ਹਾਈਕੋਰਟ ਦੀ ਦੇਖ-ਰੇਖ ’ਚ ਹੋਵੇ ‘ਪੈਸੇ ਲੈ ਕੇ ਪੁਲਸ ਅਧਿਕਾਰੀਆਂ ਦੀ ਨਿਯੁਕਤੀ ਮਾਮਲੇ’ ਦੀ ਉਚ ਪੱਧਰੀ ਜਾਂਚ : ਚੀਮਾ

Saturday, Dec 11, 2021 - 06:45 PM (IST)

ਹਾਈਕੋਰਟ ਦੀ ਦੇਖ-ਰੇਖ ’ਚ ਹੋਵੇ ‘ਪੈਸੇ ਲੈ ਕੇ ਪੁਲਸ ਅਧਿਕਾਰੀਆਂ ਦੀ ਨਿਯੁਕਤੀ ਮਾਮਲੇ’ ਦੀ ਉਚ ਪੱਧਰੀ ਜਾਂਚ : ਚੀਮਾ

ਚੰਡੀਗੜ੍ਹ : ਪੰਜਾਬ ਦੀ ਕਾਂਗਰਸ ਸਰਕਾਰ ਵਿਚ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਸਾਥੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ’ਤੇ ਪੈਸੇ ਲੈ ਕੇ ਪੁਲਸ ਅਧਿਕਾਰੀਆਂ ਦੀ ਟਰਾਂਸਫ਼ਰ ਪੋਸਟਿੰਗ ਦੇ ਮਾਮਲੇ ’ਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖੀ ਅਤੇ ਮੰਗ ਕੀਤੀ ਕਿ ਮਾਣਯੋਗ ਹਾਈਕੋਰਟ ਦੀ ਦੇਖ਼ ਰੇਖ ਵਿਚ ਇਕ ਉਚ ਪੱਧਰੀ ਜਾਂਚ ਏਜੰਸੀ ਕੋਲੋਂ ਸਮਾਂਬੱਧ ਜਾਂਚ ਕਰਵਾਈ ਜਾਵੇ। ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਕਿ ਇਕ ਮੰਤਰੀ ਆਪਣੇ ਸਾਥੀ ਗ੍ਰਹਿ ਮੰਤਰੀ ’ਤੇ ਪੈਸੇ ਲੈ ਕੇ ਐੱਸ.ਐੱਸ.ਪੀ (ਜ਼ਿਲ੍ਹਾ ਪੁਲਸ ਮੁੱਖੀ) ਨਿਯੁਕਤ ਕਰਨ ਦੇ ਦੋਸ਼ ਲਾ ਰਹੇ ਹਨ। ਪੈਸੇ ਲੈ ਕੇ ਪੁਲਸ ਅਧਿਕਾਰੀਆਂ ਦੀ ਨਿਯੁਕਤੀ ਕਰਨਾ ਦੇਸ਼ ਅਤੇ ਰਾਜ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਰਾਜ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਬੇਹੱਦ ਜ਼ਰੂਰੀ ਹੈ।

ਚੀਮਾ ਨੇ ਕਿਹਾ ਕਿ ਜੇ ਇਸ ਮਾਮਲੇ ਦੀ ਜਾਂਚ ਨਿਰਪੱਖ ਅਤੇ ਸਮਾਂਬੱਧ ਨਹੀਂ ਕੀਤੀ ਗਈ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਕਿਉਂਕਿ ਇਕ ਤਾਂ ਪੰਜਾਬ ਸਰਹੱਦੀ ਰਾਜ ਹੈ ਅਤੇ ਦੂਜੀ ਪਾਸੇ ਰਾਜ ’ਚ ਜਲਦੀ ਹੀ ਵਿਧਾਨ ਸਭਾ ਚੋਣਾ ਹੋਣੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਕਈ ਸਾਲਾਂ ਤੱਕ ‘ਕਾਲ਼ੇ ਦੌਰ’ ਨਾਲ ਲੜਦਾ ਰਿਹਾ ਹੈ। ਭਾਰੀ ਕੀਮਤ ਅਦਾ ਕਰਨ ਤੋਂ ਬਾਅਦ ਸਥਾਪਤ ਹੋਈ ਅਮਨ ਸ਼ਾਂਤੀ ਨੂੰ ਇਨ੍ਹਾਂ ਭ੍ਰਿਸ਼ਟ ਰਾਜਨੀਤਿਕ ਲੋਕਾਂ ਨੂੰ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਹੁਣ ਪੰਜਾਬ ਇਸ ਮੋੜ ’ਤੇ ਖੜ੍ਹਾ ਹੈ ਕਿ ਰਾਜ ਦੇ ਲੋਕ ਇਸ ਤਰ੍ਹਾਂ ਦੇ ਕਿਸੇ ਵੀ ‘ਕਾਲ਼ੇ ਦੌਰ’ ਦਾ ਸਾਹਮਣਾ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਮਾਫੀਆ ਵਿਚ ਸ਼ਾਮਲ ‘ਕਾਲ਼ੀਆਂ ਭੇਡਾਂ’ ਅਤੇ ਉਨ੍ਹਾਂ ਦੇ ਰਾਜਨੀਤਿਕ ਸਰਪ੍ਰਸਤਾਂ ਦੇ ਨਾਂਅ ਪੰਜਾਬ ਦੇ ਲੋਕਾਂ ਸਾਹਮਣੇ ਆਉਣੇ ਚਾਹੀਦੇ ਹਨ।

ਚੀਮਾ ਨੇ ਕਾਂਗਰਸ ਸਰਕਾਰ ’ਤੇ ਮਾਫੀਆ ਨੂੰ ਪ੍ਰਫੁੱਲਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਰਾਜ ਵਿਚ ਮਾਫੀਆ ਰਾਜ ’ਤੇ ਕੰਟਰੋਲ ਕਰਨ ਲਈ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਦੀ ਆਪਸੀ ਲੜਾਈ ਕਾਰਨ ਹੀ ਇਹ ਮੁੱਦਾ ਅੱਜ ਸਭ ਦੇ ਸਾਹਮਣੇ ਆਇਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਚਾਰ ਪੰਜ ਦਿਨ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਬਾਰੇ ਚੁੱਪੀ ਵੱਟੀ ਬੈਠੇ ਹਨ। ਇਨਾਂ ਆਗੂਆਂ ਦੀ ਚੁੱਪੀ ਇਹ ਸਾਬਤ ਕਰਦੀ ਹੈ ਕਿ ਉਚ ਅਧਿਕਾਰੀਆਂ ਦੇ ਵੱਡੇ ਪੈਮਾਨੇ ’ਤੇ ਹੋ ਰਹੇ ਟਰਾਂਸਫ਼ਰ ਪੋਸਟਿੰਗ ਸੱਤਾ ਵਿੱਚ ਬੈਠੇ ਲੋਕਾਂ ਦੇ ਦਸਤਖ਼ਤ ਅਤੇ ਇਸ਼ਾਰੇ ’ਤੇ ਹੀ ਹੋ ਰਹੇ ਹਨ।


author

Gurminder Singh

Content Editor

Related News