ਵੱਡੀ ਖ਼ਬਰ : ਪੰਜਾਬ ਪੁਲਸ ਵੱਲੋਂ ਹੈਰੋਇਨ ਦੀ ਵੱਡੀ ਫੈਕਟਰੀ ਦਾ ਪਰਦਾਫਾਸ਼, 4 ਅਫ਼ਗਾਨੀ ਨਾਗਰਿਕ ਗ੍ਰਿਫ਼ਤਾਰ
Monday, Jul 05, 2021 - 09:01 AM (IST)
ਚੰਡੀਗੜ੍ਹ (ਰਮਨਜੀਤ) : ਹਾਲ ਹੀ ਵਿਚ ਫੜ੍ਹੇ ਗਏ ਇਕ ਹੈਰੋਇਨ ਤਸਕਰ ਤੋਂ ਕੀਤੀ ਗਈ ਪੁੱਛਗਿਛ ਦੇ ਆਧਾਰ ’ਤੇ ਪੰਜਾਬ ਪੁਲਸ ਨੇ ਹੈਰੋਇਨ ਬਣਾਉਣ ਦੀ ਇਕ ਵੱਡੀ ਫੈਕਟਰੀ ’ਤੇ ਛਾਪੇਮਾਰੀ ਕੀਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਊਥ ਇਲਾਕੇ ਦੇ ਇਕ ਘਰ ਵਿਚ ਚੱਲ ਰਹੀ ਇਸ ਫੈਕਟਰੀ ਨੂੰ ਅਫ਼ਗਾਨਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਚਲਾਇਆ ਜਾ ਰਿਹਾ ਸੀ। ਪੁਲਸ ਦੇ ਹੱਥ ਇਸ ਫੈਕਟਰੀ ਵਿਚ ਤਿਆਰ ਕੀਤੀ ਗਈ 17 ਕਿੱਲੋ ਹੈਰੋਇਨ ਵੀ ਲੱਗੀ ਹੈ।
ਉੱਥੇ ਹੀ ਹੈਰੋਇਨ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਕੈਮੀਕਲ ਅਤੇ ਹੋਰ ਸਮਾਨ ਵੀ ਪੁਲਸ ਵੱਲੋਂ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਪੰਜਾਬ ਪੁਲਸ ਦੀ ਇਕ ਵਿਸ਼ੇਸ਼ ਟੀਮ ਵੱਲੋਂ ਇਸ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ। ਸੂਤਰਾਂ ਮੁਤਾਬਕ ਹਾਲ ਹੀ ਵਿਚ ਪਠਾਨਕੋਟ ਪੁਲਸ ਵੱਲੋਂ ਜੰਮੂ-ਕਸ਼ਮੀਰ ਦੇ ਇਕ ਬਾਸ਼ਿੰਦੇ ਨੂੰ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਦਬੋਚਿਆ ਗਿਆ ਸੀ ਅਤੇ ਉਸ ਕੋਲੋਂ ਤਕਰੀਬਨ 5 ਕਿੱਲੋ ਹੈਰੋਇਨ ਫੜ੍ਹੀ ਗਈ ਸੀ। ਉਸ ਤੋਂ ਕੀਤੀ ਗਈ ਪੁੱਛਗਿਛ ਅਤੇ ਸੁਰਾਗਾਂ ਦੇ ਆਧਾਰ ’ਤੇ ਪੁਲਸ ਨੂੰ ਇਸ ਵੱਡੇ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਪਤਾ ਲੱਗਿਆ।
ਪੰਜਾਬ ਪੁਲਸ ਨੇ ਗੁਪਤ ਤਰੀਕੇ ਨਾਲ ਹੈਰੋਇਨ ਮੈਨੂਫੈਕਚਰਿੰਗ ਯੂਨਿਟ ਬਾਰੇ ਸਾਰੀ ਰੇਕੀ ਕਰਨ ਤੋਂ ਬਾਅਦ ਐਤਵਾਰ ਨੂੰ ਛਾਪੇਮਾਰੀ ਕੀਤੀ ਅਤੇ ਮੌਕੇ ’ਤੇ ਹੀ ਹੈਰੋਇਨ ਤਿਆਰ ਕਰਦੇ ਹੋਏ 4 ਅਫ਼ਗਾਨਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਇਹ ਅਫ਼ਗਾਨੀ ਨਾਗਰਿਕ ਭਾਰਤ ਵਿਚ ਡਰਾਈ ਫਰੂਟਸ ਅਤੇ ਹੋਰ ਵਸਤਾਂ ਦਾ ਵਪਾਰ ਕਰਨ ਦੇ ਬਹਾਨੇ ਆਏ ਹੋਏ ਸਨ ਅਤੇ ਸਾਊਥ ਦਿੱਲੀ ਵਿਚ ਆਪਣੇ ਟਿਕਾਣੇ ਬਣਾ ਕੇ ਰਹਿ ਰਹੇ ਸਨ।
ਇਹ ਵੀ ਪੜ੍ਹੋ : ਮੋਹਾਲੀ ਤੋਂ ਗੁਜਰਾਤ ਤੱਕ ਜੁੜੀਆਂ 'ਫਰਜ਼ੀ ਕਾਲ ਸੈਂਟਰ' ਦੀਆਂ ਤਾਰਾਂ, ਜਲਦ ਹੋਵੇਗਾ ਨੈੱਟਵਰਕ ਦਾ ਪਰਦਾਫਾਸ਼
ਕਸ਼ਮੀਰ ਤੋਂ ਲੈ ਕੇ ਮੁੰਬਈ ਤੱਕ ਫੈਲਿਆ ਹੈ ਸਪਲਾਈ ਨੈੱਟਵਰਕ
ਪੰਜਾਬ ਪੁਲਸ ਦੀ ਮੁੱਢਲੀ ਜਾਂਚ ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਇਸ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਨੇ ਕਸ਼ਮੀਰ ਤੋਂ ਲੈ ਕੇ ਮੁੰਬਈ ਤੱਕ ਆਪਣਾ ਸਪਲਾਈ ਨੈੱਟਵਰਕ ਵਿਛਾਇਆ ਹੋਇਆ ਹੈ ਅਤੇ ਸਾਊਥ ਦਿੱਲੀ ਦੀ ਫੈਕਟਰੀ ਵਿਚ ਤਿਆਰ ਕੀਤੀ ਜਾਂਦੀ ਹੈਰੋਇਨ ਨੂੰ ਆਪਣੇ ਗੁਰਗਿਆਂ ਰਾਹੀਂ ਸਾਰੇ ਵੱਡੇ ਸ਼ਹਿਰਾਂ ਵਿਚ ਡਿਮਾਂਡ ਮੁਤਾਬਕ ਸਪਲਾਈ ਕੀਤਾ ਜਾਂਦਾ ਸੀ। ਇਸ ਨੈੱਟਵਰਕ ’ਤੋਂ ਪਰਦਾ ਉੱਠਣ ਤੋਂ ਬਾਅਦ ਕਈ ਸਫ਼ੈਦਪੋਸ਼ਾਂ ਦੇ ਵੀ ਗਿਰੇਬਾਨ ਤੱਕ ਪੰਜਾਬ ਪੁਲਸ ਦਾ ਹੱਥ ਪੁੱਜਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ