ਹਾਈ ਕੋਰਟ ਦੇ ਹੁਕਮ ’ਤੇ ਐੱਸ. ਆਈ. ਟੀ. ਦੀ ਜਾਂਚ ’ਚ ਸ਼ਾਮਲ ਹੋਏ ਸਾਬਕਾ ਐੱਸ. ਐੱਸ. ਪੀ. ਵਿਜੀਲੈਂਸ

Sunday, Jul 29, 2018 - 01:14 AM (IST)

ਹਾਈ ਕੋਰਟ ਦੇ ਹੁਕਮ ’ਤੇ ਐੱਸ. ਆਈ. ਟੀ. ਦੀ ਜਾਂਚ ’ਚ ਸ਼ਾਮਲ ਹੋਏ ਸਾਬਕਾ ਐੱਸ. ਐੱਸ. ਪੀ. ਵਿਜੀਲੈਂਸ

ਫਿਰੋਜ਼ਪੁਰ(ਮਲਹੋਤਰਾ, ਕੁਮਾਰ)–ਐੱਸ. ਐੱਸ. ਪੀ. ਵਿਜੀਲੈਂਸ ਤੋਂ ਇਕ ਫਰਦ ਦੇ 20 ਰੁਪਏ ਮੰਗਣ ਤੋਂ ਬਾਅਦ ਪਟਵਾਰੀ  ਖਿਲਾਫ ਭ੍ਰਿਸ਼ਟਾਚਾਰ ਅਧਿਨਿਯਮ ਦੇ ਅਧੀਨ ਮਾਮਲਾ ਦਰਜ ਕਰਨ ਸਬੰਧੀ ਇਨਸਾਫ ਦੀ ਮੰਗ ਕਰ ਰਹੇ ਪਟਵਾਰੀ ਦੀ ਸ਼ਿਕਾਇਤ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਆਈ. ਟੀ. ਗਠਿਤ ਕਰ ਕੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਸਨ। ਇਸ ਜਾਂਚ ਤੋਂ ਬਾਅਦ ਪਟਿਆਲਾ ਦੇ ਸਾਬਕਾ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਐੱਸ. ਆਈ. ਟੀ. ਨੇ ਡੂੰਘੀ ਪੁੱਛਗਿੱਛ ਕੀਤੀ ਸੀ ਤੇ ਵਿਜੀਲੈਂਸ ਦੇ ਸਾਬਕਾ ਐੱਸ. ਐੱਸ. ਪੀ. ਸਮੇਤ ਕੁਝ ਹੋਰ ਪੁਲਸ ਅਧਿਕਾਰੀਆਂ  ਖਿਲਾਫ ਥਾਣਾ ਸਦਰ ਵਿਚ ਪਰਚਾ ਦਰਜ ਕੀਤਾ ਸੀ। ਇਸ ਜਾਂਚ ਦੌਰਾਨ ਸ਼ਰਮਾ ਦੀ ਗ੍ਰਿਫਤਾਰੀ ਲਈ ਪੁਲਸ ਨੇ ਛਾਪੇਮਾਰੀ ਸ਼ੁਰੂ ਕੀਤੀ ਤਾਂ ਸ਼ਰਮਾ ਨੇ ਮਾਣਯੋਗ ਹਾਈ ਕੋਰਟ ਤੋਂ ਅਰੈਸਟ ਵਾਰੰਟ ’ਤੇ ਸਟੇਅ ਲੈ ਲਿਆ ਅਤੇ ਹਾਈ ਕੋਰਟ ਦੇ ਹੁਕਮਾਂ ’ਤੇ ਜਾਂਚ ’ਚ ਸ਼ਾਮਲ ਹੋਣ ਲਈ ਸ਼ਨੀਵਾਰ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋਏ। ਸ਼ਰਮਾ ਤੋਂ ਪੁੱਛਗਿੱਛ ਦੇ ਨਾਂ ’ਤੇ ਸ਼ਨੀਵਾਰ ਪੁਲਸ ਹੈੱਡਕੁਆਰਟਰ ਤੇ ਥਾਣਾ ਸਦਰ ’ਚ ਲੰਬੇ ਸਮੇਂ ਤੱਕ ਡਰਾਮਾ ਚੱਲਦਾ ਰਿਹਾ। ਸ਼ਰਮਾ ਦੇ ਵਕੀਲ ਹਰਦਿਆਲ ਸਿੰਘ ਗਰੇਵਾਲ ਤੇ ਅਜੈ ਚਾਵਲਾ ਨੇ ਦੱਸਿਆ ਕਿ ਮਾਣਯੋਗ ਹਾਈ ਕੋਰਟ ਨੇ ਸ਼ਿਵ ਕੁਮਾਰ ਸ਼ਰਮਾ ਨੂੰ ਜ਼ਿਲਾ ਫਿਰੋਜ਼ਪੁਰ ਪੁਲਸ ਹੈੱਡ ਕੁਆਰਟਰ ਦੇ ਕਮਰਾ ਨੰ. 104 ਵਿਚ ਐੱਸ. ਪੀ. ਹੈੱਡਕੁਆਰਟਰ ਦੇ ਕੋਲ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਤੇ ਇਨ੍ਹਾਂ  ਹੁਕਮਾਂ ਦੇ ਅਨੁਸਾਰ ਸ਼ਰਮਾ ਉਥੇ ਪੁੱਜੇ ਤਾਂ ਐੱਸ. ਪੀ. ਹੈੱਡਕੁਆਰਟਰ ਅਮਰਜੀਤ ਸਿੰਘ ਉਥੇ ਮੌਜੂਦ ਨਹੀਂ ਸਨ। ਸ਼ਿਵ ਕੁਮਾਰ ਸ਼ਰਮਾ ਨੇ ਮੀਡੀਆ ਦੇ ਸਾਹਮਣੇ ਖੁਲਾਸਾ ਕੀਤਾ ਕਿ ਮੋਹਨ ਸਿੰਘ ਪਟਵਾਰੀ ਕੇਸ ’ਚ ਉਨ੍ਹਾਂ ਨੂੰ ਬੇਵਜ੍ਹਾ ਫਸਾਇਆ ਜਾ ਰਿਹਾ ਹੈ।  ਉਨ੍ਹਾਂ  ਨੇ  ਕਿਹਾ  ਕਿ ਇਸ ਮਾਮਲੇ ਦੀ ਪਹਿਲਾਂ ਵੀ ਜਾਂਚ ਹੋ ਚੁੱਕੀ ਹੈ, ਹੁਣ ਤੀਜੀ ਵਾਰ ਮਾਮਲਾ ਜਾਣਬੁੱਝ ਕੇ ਖੋਲ੍ਹਿਆ ਗਿਆ ਹੈ। ਸ਼ਰਮਾ ਨੇ ਦੋਸ਼ ਲਾਏ ਕਿ ਆਪਣੇ ਐੱਸ. ਐੱਸ. ਪੀ. ਵਿਜੀਲੈਂਸ ਕਾਰਜਕਾਲ ਦੌਰਾਨ ਸਾਲ 2007-08 ਦੌਰਾਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਕੁਝ ਚਹੇਤਿਆਂ ਖਿਲਾਫ ਪਰਚੇ ਦਰਜ ਕੀਤੇ ਸਨ। ਇਸੇ ਰੰਜਿਸ਼  ਕਾਰਨ ਦੁਬਾਰਾ ਕਾਂਗਰਸ ਸਰਕਾਰ ਆਉਣ ’ਤੇ ਮੇਰੇ ਵਿਰੁੱਧ ਕੇਸ ਦੀ ਇਨਕੁਆਰੀ ਖੁੱਲ੍ਹਵਾ ਕੇ ਆਈ. ਜੀ. ਨੂੰ ਜਾਂਚ ਦਿੱਤੀ ਗਈ ਹੈ। ਸ਼ਰਮਾ ਨੇ ਕਿਹਾ ਕਿ ਐੱਸ. ਆਈ. ਟੀ.  ਵੱਲੋਂ ਉਨ੍ਹਾਂ ਖਿਲਾਫ ਜੋ ਲੁਕ ਆਊਟ ਵਾਰੰਟ ਜਾਰੀ ਕੀਤਾ ਗਿਆ ਸੀ, ਉਸ ਦੇ ਖਿਲਾਫ ਮਾਣਯੋਗ ਹਾਈ ਕੋਰਟ ਤੋਂ ਅਰੈਸਟ ’ਤੇ ਸਟੇਅ ਲੈਂਦੇ ਹੋਏ ਹਾਈ ਕੋਰਟ ਦੇ ਹੁਕਮਾਂ ’ਤੇ ਖੁਦ ਇਥੇ ਪੇਸ਼ ਹੋਣ  ਆਇਆ  ਹੈ।
ਕੀ ਹੈ ਮਾਮਲਾ?
ਸਾਲ 2009 ’ਚ ਫਤਿਹਗਡ਼੍ਹ ਸਾਹਿਬ ਦੇ ਪਟਵਾਰੀ ਮੋਹਨ ਸਿੰਘ  ਖਿਲਾਫ ਵਿਜੀਲੈਂਸ ਬਿਊਰੋ ਪਟਿਆਲਾ ਦੇ ਸਾਬਕਾ ਐੱਸ. ਐੱਸ. ਪੀ. ਸ਼ਿਵ ਕੁਮਾਰ ਸ਼ਰਮਾ ਨੇ ਪਰਚਾ ਦਰਜ ਕੀਤਾ ਸੀ। ਇਸ ਪਰਚੇ ਨੂੰ ਚੁਣੌਤੀ ਦਿੰਦੇ ਹੋਈ ਮੋਹਨ ਸਿੰਘ ਪਟਵਾਰੀ ਨੇ ਇਸ ਦੀ ਜਾਂਚ ਦੀ ਮੰਗ ਕੀਤੀ, ਜਿਸ ਤੋਂ ਬਾਅਦ 2012 ’ਚ ਜਾਂਚ ਦੇ ਅਾਧਾਰ ’ਤੇ ਥਾਣਾ ਸਦਰ ਫਿਰੋਜ਼ਪੁਰ ’ਚ ਪਰਚਾ ਝੂਠਾ ਪਾਏ ਜਾਣ ਅਤੇ ਪਟਵਾਰੀ ਨਾਲ ਅੱਤਿਆਚਾਰ ਕਰਨ ਦੇ ਦੋਸ਼ਾਂ ਹੇਠ ਸ਼ਿਵ ਕੁਮਾਰ ਸ਼ਰਮਾ ਤੇ ਕੁਝ ਹੋਰ ਪੁਲਸ ਅਧਿਕਾਰੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਅਕਤੂਬਰ 2017 ’ਚ ਪਟਵਾਰੀ ਮੋਹਨ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਇਸ ਮਾਮਲੇ ਦੀ ਦੁਬਾਰਾ ਜਾਂਚ ਕਰਨ ਦੀ ਮੰਗ ਕੀਤੀ ਸੀ, ਜਿਸ ’ਤੇ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਨੇ ਐੱਸ. ਆਈ. ਟੀ. ਦਾ ਗਠਨ ਕਰਨ ਦੇ ਹੁਕਮ ਦਿੱਤੇ। ਐੱਸ. ਆਈ. ਟੀ. ਦੀ ਜਾਂਚ ਵਿਚ ਵੀ ਪਟਵਾਰੀ ਮੋਹਨ ਸਿੰਘ ਕੇਸ ’ਚ ਸ਼ਿਵ ਕੁਮਾਰ ਸ਼ਰਮਾ ਤੇ ਕੁਝ ਹੋਰ ਪੁਲਸ ਅਧਿਕਾਰੀਆਂ ’ਤੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗੇ। ਇਨ੍ਹਾਂ ਦੋਸ਼ਾਂ  ਕਾਰਨ 17 ਜੁਲਾਈ ਨੂੰ ਐੱਸ. ਆਈ. ਟੀ. ਆਮਦਨ ਤੋਂ ਜ਼ਿਆਦਾ ਸੰਪਤੀ ਰੱਖਣ ਦੇ ਮਾਮਲੇ ਵਿਚ ਜੇਲ ’ਚ ਬੰਦ ਸਾਬਕਾ ਐੱਸ. ਐੱਸ. ਪੀ. ਸੁਰਜੀਤ ਸਿੰਘ ਗਰੇਵਾਲ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਲਈ ਫਿਰੋਜ਼ਪੁਰ ਲੈ ਕੇ ਆਈ ਸੀ। ਖਬਰ ਲਿਖੇ ਜਾਣ ਤੱਕ ਥਾਣਾ ਸਦਰ ਪੁਲਸ ਦੇ ਗੇਟ ਇਉਂ ਬੰਦ ਸੀ ਜਿਵੇਂ ਕਿਸੇ ਬਹੁਤ ਸੰਗੀਨ ਅਪਰਾਧੀ ਤੋਂ ਪੁੱਛਗਿੱਛ ਚੱਲ ਰਹੀ ਹੋਵੇ। ਕੋਈ ਵੀ ਪੁਲਸ ਅਧਿਕਾਰੀ ਕੁਝ ਵੀ ਦੱਸਣ ਦੀ ਸਥਿਤੀ ’ਚ ਨਹੀਂ ਹੈ। 


Related News