ਦਲਿਤ ’ਤੇ ਦਾਅ ਖੇਡ ਕੇ ਹਾਈਕਮਾਨ ਨੇ ਅਕਾਲੀਆਂ ਦੇ ਸਾਹਮਣੇ ਪੇਸ਼ ਕੀਤੀ ਚੁਣੌਤੀ, ‘ਆਪ’ ਨੂੰ ਵੀ ਦਿੱਤਾ ਝਟਕਾ
Monday, Sep 20, 2021 - 04:51 PM (IST)
ਜਲੰਧਰ (ਧਵਨ) : ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣ ਕੇ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਵਾਗਡੋਰ ਸੌਂਪ ਕੇ ਅਕਾਲੀਆਂ ਦੇ ਸਿਆਸੀ ਸਮੀਕਰਨ ਨੂੰ ਵਿਗਾੜ ਦਿੱਤਾ ਹੈ। ਪੰਜਾਬ ’ਚ ਗੈਰ-ਜੱਟ ਸਿੱਖ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾ ਕੇ ਕਾਂਗਰਸ ਦੀ ਲੀਡਰਸ਼ਿਪ ਨੇ ਦਲਿਤ ਭਾਈਚਾਰੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਗਿਆਨੀ ਜ਼ੈਲ ਸਿੰਘ ਤੋਂ ਬਾਅਦ ਚੰਨੀ ਪਹਿਲੇ ਗੈਰ-ਜੱਟ ਸਿੱਖ ਮੁੱਖ ਮੰਤਰੀ ਹੋਣਗੇ। ਪੰਜਾਬ ’ਚ ਜਿਸ ਤਰ੍ਹਾਂ ਅਕਾਲੀਆਂ ਨੇ ਬਸਪਾ ਨਾਲ ਤਾਲਮੇਲ ਕਰ ਕੇ ਕਾਂਗਰਸ ਦੇ ਸਾਹਮਣੇ ਚੁਣੌਤੀਆਂ ਪੈਦਾ ਕੀਤੀਆਂ ਹਨ ਅਤੇ ਦੂਜੇ ਪਾਸੇ ਭਾਜਪਾ ਵੀ ਦਲਿਤ ਵੋਟ ਬੈਂਕ ’ਤੇ ਅੱਖਾਂ ਟਿਕਾਈ ਬੈਠੀ ਸੀ, ਨੂੰ ਵੇਖਦਿਆਂ ਚੰਨੀ ਦੀ ਨਿਯੁਕਤੀ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਹਲਕਿਆਂ ’ਚ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਪੰਜਾਬ ’ਚ ਜੱਟ ਸਿੱਖ ਅਤੇ ਦਲਿਤ ਦਰਮਿਆਨ ਸੰਤੁਲਨ ਬਣਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਦਲਿਤ ਨੇਤਾ ਨੂੰ ਬਿਠਾਇਆ ਗਿਆ ਹੈ ਤਾਂ ਪੰਜਾਬ ਕਾਂਗਰਸ ਦੀ ਵਾਗਡੋਰ ਜੱਟ ਸਿੱਖ ਨਵਜੋਤ ਸਿੰਘ ਸਿੱਧੂ ਦੇ ਹੱਥਾਂ ’ਚ ਹੈ। ਅਕਾਲੀ ਦਲ ਵਲੋਂ ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਨਾਲ ਚੋਣ ਗਠਜੋੜ ਕਰਕੇ ਦੋਆਬਾ ’ਚ ਕਾਂਗਰਸ ਦੇ ਸਾਹਮਣੇ ਚੁਣੌਤੀਆਂ ਪੇਸ਼ ਕੀਤੀਆਂ ਗਈਆਂ ਸਨ, ਦਾ ਜਵਾਬ ਕਾਂਗਰਸ ਹਾਈਕਮਾਨ ਨੇ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਮੌਜੂਦਾ ਘਟਨਾਕ੍ਰਮ ਨੇ ਨਵਜੋਤ ਸਿੱਧੂ ਦਾ ਕੱਦ ਕੈਪਟਨ ਨਾਲੋਂ ਵਧਾਇਆ!
ਦੋਆਬਾ ’ਚ ਦਲਿਤਾਂ ਦੀ ਬਹੁਗਿਣਤੀ ਹੈ ਜੋ ਕਿਸੇ ਵੀ ਪਾਰਟੀ ਦਾ ਸਿਆਸੀ ਸਮੀਕਰਨ ਵਿਗਾੜਣ ਦੀ ਸਮਰੱਥਾ ਰੱਖਦੇ ਹਨ। ਅਜਿਹੀ ਸਥਿਤੀ ’ਚ ਕਾਂਗਰਸ ਦੀ ਲੀਡਰਸ਼ਿਪ ਕੋਲ ਦਲਿਤ ਨੇਤਾ ਨੂੰ ਅੱਗੇ ਲਿਆਉਣ ਤੋਂ ਬਿਨਾਂ ਹੋਰ ਕਈ ਚਾਰਾ ਵੀ ਬਾਕੀ ਨਹੀਂ ਸੀ। ਕਾਂਗਰਸ ਨੇ ਚੰਨੀ ’ਤੇ ਦਾਅ ਖੇਡ ਕੇ ਅਕਾਲੀਆਂ ਨੂੰ ਝਟਕਾ ਦਿੱਤਾ ਹੈ ਜੋ ਬਸਪਾ ਦੇ ਸਹਾਰੇ ਅਗਲੀ ਸਰਕਾਰ ਬਣਾਉਣ ਦਾ ਸੁਪਨਾ ਵੇਖ ਰਹੇ ਸਨ। ਹੁਣ ਉਨ੍ਹਾਂ ਨੂੰ ਆਪਣੀ ਰਣਨੀਤੀ ’ਤੇ ਮੁੜ ਤੋਂ ਵਿਚਾਰ ਕਰਨਾ ਹੋਵੇਗਾ। ਚੰਨੀ ਦੀ ਨਿਯੁਕਤੀ ਹੁੰਦਿਆਂ ਹੀ ਦਲਿਤ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਕਿਉਂਕਿ ਪਹਿਲੀ ਵਾਰ ਕਿਸੇ ਪਾਰਟੀ ਨੇ ਦਲਿਤ ਨੂੰ ਮੁੱਖ ਮੰਤਰੀ ਵਰਗੀ ਅਹਿਮ ਜ਼ਿੰਮੇਵਾਰੀ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਤਾਂ ਇਹ ਵੀ ਪ੍ਰਚਾਰ ਚੱਲ ਪਿਆ ਹੈ ਕਿ ਹੋਰ ਪਾਰਟੀਆਂ ਤਾਂ ਦਲਿਤਾਂ ਨੂੰ ਝਾਂਸੇ ਹੀ ਦਿੰਦੀਆਂ ਹਨ ਜਦੋਂਕਿ ਕਾਂਗਰਸ ਨੇ ਇਕ ਸਾਧਾਰਨ ਪਰਿਵਾਰ ਨਾਲ ਜੁੜੇ ਦਲਿਤ ਨੇਤਾ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪ ਕੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵੀ ਝਟਕਾ ਦਿੱਤਾ ਹੈ। ਇਹ ਪਾਰਟੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਸਿਆਸਤ ਵਿਚ ਉੱਭਰ ਰਹੀ ਹੈ ਅਤੇ ਦਲਿਤਾਂ ਨੂੰ ਆਪਣੇ ਨਾਲ ਜੋੜਨ ਦੇ ਯਤਨਾਂ ’ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : 5 ਤਾਰਾ ਹੋਟਲ ਬਣਿਆ ਰਿਹਾ ਪੰਜਾਬ ਕਾਂਗਰਸ ਦਾ ਸਿਆਸੀ ਗੜ੍ਹ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ