ਸਰਹੱਦ ਨੇੜਿਓਂ 15 ਕਰੋੜ ਰੁਪਏ ਦੀ ਹੈਰੋਇਨ ਬਰਾਮਦ
Friday, Oct 27, 2023 - 06:06 PM (IST)
ਤਰਨਤਾਰਨ/ਖੇਮਕਰਨ (ਰਮਨ ਚਾਵਲਾ, ਗੁਰਮੇਲ, ਅਵਤਾਰ) : ਭਾਰਤੀ ਖੇਤਰ ਵਿਚ ਪਾਕਿਸਤਾਨੀ ਡਰੋਨਾਂ ਵਲੋਂ ਦਸਤਕ ਦਿੱਤੇ ਜਾਣ ਦੀ ਗਤੀਵਿਧੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਡਰੋਨ ਰਾਹੀਂ ਭਰਤੀ ਖੇਤਰ ਵਿਚ ਪੁੱਜੀ 3 ਕਿੱਲੋ 18 ਗ੍ਰਾਮ ਹੈਰੋਇਨ ਨੂੰ ਪੁਲਸ ਅਤੇ ਬੀ.ਐੱਸ.ਐੱਫ ਵਲੋਂ ਤਲਾਸ਼ੀ ਅਭਿਆਨ ਦੌਰਾਨ ਬਰਾਮਦ ਕਰ ਲਿਆ ਗਿਆ। ਜ਼ਿਕਰਯੋਗ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਭਿਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਆਉਂਦੀ ਭਾਰਤ-ਪਾਕਿਸਤਾਨ ਸਰਹੱਦ ਦੇ ਸੈਕਟਰ ਖੇਮਕਰਨ ਵਿਖੇ ਬੀ.ਓ.ਪੀ ਹਰਭਜਨ ਰਾਹੀਂ ਸ਼ੁੱਕਰਵਾਰ ਤੜਕਸਾਰ 3 ਵਜੇ ਡਰੋਨ ਦੇ ਦਾਖਲ ਹੋਣ ਸਬੰਧੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਸਰਹੱਦ ਉੱਪਰ ਤਾਇਨਾਤ 101 ਬਟਾਲੀਅਨ ਅਤੇ ਥਾਣਾ ਖੇਮਕਰਨ ਦੀ ਪੁਲਸ ਹਰਕਤ ਵਿਚ ਆ ਗਈ। ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ ਅਤੇ ਪੁਲਸ ਵਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਜਗਜੀਤ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਮਸਤਗੜ੍ਹ ਦੀ ਫਸਲ ਵਿਚੋਂ 3 ਕਿਲੋ 18 ਗ੍ਰਾਮ ਹੈਰੋਇਨ ਨੂੰ ਬਰਾਮਦ ਕੀਤਾ ਹੈ। ਡੀ.ਐੱਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਥਾਣਾ ਖੇਮਕਰਨ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।