ਹਾਈ ਕੋਰਟ ’ਚ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਹੋਈ ਸੁਣਵਾਈ, ਜਾਰੀ ਹੋਏ ਇਹ ਹੁਕਮ

03/08/2024 5:51:00 AM

ਪਟਿਆਲਾ/ਸਨੌਰ (ਮਨਦੀਪ ਜੋਸਨ)– ਪੰਜਾਬ-ਹਰਿਆਣਾ ਹਾਈ ਕੋਰਟ ਨੇ ਕਿਸਾਨ ਸ਼ੁਭਕਰਨ ਦੀ ਮੌਤ ਦੇ ਮਾਮਲੇ ਤੇ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਪੁਲਸ ਵਲੋਂ ਕਿਸਾਨਾਂ ’ਤੇ ਵਰਤੇ ਗਏ ਬਲ ਬਾਰੇ ਨਿਆਇਕ ਜਾਂਚ ਕਮੇਟੀ ਬਣਾਈ ਹੈ। ਅੱਜ ਪੰਜਾਬ-ਹਰਿਆਣਾ ਹਾਈ ਕੋਰਟ ’ਚ ਕਿਸਾਨ ਅੰਦੋਲਨ ਸਬੰਧੀ ਪਟੀਸ਼ਨਾਂ ’ਤੇ ਅਦਾਲਤ ’ਚ ਸੁਣਵਾਈ ਹੋਈ। ਇਹ ਕਮੇਟੀ ਇਕ ਮਹੀਨੇ ’ਚ ਸਾਰੇ ਪੱਖਾਂ ਨੂੰ ਵਿਚਾਰ ਕੇ ਤੇ ਸਾਰੇ ਪੱਖਾਂ ਦੀ ਸੁਣਵਾਈ ਕਰਕੇ ਆਪਣੀ ਰਿਪੋਰਟ ਹਾਈ ਕੋਰਟ ਨੂੰ ਸੌਂਪੇਗੀ।

ਇਸ ਸੁਣਵਾਈ ’ਚ ਪੰਜਾਬ ਤੇ ਹਰਿਆਣਾ ਨੇ ਆਪੋ-ਆਪਣਾ ਪੱਖ ਰੱਖਿਆ। ਹਾਈ ਕੋਰਟ ਨੇ ਹਰਿਆਣਾ ਵੱਲੋਂ ਦਿਖਾਈਆਂ ਗਈਆਂ ਕਿਸਾਨਾਂ ਦੀਆਂ ਤਸਵੀਰਾਂ ’ਤੇ ਵੀ ਟਿੱਪਣੀ ਕੀਤੀ। 21 ਫਰਵਰੀ ਨੂੰ ਖਨੌਰੀ ਬਾਰਡਰ ’ਤੇ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਕਥਿਤ ਤੌਰ ’ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ‘ਡਬਲ ਇੰਜਣ’ ਸਰਕਾਰ ’ਚ ਇਨਸਾਫ਼ ਮੰਗਣਾ ਗੁਨਾਹ : ਰਾਹੁਲ

ਹਾਈ ਕੋਰਟ ਨੇ ਇਸ ਮਾਮਲੇ ’ਚ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਦੇ ਇਕ ਰਿਟਾਇਰਡ ਜੱਜ ਦੀ ਪ੍ਰਧਾਨਗੀ ’ਚ 3 ਮੈਂਬਰੀ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ, ਨਾਲ ਹੀ ਕਮੇਟੀ ਇਸ ਬਾਰੇ ਵੀ ਜਾਂਚ ਕਰੇਗੀ ਕਿ ਹਰਿਆਣਾ ਪੁਲਸ ਵਲੋਂ ਕਿਸਾਨਾਂ ’ਤੇ ਵਰਤੇ ਗਏ ਬਲ ਦੀ ਲੋੜ ਸੀ ਜਾਂ ਨਹੀਂ। ਇਸ ’ਚ ਹਰਿਆਣਾ ਤੇ ਪੰਜਾਬ ਦਾ ਏ. ਡੀ. ਜੀ. ਪੀ. ਰੈਂਕ ਦਾ ਇਕ-ਇਕ ਪੁਲਸ ਅਫ਼ਸਰ ਵੀ ਸ਼ਾਮਲ ਹੋਵੇਗਾ। ਕਿਸਾਨ ਵੀ ਕਮੇਟੀ ’ਚ ਆਪਣਾ ਪੱਖ ਰੱਖ ਸਕਦੇ ਹਨ।

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਪੇਸ਼ ਹੋਏ ਵਕੀਲ ਏ. ਪੀ. ਐੱਸ. ਦਿਓਲ ਨੇ ਕਿਹਾ ਕਿ ਇਹ ਰਿੱਟ 27 ਫਰਵਰੀ ਨੂੰ ਪਾਈ ਗਈ ਸੀ। ਉਨ੍ਹਾਂ ਕਿਹਾ ਕਿ 29 ਫਰਵਰੀ ਨੂੰ ਇਸ ਮਾਮਲੇ ਦੀ ਸੁਣਵਾਈ ਸੀ ਤੇ ਇਸ ਤੋਂ ਪਹਿਲਾਂ 28 ਫਰਵਰੀ ਦੀ ਰਾਤ ਨੂੰ 10:45 ਵਜੇ ਸ਼ੁਭਕਰਨ ਸਿੰਘ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ। ਸ਼ੁਭਕਰਨ ਸਿੰਘ ਦੇ ਕਥਿਤ ਕਤਲ ਦੇ ਮਾਮਲੇ ’ਚ ਪੰਜਾਬ ਪੁਲਸ ਨੇ ਧਾਰਾ 302 ਤਹਿਤ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਸੀ। ਉਨ੍ਹਾਂ ਕਿਹਾ ਕਿ ਅਦਾਲਤ ਨੇ ਆਪਣੇ ਹੁਕਮ ’ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਐਡਵਾਂਸ ਨੋਟਿਸ ਮਿਲਣ ’ਤੇ ਹੀ ਪੁਲਸ ਨੇ ਐੱਫ. ਆਈ. ਆਰ. ਦਰਜ ਕੀਤੀ ਹੈ। 7 ਦਿਨਾਂ ਦੀ ਦੇਰੀ ਨੂੰ ਪੁਲਸ ਸਪਸ਼ੱਟ ਨਹੀਂ ਕਰ ਸਕੀ।

ਇਸ ਮੌਕੇ ਗੱਲਬਾਤ ਕਰਦਿਆਂ ਵਕੀਲਾਂ ਨੇ ਕਿਹਾ ਕਿ ਹਾਈ ਕੋਰਟ ਨੇ ਆਪਣੇ ਹੁਕਮ ’ਚ ਕਿਹਾ ਕਿ ਸ਼ੁਭਕਰਨ ਦੀ ਮੌਤ ਪੰਜਾਬ-ਹਰਿਆਣਾ ’ਚੋਂ ਕਿਸ ਦੇ ਅਧਿਕਾਰ ਖ਼ੇਤਰ ’ਚ ਸ਼ੁਭਕਰਨ ਦੀ ਮੌਤ ਹੋਈ ਤੇ ਹਰਿਆਣਾ ਪੁਲਸ ਵਲੋਂ ਕਿਸਾਨਾਂ ’ਤੇ ਵਰਤੇ ਗਏ ਬਲ ਦੀ ਲੋੜ ਸੀ ਜਾਂ ਨਹੀਂ, ਇਸ ਬਾਰੇ ਨਿਆਇਕ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਸ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਰਬੜ ਦੀਆਂ ਗੋਲੀਆਂ ਵਰਤੀਆਂ ਪਰ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਸ਼ੁਭਕਰਨ ਦੇ ਸਰੀਰ ’ਚੋਂ ਨਿਕਲੀਆਂ ਗੋਲੀਆਂ ਲੋਹੇ ਦੀਆਂ ਹਨ। ਇਸ ਦੌਰਾਨ ਹਾਈ ਕੋਰਟ ਨੇ ਕਿਸਾਨਾਂ ਤੇ ਕਿਸਾਨਾਂ ਦੇ ਵਕੀਲ ਨੂੰ ਝਾੜ ਪਾਈ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਸਭ ਵੀਡੀਓਜ਼ ਦੇਖੀਆਂ ਗਈਆਂ ਹਨ, ਜਿਨ੍ਹਾਂ ’ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਵੇਂ ਕੋਈ ਜੰਗ ਚੱਲ ਰਹੀ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News