ਢਾਈ ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ
Wednesday, Jan 08, 2020 - 06:12 PM (IST)
ਸੁਲਤਾਨਪੁਰ ਲੋਧੀ,(ਸੋਢੀ) : ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ 510 ਗ੍ਰਾਮ ਹੈਰੋਇਨ ਸਮੇਤ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਛਾਣ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਸੇਚਾਂ ਥਾਣਾ ਸੁਲਤਾਨਪੁਰ ਲੋਧੀ ਵਜੋਂ ਕੀਤੀ ਗਈ ਹੈ । ਸਬ ਡਵੀਜਨ ਸੁਲਤਾਨਪੁਰ ਲੋਧੀ ਦੇ ਡੀ. ਐਸ. ਪੀ. ਸਰਵਨ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜੀ ਗਈ 510 ਗ੍ਰਾਮ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ ਢਾਈ ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਕਤ ਸਮਗੱਲਰ ਕੋਲੋਂ ਨਸ਼ਾ ਕਾਰੋਬਾਰ 'ਚ ਵਰਤੀ ਜਾ ਰਹੀ ਸਵਿੱਫਟ ਕਾਰ ਵੀ ਬਰਾਮਦ ਕੀਤੀ ਗਈ ਹੈ। ਡੀ. ਐਸ. ਪੀ. ਬੱਲ ਨੇ ਦੱਸਿਆ ਕਿ ਅਮਨਦੀਪ
ਉਰਫ ਅਮਨਾ ਦੋ ਦਿਨ ਪਹਿਲਾਂ ਪਿੰਡ ਕਮਾਲਪੁਰ (ਮੋਠਾਂਵਾਲ) ਨੇੜੇ ਪੁਲਸ ਮੁਲਾਜ਼ਮਾਂ ਦੀ ਹੋਈ ਕੁੱਟਮਾਰ 'ਚ ਵੀ ਪੁਲਸ ਨੂੰ ਲੋੜੀਂਦਾ ਸੀ ਕਿਉਂਕਿ ਇਸੇ ਨੇ ਪੁਲਸ
ਮੁਲਾਜ਼ਮਾਂ ਦੀ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਕੀਤੀ ਸੀ । ਉਨ੍ਹਾਂ ਦੱਸਿਆ ਕਿ ਇਸਦਾ ਪਿਤਾ ਆਤਮਾ ਸਿੰਘ ਪਹਿਲਾਂ ਹੀ ਚਾਰ ਸਾਲ ਪਹਿਲਾਂ ਥਾਣਾ ਕਬੀਰਪੁਰ ਵਿਖੇ ਦਰਜ ਹੋਏ ਨਸ਼ਾ ਤਸਕਰੀ ਦੇ ਕੇਸ 'ਚ ਜੇਲ੍ਹ 'ਚ ਬੰਦ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰ ਅਮਨਾ ਖਿਲਾਫ਼ ਪਹਿਲਾਂ ਵੀ ਤਿੰਨ ਵੱਖ-ਵੱਖ ਥਾਣਿਆਂ 'ਚ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ । ਇਹਨਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ । ਇਸ ਮੌਕੇ ਡੀ. ਐਸ. ਪੀ. ਬੱਲ ਨਾਲ ਥਾਣਾ ਸੁਲਤਾਨਪੁਰ ਲੋਧੀ ਦੇ ਮੁਖੀ ਸਰਬਜੀਤ ਸਿੰਘ ਤੇ ਪੁਲਸ ਚੌਕੀ ਮੋਠਾਵਾਲ ਦੇ ਇੰਚਾਰਜ ਗੁਰਦੀਪ ਸਿੰਘ ਏ. ਐਸ. ਆਈ. ਆਦਿ ਵੀ ਮੌਜੂਦ ਸਨ ।