10 ਕਰੋੜ ਦੀ ਹੈਰੋਇਨ ਸਣੇ ਤਸਕਰ ਕਾਬੂ, ਐੱਲ. ਪੀ. ਯੂ. 'ਚ ਕਰਦਾ ਸੀ ਸਪਲਾਈ
Thursday, Nov 29, 2018 - 03:16 PM (IST)

ਖੰਨਾ (ਸੰਜੇ ਗਰਗ, ਬਿਪਨ) : ਖੰਨਾ ਪੁਲਸ ਨੇ ਵੀਰਵਾਰ ਨੂੰ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਇਕ ਵਿਦੇਸ਼ੀ ਤਸਕਰ ਕੋਲੋਂ 10 ਕਰੋੜ ਰੁਪਏ ਮੁੱਲ ਦੀ ਇਕ ਕਿੱਲੋ, 700 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਧਰੁਵ ਦਹੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਸ ਨੇ ਵੀਰਵਾਰ ਨੂੰ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਅਤੇ ਇਸ ਨਾਕਾਬੰਦੀ ਦੌਰਾਨ ਇਕ ਵਿਦੇਸ਼ੀ ਨਾਗਰਿਕ ਓਗਬੋਨਿਆ ਚੁਕਵੇਦੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਹ ਹੈਰੋਇਨ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਉਕਤ ਤਸਕਰ ਨੇ ਦੱਸਿਆ ਕਿ ਉਹ ਇਹ ਹੈਰੋਇਨ ਅਬੂਚੀ ਨਾਈਜੀਰੀਅਨ ਵਾਸੀ ਦਿੱਲੀ ਪਾਸੋਂ ਲਿਆ ਕੇ ਲਵਲ ਪ੍ਰੋਫੈਸ਼ਨਲ ਯੂਨੀਵਰਸਿਟੀ (ਜਲੰਧਰ) ਵਿਖੇ ਸਪਲਾਈ ਕਰਦਾ ਸੀ। ਇਸ ਸਬੰਧੀ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਕਤ ਤਸਕਰ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਇਸ ਸਬੰਧੀ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।