5 ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰ

09/17/2019 8:35:22 PM

ਲੁਧਿਆਣਾ,(ਅਨਿਲ): ਸਪੈਸ਼ਲ ਟਾਸਕ ਫੋਰਸ ਲੁਧਿਆਣਾ ਦੀ ਟੀਮ ਨੇ ਇਕ ਗਿਰੋਹ ਦੇ 2 ਮੈਂਬਰਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਐੱਸ.ਟੀ.ਐੱਫ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਗਊਸ਼ਾਲਾ ਟਿੱਬਾ ਰੋਡ 'ਤੇ 2 ਨਸ਼ਾ ਸਮੱਗਲਰ ਹੈਰੋਇਨ ਦੀ ਇਕ ਵੱਡੀ ਖੇਪ ਲੈ ਕੇ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਹੇ ਹਨ। ਜਿਸ 'ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਤਾਂ ਇਸ ਦੌਰਾਨ ਸਾਹਮਣੇ ਇਕ ਥ੍ਰੀਵੀਲਰ ਨੂੰ ਚੈਕਿੰਗ ਦੇ ਲਈ ਰੋਕਿਆ ਗਿਆ। ਜਿਸ ਵਿਚ ਪਿਛੇ 2 ਵਿਅਕਤੀ ਬੈਠੇ ਹੋਏ ਸਨ। ਜਦ ਪੁਲਸ ਨੇ ਉਕਤ ਦੋਵੇਂ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਸਤਪਾਲ ਸਿੰਘ ਸੱਤਾ 34 ਵਾਸੀ ਕੁਲ ਗਾਹਣਾ ਸਿਧਵਾ ਬੇਟ ਹਾਲ ਵਾਸੀ ਕਿਰਾਏਦਾਰ ਜਸਪਾਲ ਬਾਂਗਰ ਦੇ ਬੈਗ ਵਿਚੋਂ 995 ਗ੍ਰਾਮ ਹੈਰੋਇਨ, ਇਕ ਇਲੈਕਟ੍ਰਾਨਿਕ ਕੰਡਾ, 150 ਖਾਲੀ ਲਿਫਾਫੇ ਬਰਾਮਦ ਕੀਤੇ ਗਏ। ਜਦਕਿ ਦੂਜਾ ਵਿਅਕਤੀ ਸਮਸ਼ੇਰ ਸਿੰਘ ਸੰਨੀ ਵਾਸੀ ਮੁਹੱਲਾ ਗਗਨ ਨਗਰ ਥਾਣਾ ਡਾਬਾ ਦੇ ਪਾਸੋਂ 5 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਰੁਪਏ ਅੰਕੀ ਜਾ ਰਹੀ ਹੈ। ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਐੱਸ.ਟੀ.ਐੱਫ ਮੋਹਾਲੀ ਵਿਚ ਐੱਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਅਲੀ ਕਰੰਸੀ ਦੇ ਕੇ ਖਰੀਦ ਕੇ ਲਿਆਏ ਸੀ ਹੈਰੋਇਨ
ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਦੋਸ਼ੀ ਸਤਪਾਲ ਸਿੰਘ ਪਿਛਨੇ 10 ਸਾਲਾਂ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਹੈ। ਜਦਕਿ ਦੂਜਾ ਦੋਸ਼ੀ ਸਮਸ਼ੇਰ ਸਿੰਘ ਪਿਛਲੇ 2 ਸਾਲ ਤੋਂ ਨਸ਼ਾ ਵੇਚ ਰਿਹਾ ਹੈ। ਦੋਵੇਂ ਨਸ਼ੇ ਦੀ ਆਦੀ ਹਨ ਤੇ ਜਾਅਲੀ ਕਰੰਸੀ ਦੇ ਕੇ ਦਿੱਲੀ ਨਾਈਜੀਰੀਅਨ ਤੋਂ ਖੇਪ ਖਰੀਦ ਕੇ ਲੁਧਿਆਣਾ ਵਿਚ ਅਤੇ ਨੇੜੇ ਦੇ ਇਲਾਕਿਆਂ ਵਿਚ ਸਪਲਾਈ ਕਰਕੇ ਮੋਟਾ ਮੁਨਾਫਾ ਕਮਾਉਣ ਵਾਲੇ ਸਨ।

ਮੁੱਲਾਂਪੁਰ ਦੇ ਹੈਰੀ ਤੇ ਗੈਰੀ ਤੋਂ ਲਿਆਏ ਜਾਅਲੀ ਕਰੰਸੀ
ਹਰਬੰਸ ਨੇ ਦੱਸਿਆ ਕਿ ਦੋਵੇਂ ਨਸ਼ਾ ਸਮੱਗਲਰਾਂ ਨੇ ਦੱਸਿਆ ਕਿ ਮੁੱਲਾਂਪੁਰ ਦੇ ਰਹਿਣ ਵਾਲੇ ਹੈਰੀ ਅਤੇ ਗੈਰੀ ਨਾਮਕ ਵਿਅਕਤੀਆਂ ਤੋਂ ਜਾਅਲੀ ਕਰੰਸੀ ਲੈ ਆਏ ਸਨ। ਜੋ ਇਨਾਂ ਨੂੰ ਇਕ ਲੱਖ ਦੀ ਅਸਲੀ ਕਰੰਸੀ ਦੇ ਬਦਲੇ ਤਿੰਨ ਲੱਖ ਨਕਲੀ ਕਰੰਸੀ ਦਿੰਦੇ ਸਨ। ਐੱਸ.ਟੀ.ਨੇ ਸਪੈਸ਼ਲ ਟੀਮ ਬਣਾ ਕੇ ਨਕਲੀ ਨੋਟ ਬਣਾਉਣ ਵਾਲੇ ਦੋਸ਼ੀਆਂ ਦੀ ਧਰਪਕੜ ਦੇ ਲਈ ਟੀਮਾਂ ਬਣਾ ਭੇਜੀਆਂ ਹਨ। ਜਿਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
 


Related News