨ੍ਹਾਂ ਨੂੰ ਅਪੀਲ ਕਰਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਸੋਸਾਇਟੀ ਦੇ ਨਾਲ ਕਿਸੇ ਵੀ ਸਮੇਂ ਤਾਲਮੇਲ ਕਰ ਸਕਦਾ ਹੈ।