ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਣ ਨਾਲ ਮੁਸਲਿਮ ਭਾਈਚਾਰੇ ਤੇ ਐਜੂਕੇਸ਼ਨ ਟਰੱਸਟ ਨੇ ਪ੍ਰਗਟਾਇਆ ਰੋਸ

04/29/2018 10:42:55 AM

ਨਾਭਾ (ਜੈਨ)-ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਮਿਤ ਰਾਵਲ ਵੱਲੋਂ ਦਿੱਤੇ ਗਏ ਸਟੇਟਸ-ਕੋ ਮੇਨਟੇਨ ਦੇ ਨਿਰਦੇਸ਼ਾਂ ਦੀਆਂ ਇਥੇ ਸ਼ਰੇਆਮ ਧੱਜੀਆਂ ਉਡਾ ਦਿੱਤੀਆਂ ਗਈਆਂ ਪਰ ਕੋਤਵਾਲੀ ਪੁਲਸ ਨੇ ਸੂਚਨਾ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ, ਜਿਸ ਨਾਲ ਵਕਫ ਬੋਰਡ ਦੇ ਅਧਿਕਾਰੀਆਂ, ਮੁਸਲਿਮ ਭਾਈਚਾਰੇ, ਐਜੂਕੇਸ਼ਨ ਟਰੱਸਟ ਦੇ ਪ੍ਰਬੰਧਕਾਂ ਤੇ ਐੱਸ. ਡੀ. ਹਾਈ ਸਕੂਲ ਮੈਨੇਜਮੈਂਟ ਨੇ ਡੀ. ਜੀ. ਪੀ. ਅਤੇ ਡੀ. ਆਈ. ਜੀ. ਨੂੰ ਸ਼ਿਕਾਇਤਾਂ ਭੇਜ ਕੇ ਰੋਸ ਪ੍ਰਗਟ ਕੀਤਾ ਹੈ। 
ਐੱਸ. ਡੀ. ਹਾਈ ਸਕੂਲ (ਲੜਕਿਆਂ) ਦੇ ਪ੍ਰਧਾਨ ਤੇ ਐਜੂਕੇਸ਼ਨ ਟਰੱਸਟ ਨਾਭਾ ਦੇ ਚੇਅਰਮੈਨ ਜੈਨਿੰਦਰ ਚੌਧਰੀ, ਸੁਖਦੇਵ ਸ਼ਰਮਾ ਤੇ ਹੋਰਨਾਂ ਅਨੁਸਾਰ 1950 ਤੋਂ ਲੈ ਕੇ ਅਗਸਤ 2004 ਤੱਕ ਆਪੋ-ਆਪਣੇ ਖੇਤਰ ਵਿਚ ਪ੍ਰਾਇਮਰੀ ਸਕੂਲ ਚੱਲ ਰਿਹਾ ਸੀ। ਬਰਸਾਤ ਦੌਰਾਨ ਇਮਾਰਤ ਢਹਿ-ਢੇਰੀ ਹੋ ਗਈ ਸੀ, ਜਿਸ ਤੋਂ ਬਾਅਦ ਸਕੂਲ ਦਾ ਪੰਜਾਬ ਵਕਫ ਬੋਰਡ ਨਾਲ ਝਗੜਾ ਸ਼ੁਰੂ ਹੋ ਗਿਆ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ 26 ਅਪ੍ਰੈਲ 2016 ਨੂੰ ਸਟੇਟਸ-ਕੋ ਹੁਕਮ ਦੇ ਦਿੱਤਾ ਗਿਆ ਜੋ ਹੁਣ ਵੀ ਲਾਗੂ ਹੈ ਪਰ ਪਿਛਲੀ ਰਾਤ ਇਮਾਰਤ ਦੇ ਢਹਿ-ਢੇਰੀ ਢਾਂਚੇ ਦੀਆਂ ਦੀਵਾਰਾਂ ਜੇ. ਸੀ. ਬੀ. ਮਸ਼ੀਨ ਨਾਲ ਤੋੜ ਕੇ ਟਰਾਲੀਆਂ ਨਾਲ ਮਲਬਾ ਚੁੱਕਣਾ ਸ਼ੁਰੂ ਕੀਤਾ ਗਿਆ। ਟਰੱਸਟ ਦੇ ਮੁਲਾਜ਼ਮ ਵਲੋਂ ਰੋਕਣ 'ਤੇ ਉਸ ਦਾ ਕੁਟਾਪਾ ਕੀਤਾ ਗਿਆ। ਕੋਤਵਾਲੀ ਪੁਲਸ ਦੇ ਐੱਸ. ਐੱਚ. ਓ. ਨੂੰ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਸਮੇਤ ਸ਼ਿਕਾਇਤ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। 
ਦੂਜੇ ਪਾਸੇ ਮਨਜ਼ੂਰ ਆਲਮ ਸਲਮਾਨੀ ਨੇ ਦੋਸ਼ ਲਾਇਆ ਹੈ ਕਿ ਇਕ ਸਾਬਕਾ ਕੌਂਸਲਰ ਵੱਲੋਂ ਸਫਾਈ ਦੇ ਨਾਂ 'ਤੇ ਐੱਸ. ਡੀ. ਐੱਮ. ਨਾਭਾ ਤੋਂ ਪ੍ਰਵਾਨਗੀ ਲੈ ਕੇ ਇਸ ਪਲਾਟ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਨਾਲ ਮੁਸਲਿਮ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਜਨਾਬ ਸਲਮਾਨੀ ਨੇ ਸਾਰਾ ਮਾਮਲਾ ਪੰਜਾਬ ਵਕਫ ਬੋਰਡ ਦੇ ਧਿਆਨ ਵਿਚ ਲਿਆਂਦਾ। ਬੋਰਡ ਮੈਂਬਰ ਜਨਾਬ ਵਾਹਿਦ ਅਲੀ ਸਲਮਾਨੀ ਨੇ ਐੱਸ. ਐੱਚ. ਓ. ਕੋਤਵਾਲੀ ਨੂੰ ਕਾਰਵਾਈ ਲਈ ਕਿਹਾ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਜ਼ਮੀਨ 'ਤੇ ਪਹਿਲਾਂ ਮਸਜਿਦ ਸੀ। ਹਾਈ ਕੋਰਟ ਵਿਚ ਕੇਸ ਚੱਲ ਰਿਹਾ ਹੈ। ਪੁਲਸ ਨੂੰ ਸੂਚਨਾ ਦੇਣ ਦੇ ਬਾਵਜੂਦ ਸਾਰੀ ਰਾਤ ਕੋਈ ਕਾਰਵਾਈ ਨਹੀਂ ਹੋਈ। ਮੁਸਲਿਮ ਭਾਈਚਾਰੇ ਅਤੇ ਵਕਫ ਬੋਰਡ ਨੇ ਦੋਸ਼ੀ ਲੋਕਾਂ ਖਿਲਾਫ ਵਰਸ਼ਿਪ ਐਕਟ 1991 ਅਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਐੱਸ. ਐੱਚ. ਓ. ਕੋਤਵਾਲੀ ਸੁਖਰਾਜ ਸਿੰਘ ਘੁੰਮਣ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਅਸੀ ਮੌਕੇ 'ਤੇ ਜਾ ਕੇ ਜੇ. ਸੀ. ਬੀ. ਮਸ਼ੀਨ ਨੂੰ ਰੋਕ ਦਿੱਤਾ ਸੀ ਅਤੇ ਮਲਬਾ ਚੁੱਕਣਾ ਬੰਦ ਕਰ ਦਿੱਤਾ ਗਿਆ ਹੈ ਪਰ ਕੋਈ ਮਾਮਲਾ ਦਰਜ ਨਹੀਂ ਕੀਤਾ। ਮਜ਼ੇ ਦੀ ਗੱਲ ਹੈ ਕਿ ਹੁਣ ਦੋਵਾਂ ਧਿਰਾਂ ਨੇ ਹਾਈ ਕੋਰਟ ਵਿਚ ਮਾਣਹਾਨੀ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। 
ਤੀਜੀ ਧਿਰ ਵਾਰਡ ਦੇ ਸਾਬਕਾ ਕੌਂਸਲਰ ਹਰੀ ਸੇਠ ਦਾ ਕਹਿਣਾ ਹੈ ਕਿ ਮੁਹੱਲਾ ਨਿਵਾਸੀਆਂ ਵੱਲੋਂ ਮਲਬਾ ਚੁੱਕ ਕੇ ਸਫਾਈ ਕਰਵਾਈ ਜਾ ਰਹੀ ਸੀ, ਇਸ ਤੋਂ ਵੱਧ ਹੋਰ ਕੁਝ ਵੀ ਨਹੀਂ।


Related News