ਜਲੰਧਰ ਨਗਰ ਨਿਗਮ ਹੋਇਆ ਸਖਤ, ਨਾਜਾਇਜ਼ ਬਿਲਡਿੰਗਾਂ ''ਤੇ ਚੱਲੇਗੀ ਡਿੱਚ

12/12/2019 10:42:03 AM

ਜਲੰਧਰ (ਖੁਰਾਣਾ)— ਨਗਰ ਨਿਗਮ ਪ੍ਰਸ਼ਾਸਨ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਦਰਜ ਇਕ ਪਟੀਸ਼ਨ ਦੇ ਜਵਾਬ 'ਚ ਮਾਣਯੋਗ ਅਦਾਲਤ ਨੂੰ ਲਿਖ ਕੇ ਦਿੱਤਾ ਹੈ ਕਿ ਹਰ ਹਫਤੇ ਡੈਮੋਲੇਸ਼ਨ ਡਰਾਈਵ ਨਿਯਮਤ ਤੌਰ 'ਤੇ ਚਲਾਈ ਜਾਵੇਗੀ। ਨਿਗਮ ਨੇ ਇਹ ਵੀ ਲਿਖ ਕੇ ਦਿੱਤਾ ਹੋਇਆ ਹੈ ਕਿ ਸਾਰੀਆਂ ਨਾਜਾਇਜ਼ ਬਿਲਡਿੰਗਾਂ 'ਤੇ ਕਾਰਵਾਈ ਦਾ ਕੰਮ 6 ਮਹੀਨਿਆਂ 'ਚ ਪੂਰਾ ਕਰ ਦਿੱਤਾ ਜਾਵੇਗਾ। ਇਸ ਨੂੰ ਦੇਖਦੇ ਹੋਏ ਨਿਗਮ ਨੇ ਐਨਫੋਰਸਮੈਂਟ ਟੀਮ ਦਾ ਗਠਨ ਕਰ ਦਿੱਤਾ ਹੈ, ਜਿਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਇਸ ਸ਼ਨੀਵਾਰ ਨੂੰ ਐਨਫੋਰਸਮੈਂਟ ਟੀਮ ਵੱਲੋਂ ਕੁਝ ਨਾਜਾਇਜ਼ ਬਿਲਡਿੰਗਾਂ 'ਤੇ ਡਿੱਚ ਚਲਾਈ ਜਾ ਸਕਦੀ ਹੈ। ਫਿਲਹਾਲ ਨਿਗਮ ਪ੍ਰਬੰਧਨ ਨੇ ਇਸ ਸੂਚੀ ਨੂੰ ਬੇਹੱਦ ਗੁਪਤ ਰੱਖਿਆ ਹੈ ਕਿ ਕਿਹੜੀਆਂ ਬਿਲਡਿੰਗਾਂ 'ਤੇ ਕਾਰਵਾਈ ਕਦੋਂ ਹੋਣੀ ਹੈ।

ਨਾਜਾਇਜ਼ ਬਿਲਡਿੰਗ ਦਾ ਪਤਾ ਨਾ ਹੋਣ ਦੇ ਬਾਵਜੂਦ ਕਮਿਸ਼ਨਰ ਕੋਲੋਂ ਲਏ ਡੈਮੋਲੇਸ਼ਨ ਦੇ ਆਰਡਰ
ਨਿਗਮ ਕਮਿਸ਼ਨਰ ਨੇ ਐੱਮ. ਟੀ. ਪੀ. ਨੂੰ ਨਾਲ ਲੈ ਕੇ ਉਨ੍ਹਾਂ ਨੇ ਨਾਜਾਇਜ਼ ਬਿਲਡਿੰਗਾਂ ਨੂੰ ਦੇਖਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਨ੍ਹਾਂ 'ਤੇ ਆਉਣ ਵਾਲੇ ਦਿਨਾਂ 'ਚ ਕਾਰਵਾਈ ਹੋਣੀ ਹੈ। ਇਸ ਸਿਲਸਿਲੇ 'ਚ ਬੀਤੇ ਦਿਨ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਬਿਲਡਿੰਗ ਬ੍ਰਾਂਚ ਦੇ ਏ. ਟੀ. ਪੀ. ਰਵਿੰਦਰ ਨੂੰ ਚਾਰਜਸ਼ੀਟ ਕੀਤਾ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਜੀ. ਟੀ. ਬੀ. ਨਗਰ ਦੇ ਕਾਰਨਰ 'ਤੇ ਨਾਜਾਇਜ਼ ਤੌਰ 'ਤੇ ਬਣੀ ਬਿਲਡਿੰਗ ਦਾ ਸਹੀ ਪਤਾ ਨਾ ਹੋਣ ਦੇ ਬਾਵਜੂਦ ਕਮਿਸ਼ਨਰ ਕੋਲੋਂ ਉਸ ਦੀ ਡੈਮੋਲੇਸ਼ਨ ਦੇ ਆਰਡਰ ਲੈ ਲਏ।

ਨਿਗਮ ਸੂਤਰਾਂ ਮੁਤਾਬਕ ਬਿਲਡਿੰਗ ਇੰਸਪੈਕਟਰ ਪੂਜਾ ਮਾਨ ਨੇ ਬੀਤੇ ਦਿਨੀਂ ਡੇਅਰੀਆਂ ਵਾਲੇ ਚੌਕ ਕੋਲ ਨਾਜਾਇਜ਼ ਤੌਰ 'ਤੇ ਬਣੀਆ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਸੀ। ਇਨ੍ਹਾਂ ਦੁਕਾਨਾਂ ਉੱਪਰ ਰਿਹਾਇਸ਼ਾਂ ਬਣੀਆਂ ਹੋਈਆਂ ਹਨ ਤੇ ਇਨ੍ਹਾਂ ਦਾ ਰਿਹਾਇਸ਼ੀ ਨਕਸ਼ਾ ਪਾਸ ਹੈ। ਇਸ ਦੇ ਬਾਵਜੂਦ ਸਟਾਫ ਨੇ ਇਨ੍ਹਾਂ ਦੋਵਾਂ ਦੁਕਾਨਾਂ ਦੇ ਡੈਮੋਲੇਸ਼ਨ ਆਰਡਰ ਕਮਿਸ਼ਨਰ ਕੋਲੋ ਸਾਈਨ ਕਰਵਾ ਲਏ। ਇਸੇ ਦੌਰਾਨ ਕਮਿਸ਼ਨਰ ਜਦੋਂ ਨਾਜਾਇਜ਼ ਬਿਲਡਿੰਗ ਦਾ ਮੌਕੇ ਦੇਖ ਰਹੇ ਸਨ ਤਾਂ ਉਨ੍ਹਾਂ ਏ. ਟੀ. ਪੀ. ਰਵਿੰਦਰ ਤੋਂ ਜੀ. ਟੀ. ਬੀ. ਨਗਰ 'ਚ ਬਣੀਆਂ ਦੋ ਦੁਕਾਨਾਂ ਦੀ ਲੋਕੇਸ਼ਨ ਪੁੱਛੀ ਜੋ ਉਹ ਨਹੀਂ ਦੱਸ ਸਕੇ। ਇਸ ਕਾਰਣ ਉਨ੍ਹਾਂ ਨੂੰ ਚਾਰਜਸ਼ੀਟ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਨਾਜਾਇਜ਼ ਬਿਲਡਿੰਗਾਂ ਨੂੰ ਲੈ ਕੇ ਹੋਰ ਅਧਿਕਾਰੀਆਂ 'ਤੇ ਵੀ ਕਾਰਵਾਈ ਹੋ ਸਕਦੀ ਹੈ ਅਤੇ ਇਸ ਮਾਮਲੇ ਵਿਚ ਅਦਾਲਤ ਤੋਂ ਵੀ ਨਿਰਦੇਸ਼ ਆ ਸਕਦੇ ਹਨ।

36 ਦੁਕਾਨਾਂ 'ਤੇ ਜੇਕਰ ਕੰਮ ਸ਼ੁਰੂ ਹੋਇਆ ਤਾਂ ਢਾਹ ਦੇਵਾਂਗੇ
ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਅਟਾਰੀ ਬਾਜ਼ਾਰ 'ਚ ਨਾਜਾਇਜ਼ ਤੌਰ 'ਤੇ ਬਣ ਰਹੀ ਮਾਰਕੀਟ ਬਾਰੇ ਉਨ੍ਹਾਂ ਨੂੰ ਪਹਿਲਾਂ ਸ਼ਿਕਾਇਤਾਂ ਮਿਲ ਚੁੱਕੀਆਂ ਸਨ ਪਰ ਹੁਣ ਸਿਆਸੀ ਦਬਾਅ ਪੈਣਾ ਸ਼ੁਰੂ ਹੋ ਗਿਆ ਹੈ ਕਿ ਉਨ੍ਹਾਂ ਵੱਲ ਦੇਖਣਾ ਹੀ ਨਹੀਂ। ਅਧਿਕਾਰੀਆਂ ਨੇ ਕਿਹਾ ਕਿ ਵਿਧਾਨ ਸਭਾ ਕਮੇਟੀ ਦੇ ਦੌਰੇ ਤੋਂ ਬਾਅਦ ਹੁਣ ਉਥੇ ਦੁਕਾਨਾਂ ਦਾ ਨਿਰਮਾਣ ਸੰਭਵ ਨਹੀਂ, ਫਿਲਹਾਲ ਉਥੇ ਕੰਮ ਬੰਦ ਪਿਆ ਹੈ। ਜੇਕਰ ਉਥੇ ਕੰਮ ਸ਼ੁਰੂ ਹੋਇਆ ਅਤੇ ਇਕ ਵੀ ਇੱਟ ਲਾਈ ਗਈ ਤਾਂ ਡੈਮੋਲੇਸ਼ਨ ਦੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News