ਹੈਰੋਇਨ ਤਸਕਰਾਂ ਵੱਲੋਂ ਪੁਲਸ ਪਾਰਟੀ ਨੂੰ ਕੁਚਲਣ ਦਾ ਯਤਨ, ਤਿੰਨ ਵਿਰੁੱਧ ਮਾਮਲਾ ਦਰਜ
Sunday, Oct 22, 2017 - 04:18 PM (IST)
ਮੋਗਾ (ਅਜ਼ਾਦ) - ਮੋਗਾ-ਲੁਧਿਆਣਾ ਜੀ. ਟੀ ਰੋਡ 'ਤੇ ਹੋਟਲ ਲੈਂਡਮਾਰਕ ਦੇ ਨੇੜੇ ਪੁਲਸ ਵੱਲੋਂ ਕਥਿਤ ਹੈਰੋਇਨ ਤਸਕਰਾਂ ਨੂੰ ਕਾਬੂ ਕਰਨ ਲਈ ਕੀਤੀ ਨਾਕਾਬੰਦੀ ਦੌਰਾਨ ਕਥਿਤ ਤਸਕਰਾਂ ਨੇ ਪੁਲਸ ਪਾਰਟੀ ਅਤੇ ਉਨਾਂ ਦੇ ਸਹਿਯੋਗੀ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੀ ਗੱਡੀ ਉਨ੍ਹਾਂ 'ਤੇ ਚੜ੍ਹਾ ਦਿੱਤੀ, ਜਿਸ ਨਾਲ ਰਜਿੰਦਰ ਸਿੰਘ ਨਿਵਾਸੀ ਡਰੋਲੀ ਭਾਈ ਬੂਰੀ ਤਰਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਡੀ. ਐਮ. ਸੀ. ਲੁਧਿਆਣਾ ਦਾਖਲ ਕਰਾਉਣਾ ਪਿਆ।
ਕੀ ਹੈ ਸਾਰਾ ਮਾਮਲਾ
ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਉਹ ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿਚ ਮੇਨ ਬਜ਼ਾਰ 'ਚ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਡੀ. ਐਸ. ਪੀ. ਸਿਟੀ ਗੋਬਿੰਦਰ ਸਿੰਘ ਨੇ ਉਸ ਨੂੰ ਆਪਣੇ ਦਫਤਰ ਬੁਲਾ ਕੇ ਜਾਣਕਾਰੀ ਦਿੱਤੀ ਕਿ ਅਮਨਾ, ਬੰਨੀ ਅਤੇ ਲਵਲੀ ਨਿਵਾਸੀ ਪਿੰਡ ਕੋਕਰੀ ਕਲਾਂ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਆਪਣੀ ਬੈਲੋਰੇ ਗੱਡੀ ਰਾਹੀਂ ਪਿੰਡ ਕੋਕਰੀ ਕਲਾਂ ਤੋਂ ਮਹਿਣਾ ਰਾਹੀਂ ਮੋਗਾ ਨੂੰ ਆ ਰਹੇ ਹਨ, ਜਿਸ ਤੇ ਅਸੀਂ ਤੁਰੰਤ ਪੁਲਸ ਪਾਰਟੀ ਸਮੇਤ ਹੋਟਲ ਲੈਂਡ ਮਾਰਕ ਦੇ ਨੇੜੇ ਜੀ. ਟੀ. ਰੋਡ 'ਤੇ ਨਾਕਾਬੰਦੀ ਕੀਤੀ ਜਦੋਂ ਪੁਲਸ ਪਾਰਟੀ ਨੇ ਕਥਿਤ ਤਸਕਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਪੁਲਸ ਪਾਰਟੀ ਨੂੰ ਕੁਚਲਣ ਦੀ ਨੀਅਤ ਨਾਲ ਗੱਡੀ ਉਨਾਂ ਵੱਲ ਸਿੱਧੀ ਕਰ ਦਿੱਤੀ ਪਰ ਪੁਲਸ ਕਰਮਚਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾ ਲਈ। ਇਸ ਦੌਰਾਨ ਕਥਿਤ ਤਸਕਰਾਂ ਨੇ ਰਜਿੰਦਰ ਸਿੰਘ ਰਾਣਾ ਨਿਵਾਸੀ ਡਰੋਲੀ ਭਾਈ ਜੋ ਉਥੇ ਨੇੜੇ ਹੀ ਆਪਣੇ ਮੋਟਰ ਸਾਈਕਲ 'ਤੇ ਬੈਠਾ ਸੀ ਉਸ ਉਪਰ ਗੱਡੀ ਚੜਾ ਦਿੱਤੀ ਜਿਸ ਨਾਲ ਉਹ ਬੂਰੀ ਤਰਾਂ ਨਾਲ ਜ਼ਖਮੀ ਹੋ ਗਿਆ। ਇਸ ਨਾਲ ਉਸਦਾ ਮੋਟਰ ਸਾਈਕਲ ਵੀ ਟੁੱਟ ਗਿਆ। ਕਥਿਤ ਤਸਕਰ ਗੱਡੀ ਸਮੇਤ ਭੱਜਣ ਵਿਚ ਸਫਲ ਹੋ ਗਏ।
ਕੀ ਹੋਈ ਪੁਲਸ ਕਾਰਵਾਈ
ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਤੇ ਆਸ ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਦੇ ਬਾਅਦ ਤਿੰਨਾਂ ਤਸਕਰਾਂ ਖਿਲਾਫ ਜਾਨ ਲੇਵਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਭਾਲ ਕੀਤੀ ਜਾ ਰਹੀ ਹੈ।
