ਸਾਦ ਮੁਰਾਦਾ ਪੰਜਾਬ 1 : ਉੱਚੇ ਆਦਰਸ਼ਾਂ ''ਤੇ ਨਾਜ਼ ਕਰਨ ਵਾਲੇ ਅਸੀਂ ਹੁਣ ਕਿੱਥੇ ?

Wednesday, May 06, 2020 - 10:22 PM (IST)

ਗੁਰਪ੍ਰੀਤ ਸਿੰਘ 'ਜੈਤੋ'
16394713153

ਇਕ ਸਵਾਲ !
ਜਵਾਬ ਨਾ ਵੀ ਹੋਇਆ ਕੋਈ ਗੱਲ ਨਹੀ ਸਵਾਲ ਜ਼ਰੂਰ ਪੜ੍ਹ ਲਿਓ, 
ਪੰਜਾਹ ਸੱਠ ਦੇ ਦਹਾਕਿਆਂ ਤੋਂ ਪਹਿਲਾਂ ਪੂਰੀ ਦੁਨੀਆ ’ਚ ਹੀਰੋ ਪਤਾ ਕੌਣ ਹੁੰਦੇ ਸੀ? 
ਲੋਕ ਪਤਾ ਕਿੰਨਾਂ ਦੀ ਇਕ ਝਲਕ ਪਾਉਣ ਲਈ ਤਰਸਦੇ ਸੀ? 

ਲੋਕ ਪਤਾ ਕਿੰਨ੍ਹਾਂ ਦੇ ਆਟੋ ਗ੍ਰਾਫ ਲੈਣ ਲਈ ਭੱਜਦੇ ਸੀ? ਇਸਦਾ ਜਵਾਬ ਵੀ ਬਹੁਤ ਘੱਟ ਲੋਕ ਜਾਣਦੇ ਹੋਣਗੇ। ਉਹ ਵਿਗਿਆਨਿਕ ਉਨ੍ਹਾਂ ਸਮਿਆਂ ਦੇ ਹੀਰੋ, ਉਨ੍ਹਾਂ ਸਮਿਆਂ ਦੇ ਆਈਡਲ, ਉਨ੍ਹਾਂ ਸਮਿਆਂ ਦੇ ਯੁੱਗ ਪੁਰਸ਼ ਸਨ। 

ਜਿੰਨਾਂ ਬਾਰੇ ਲੋਕ ਜਾਨਣਾ ਚਾਹੁੰਦੇ ਸੀ, ਜਿੰਨਾਂ ਨੂੰ ਲੋਕ ਪਸੰਦ ਕਰਦੇ ਸੀ, ਜਿੰਨ੍ਹਾਂ ਬਾਰੇ ਛਪਦਾ ਸੀ ਜਿੰਨ੍ਹਾਂ ਬਾਰੇ ਪੜ੍ਹਿਆ ਜਾਂਦਾ ਸੀ ਅਤੇ ਇਸਦਾ ਨਤੀਜਾ ਪਤਾ ਕੀ ਸੀ ਲੋਕਾਂ 'ਚ ? 

ਨਵੀਂ ਉੱਠਦੀ ਜਨਰੇਸ਼ਨ 'ਚ ਕਿਤੇ ਨਾ ਕਿਤੇ ਇਹ ਭਾਵਨਾ ਹੁੰਦੀ ਸੀ ਕਿ ਵਿਗਿਆਨ ਦੇ ਖੇਤਰ ’ਚ ਜਾਇਆ ਜਾਵੇ ! 

ਫਿਰ ਪਤਾ ਕੀ ਹੋਇਆ? 
ਕਦੇ ਸੋਚਿਆ !! 

ਧਨਾਢ ਲਾਬੀ, ਸਰਕਾਰਾਂ, ਵਪਾਰੀ ਆਦਿ ਦੇ ਹੱਥਾਂ ਪੈਰਾਂ ਨੂੰ ਪੈ ਗਈ, ਕਿਉਂਕਿ ਲੋਕ ਸਮਝਦਾਰ ਹੁੰਦੇ ਜਾ ਰਹੇ ਸੀ। ਅੱਜ ਹੋਰ, ਕੱਲ੍ਹ ਹੋਰ, ਨਿੱਤ ਨਵੀਂਆਂ ਖ਼ੋਜਾਂ, ਉਹ ਵੀ ਆਮ ਉੱਠਦੇ ਇਨਸਾਨਾਂ ਵਲੋਂ !

ਇਹ ਖ਼ੋਜਾਂ ਆਮ ਹੀ ਲੋਕਾਂ ਲਈ, ਹਰ ਉਪਜੇ ਮਸਲਿਆਂ ਦੇ ਹੱਲ ਧੜਾ ਧੜ ਹੋ ਰਹੇ ਸੀ। ਤੁਹਾਡੇ 'ਤੇ ਰਾਜ ਕਰਦੇ ਲੋਕ ਚਿੰਤਾ ਵਿਚ ਡੁੱਬਦੇ ਜਾ ਰਹੇ ਸੀ, ਕਿਉਂਕਿ ਤੁਸੀ ਸਿਆਣੇ ਹੋ ਰਹੇ ਸੀ। ਹਰ ਸਮੱਸਿਆ ਦਾ ਹੱਲ ਤੁਹਾਡੇ ਜਵਾਨ ਹੁੰਦੇ ਧੀਆਂ ਪੁੱਤ ਕਰ ਰਹੇ ਸੀ। 
ਫਿਰ ਦੁਨੀਆਂ ਦੇ ਆਈਡਲ ਬਹੁਤ ਹੀ ਚਾਲਾਕੀ ਨਾਲ ਬਦਲੇ ਜਾਣ ਲੱਗੇ। ਕੈਮਰਿਆਂ ਦੀਆ ਫਲੈਸ਼ ਲਾਈਟਾਂ ਦੇ ਮੂੰਹ ਘੁੰਮਾ ਦਿੱਤੇ ਗਏ। 

ਫਿਲਮਾਂ ਦੇ ਅਦਾਕਾਰਾਂ ਵੱਲ , 
ਗਾਇਕਾਂ ਵੱਲ , 
ਕਲਾਕਾਰਾਂ ਵੱਲ, 

ਲੋਕਾਂ ਦੇ ਆਈਡਲ ਬਦਲ ਗਏ। ਲੋਕਾਂ ਦੇ ਹੀਰੋ ਬਦਲ ਗਏ। ਹੁਣ ਕਾਗ਼ਜ਼ ਕਲਮ ਉਹੀ ਸੀ। ਆਟੋਗ੍ਰਾਫ ਲੈਣ ਵਾਲੇ ਲੋਕ ਵੀ ਉਹੀ ਸਨ ਪਰ ਆਟੋਗ੍ਰਾਫ ਦੇਣ ਵਾਲੇ ਚਿਹਰੇ ਬਦਲ ਗਏ। ਉਨ੍ਹਾਂ ਦੇ ਕੰਮ ਕਾਰ ਬਦਲ ਗਏ। ਉਨ੍ਹਾਂ ਦੀ ਸਮਾਜ ਨੂੰ, ਤੁਹਾਨੂੰ ਦੇਣ ਬਦਲ ਗਈ। ਤੁਸੀ ਜਿਸ ਡਾਣ 'ਤੇ ਬੈਠੇ ਉਸੇ ਨੂੰ ਵਾਢਾ ਧਰ ਲਿਆ। ਤੁਹਾਡੀਆਂ ਆਉਣ ਵਾਲੀਆਂ ਨਸਲਾਂ ਹੁਣ ਗਾਇਕ, ਅਦਾਕਾਰ , ਕਮੇਡੀਅਨ ਬਣਨਾ ਲੋਚਣ ਲੱਗੀਆਂ। ਹੁਣ ਕੋਈ ਵੀ ਸਾਇੰਸਦਾਨ ਨਹੀ ਬਣਨਾ ਚਾਹੁੰਦਾ। ਜਿੰਨੇ ਕੁ ਸਾਇੰਸਦਾਨ ਬਚੇ ਉਨ੍ਹਾਂ ਦੀ ਮਜਬੂਰੀ ਹੋ ਗਈ। ਧਨਾਢਾਂ ਦੇ ਫਾਇਦੇ ਮੁਤਾਬਕ ਨਵੀਂਆਂ ਖੋਜਾਂ ਕਰਨ ਦੀ ਅਤੇ ਇੰਝ ਸਮੱਸਿਆਵਾਂ ਹਰ ਦਿਨ ਵੱਧਦੀਆ ਗਈਆਂ।

 ...ਅਤੇ ਹੱਲ ? 

ਉਨ੍ਹਾਂ ਧਨਾਢਾਂ ਦੀ ਜੇਬ ਚ ਸੀ ਅਤੇ ਉਹ ਹੱਲ ਮਾਰਕਿਟ ਚ ਉਤਾਰਦੇ ਹਨ। ਤੁਸੀਂ ਓਸ ਹੱਲ ਨੂੰ ਖਰੀਦਦੇ ਹੋ। ਕਈ ਵਾਰ ਤਾਂ ਸਮੱਸਿਆ ਵੀ ਪੈਦਾ ਕੀਤੀ ਹੁੰਦੀ ਜੋ ਅਸਲ ਚ ਹੁੰਦੀ ਹੀ ਨਹੀਂ ਪਰ ਹੱਲ ਫਿਰ ਵੀ ਵੇਚਿਆ ਜਾਂਦਾ। 

ਮੇਰਾ ਇਕ ਛੋਟਾ ਜਿਹਾ ਸਵਾਲ ਪੰਜਾਬੀ ਸਮਾਜ ਨੂੰ ?ਕਿਉਂ ਕਿ ਮੈਂ ਪੰਜਾਬੀ ਸਮਾਜ ਦਾ ਹੀ ਹਿੱਸਾ ਹਾਂ। ਮੈਂ ਇਸੇ ਵਿਚ ਲਿੱਖਦਾ ਹਾਂ। 

ਕੀ ਕੋਈ ਦੱਸ ਸਕਦਾ ਹੈ ?

ਕੋਰੋਨਾ ਸੰਬੰਧੀ ਦੇਸੀ ਨੁਕਤਿਆਂ ਨੂੰ ਛੱਡ ਸਾਡਾ ਕੋਈ ਧੀ ਪੁੱਤ ਇਸ ਦੀ ਰੋਕਥਾਮ ਲਈ ਕੰਮ ਕਰ ਰਿਹਾ ਹੋਵੇ? ਭਾਵਾਂ ਕਿ ਬਹੁਤਿਆਂ ਨੂੰ ਤਾਂ ਇਹ ਵੀ ਨਹੀ ਪਤਾ ਹੋਣਾ ਕਿ ਵਾਇਰਸ ਦੀ ਸਰੰਚਨਾ ਆਰ.ਐੱਨ.ਏ ’ਤੇ ਆਧਾਰਿਤ ਹੁੰਦੀ ਹੈ। ਜਿਵੇਂ ਬੰਦੇ ਦੀ ਰਚਨਾ ਡੀ.ਐੱਨ.ਏ 'ਤੇ ਹੁੰਦੀ ਹੈ। ਉਸ ਡੀ.ਐੱਨ.ਏ ਦੀਆਂ ਇਨ੍ਹਾਂ ਤੰਦਾਂ ਨੂੰ ਦੱਸਣ ਵਾਲਾ ਸਾਡਾ ਵਿਗਿਆਨੀ ਹਰਗੋਬਿੰਦ ਖੁਰਾਨਾ ਪੰਜਾਬੀ ਹੀ ਸੀ। 

ਅਸੀਂ ਹਰ ਸਮੱਸਿਆ ਦੇ ਹੱਲ ਲਈ ਹੋਰ ਕਮਿਊਨਿਟੀਆਂ ਵੱਲ ਵੇਖਾਂਗੇ? 

ਮੰਨ ਲਵੋ ਸਾਰੀ ਦੁਨੀਆਂ ਖਤਮ ਹੋ ਜਾਵੇ ਅਤੇ ਉਨ੍ਹਾਂ ਨਾਲ ਖਤਮ ਹੋ ਜਾਣ ਸਾਰੀਆਂ ਵਿਕਸਿਤ ਹੋਈਆਂ ਵਸਤਾਂ !

PunjabKesari

ਸਾਡੇ ਆਲਿਆਂ ਦਾ ਰਾਜ ਹੋ ਜਾਵੇ ਪੂਰੀ ਪ੍ਰਿਥਵੀ 'ਤੇ, ਫਿਰ ਆਪਾ ਕਿੱਥੋਂ ਕੁ ਤੱਕ ਵਿਕਾਸ ਕਰ ਲਵਾਂਗੇ ? ਕਿਹੜੀਆਂ ਚੀਜ਼ਾਂ ਜਿਹੜੀਆਂ ਦੁਬਾਰਾ ਬਣਾ ਲਵਾਂਗੇ ? ਅਸਲ ’ਚ ਸੱਚਾਈ ਇਹ ਆ ਬਈ ਆਪਾ ਹੈਗੇ ਆ ਜੰਗਾਲੇ ਹੋਏ ਕਿੱਲ ! 

ਇਸ ਸਮੇਂ ਹੋਊਗਾ ਆਪਣਾ ਸੁਨਿਹਰੀ ਇਤਿਹਾਸ ਪਰ ਇਸ ਸਮੇਂ ਅਜਿਹੇ ਬੇਕਾਰ ਕਿੱਲ ਆ ਜਿਹੜੇ ਹੁਣ ਦੁਨੀਆ ਰੂਪੀ ਲੱਕੜਾਂ ਦੇ ਸਹਾਰੇ ਸਮੁੰਦਰ 'ਤੇ ਤਰ ਰਹੇ ਹਾਂ। ਅਸੀਂ ਇਕੱਲੇ ਅੱਜ ਡੁੱਬੇ ਜਾ ਕੱਲ੍ਹ !
ਜਾਂਦੇ ਜਾਂਦੇ ....

ਇੰਟਰਨੈੱਟ ਦੀ ਮਦਦ ਨਾਲ ਸੋਸ਼ਲ ਸਾਈਟਾਂ 'ਤੇ ਗਵਾਚੇ ਬੰਦਿਆਂ ਨੂੰ ਇਹ ਜ਼ਰੂਰ ਦੱਸ ਦੇਵਾਂ ਕਿ ਨੈੱਟ ਦੀ ਕ੍ਰਾਂਤੀ ਫਾਈਬਰ ਆਪਟਿਕ ਨਾਲ ਸੰਭਵ ਹੋਈ। ਇਹ ਕ੍ਰਿਸ਼ਮਾ ਕਰਨ ਵਾਲਾ ਵਿਗਿਆਨੀ ਨਰਿੰਦਰ ਸਿੰਘ ਕਪਨੇ ਪੰਜਾਬੀ ਹੀ ਸੀ।

ਅੰਗਰੇਜ਼ਾਂ ਦੇ ਨਾਲ ਮਹਾਰਾਜਾ ਰਣਜੀਤ ਦੀ ਲੁਧਿਆਣਾ ਸੰਧੀ ਹੋ ਰਹੀ ਸੀ। ਜਿੱਥੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਾਹਮਣੇ ਆਪਣੀਆਂ ਤੋਪਾਂ ਦਾ ਪ੍ਰਦਰਸ਼ਨ ਕੀਤਾ। ਇਹ ਤੋਪਾਂ ਪਹਿਲੀਆਂ ਡਬਲ ਐਕਸ਼ਨ ਤੋਪਾਂ ਸਨ।

ਇਸ ਤੋਂ ਪਹਿਲਾਂ ਤੋਪਾਂ ਵਿਚ ਲੋਹੇ ਦਾ ਗੋਲਾ ਪਾਇਆ ਜਾਂਦਾ ਸੀ, ਜੋ ਬਾਰੂਦ ਦੇ ਵਿਸਫੋਟ ਨਾਲ ਦੂਰ ਮਾਰ ਕਰਦਾ ਸੀ ਪਰ ਇਹ ਗੋਲਾ ਫੱਟਦਾ ਨਹੀਂ ਸੀ। 

ਅੰਗਰੇਜ਼ਾਂ ਨੇ ਇਨ੍ਹਾਂ ਤੋਪਾਂ ਦੀ ਖਾਸੀਅਤ ਦੱਸੀ ਕਿ ਇਹਨਾਂ ਤੋਪਾਂ ਦਾ ਗੋਲਾ, ਜਿੱਥੇ ਡਿੱਗਦਾ ਉੱਥੇ ਵੀ ਵਿਸਫੋਟ ਕਰਦਾ। 

ਮਹਾਰਾਜਾ ਰਣਜੀਤ ਸਿੰਘ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਮਹਾਰਾਜਾ ਨੇ ਸਰਦਾਰ ਲਹਿਣਾ ਸਿੰਘ ਮਜੀਠੀਆ ਨਾਲ ਗੱਲ ਕੀਤੀ।(ਜੋ ਪਹਿਲਾਂ ਵੀ ਖਾਲਸਾ ਰਾਜ ਵਿੱਚ ਬਹੁਤ ਸਾਰੀਆਂ ਖੋਜਾਂ ਕਰ ਚੁੱਕੇ ਸਨ) 

ਮਹਾਰਾਜਾ ਸਾਹਿਬ ਦਾ ਸਵਾਲ ਸੀ ਕਿ ਕਦੇ ਇਸ ਤਰਾਂ ਦੀਆ ਤੋਪਾਂ ਖ਼ਾਲਸਾ ਰਾਜ ਦਾ ਸ਼ਿੰਗਾਰ ਹੋਣਗੀਆਂ ਤਾਂ ਭਾਈ ਲਹਿਣਾ ਸਿੰਘ ਮਜੀਠੀਆਂ ਦਾ ਜਵਾਬ ਸੀ ਕਿ ਸਿਰਫ ਇੱਕ ਵਾਰ ਇਸ ਤੋਪ ਨੂੰ ਚਲਾ ਕਿ ਵਖਾਇਆ ਜਾਵੇ। 

ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ ਅਫਸਰਾਂ ਨਾਲ ਗੱਲ ਕੀਤੀ ਤੋਪ ਦੀ ਕਾਰਗੁਜ਼ਾਰੀ ਬਾਰੇ, ਸ਼ਾਇਦ ਉਸ ਸਮੇਂ ਅੰਗਰੇਜ਼ਾਂ ਨੂੰ ਵੀ ਇਹ ਅਨੁਮਾਨ ਨਹੀ ਸੀ ਕਿ ਸਿਰਫ ਇੱਕ ਵਾਰ ਚਲਾਉਣ ਤੋਂ ਬਾਅਦ ਸਿੱਖ ਇਸ ਤਰਾਂ ਦੀ ਤੋਪ ਤਿਆਰ ਕਰ ਲੈਣਗੇ । 

ਇਸ ਕਾਰਨ ਉਨ੍ਹਾਂ ਨੇ ਤੋਪ ਚਲਾਉਣ ਦੀ ਆਗਿਆ ਦੇ ਦਿੱਤੀ। ਜਦੋ ਸਰਦਾਰ ਲਹਿਣਾ ਸਿੰਘ ਨੇ ਤੋਪ ਚੱਲਦੀ ਵੇਖੀ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਜਵਾਬ ਦਿੱਤਾ ਕਿ ਤੁਸੀ ਸੰਧੀ ਕਰਕੇ ਵਾਪਸ ਆਓ ਮੈਂ ਲਹੌਰ ਮੁੜਦਾ ਇਸੇ ਸਮੇਂ ਤੇ ਤੁਹਾਡੇ ਆਉਣ ਤੱਕ ਤੋਪ ਤਿਆਰ ਹੋਵੇਗੀ।

...ਤੇ ਉਹੀ ਗੱਲ !

ਮਹਾਰਾਜਾ ਰਣਜੀਤ ਸਿੰਘ ਦੇ ਆਉਣ ਤੱਕ ਉਹ ਤੋਪ ਤਿਆਰ ਸੀ। ਇਕ ਤੋਂ ਬਾਅਦ ਇਕ... ਕੁੱਲ 740 ਤੋਪਾਂ ਅਜਿਹੀਆਂ ਤਿਆਰ ਕੀਤੀਆਂ ਗਈਆਂ। 

ਇਹ ਹੋਣੇ ਚਾਹੀਦੇ ਸੀ ਸਾਡੇ ਹੀਰੋ ਸਾਡੇ ਆਈਡਲ ਪਰ ਅਫ਼ਸੋਸ ਇਹਨਾਂ ਬਾਰੇ ਅਸੀਂ ਜਾਣਦੇ ਤੱਕ ਨਹੀਂ ।


rajwinder kaur

Content Editor

Related News