294 ਕਿਲੋ ਹੈਰੋਇਨ ਦਾ ਮਾਮਲਾ: ਪ੍ਰਭਜੀਤ ਦਾ ਆਕਾ ਅਜੇ ਵੀ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ
Monday, Jul 19, 2021 - 04:46 PM (IST)
ਅੰਮ੍ਰਿਤਸਰ (ਨੀਰਜ) - ਮੁੰਬਈ ਬੰਦਰਗਾਹ ’ਤੇ ਡੀ. ਆਰ. ਆਈ. ਵੱਲੋਂ ਜ਼ਬਤ ਕੀਤੀ 294 ਕਿਲੋ ਹੈਰੋਇਨ ਦੇ ਮਾਮਲੇ ’ਚ ਸੁਰੱਖਿਆ ਏਜੰਸੀਆਂ ਨੇ ਪ੍ਰਭਜੀਤ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਪਰ ਅਜੇ ਤੱਕ ਪ੍ਰਭਜੀਤ ਦਾ ਆਕਾ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਮਾਮਲੇ ’ਚ ਲਗਾਤਾਰ 14 ਦਿਨਾਂ ਤੱਕ ਪੁੱਛਗਿੱਛ ਕਰਨ ਤੋਂ ਬਾਅਦ ਡੀ. ਆਰ. ਆਈ. ਨੇ ਪ੍ਰਭਜੀਤ ਨੂੰ ਅਦਾਲਤ ਦੇ ਨਿਰਦੇਸ਼ਾਂ ’ਤੇ ਜੇਲ੍ਹ ਭੇਜ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ’ਚ ਅਜੇ ਤੱਕ ਪ੍ਰਭਜੀਤ ਦੇ ਸਿਰਫ਼ 2 ਸਾਥੀ ਹੀ ਗ੍ਰਿਫ਼ਤਾਰ ਹੋਏ ਹਨ ਪਰ ਇੰਨੀ ਵੱਡੀ ਹੈਰੋਇਨ ਦੀ ਖੇਪ ਮੰਗਵਾਉਣਾ ਇਕੱਲੇ ਪ੍ਰਭਜੀਤ ਦੇ ਵਸ ਦੀ ਗੱਲ ਨਹੀਂ ਹੈ।
ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਪ੍ਰਭਜੀਤ ਦੇ ਕੇਸ ਦੀ ਈਮਾਨਦਾਰੀ ਨਾਲ ਜਾਂਚ ਕੀਤੀ ਜਾਵੇ ਤਾਂ ਕਾਲੀਆਂ ਭੇਡਾਂ ਦਾ ਪਤਾ ਲਾਇਆ ਜਾ ਸਕਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਸੇ ਰਾਜਨੀਤਕ ਸ਼ਹਿ ਦੇ ਬਿਨਾਂ ਪ੍ਰਭਜੀਤ ਇੰਨੀ ਵੱਡੀ ਖੇਪ ਨੂੰ ਮੰਗਵਾਉਣ ਦੀ ਹਿੰਮਤ ਨਹੀਂ ਕਰ ਸਕਦਾ ਹੈ। ਪਤਾ ਚਲਿਆ ਹੈ ਕਿ ਪ੍ਰਭਜੀਤ ਦਾ ਇਕ ਭਰਾ ਵੀ ਕੈਨੇਡਾ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ’ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਸੰਕੇਤ ਦਿੰਦਾ ਹੈ ਕਿ ਪ੍ਰਭਜੀਤ ਦੇ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਪੂਰੇ ਸਬੰਧ ਹਨ।
ਹੈਰੋਇਨ ਸਮੱਗਲਿੰਗ ਅਤੇ ਨਾਜਾਇਜ਼ ਹਥਿਆਰਾਂ ਦਾ ਗੜ੍ਹ ਬਣਦਾ ਜਾ ਰਿਹੈ ਮੱਧਪ੍ਰਦੇਸ਼
ਮੱਧਪ੍ਰਦੇਸ਼ ਦਾ ਸ਼ਿਵਪੁਰੀ ਇਲਾਕਾ ਹੈਰੋਇਨ ਸਮੱਗਲਿੰਗ ਅਤੇ ਨਾਜਾਇਜ਼ ਹਥਿਆਰਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਭਾਵੇਂ ਪ੍ਰਭਜੀਤ ਦੇ ਮਾਮਲੇ ’ਚ 294 ਕਿਲੋ ਹੈਰੋਇਨ ਫੜੀ ਗਈ ਹੈ ਜਾਂ ਫਿਰ ਦਿੱਲੀ ਪੁਲਸ ਵੱਲੋਂ 300 ਕਿਲੋ ਹੈਰੋਇਨ ਫੜੀ ਗਈ ਹੈ। ਦੋਵੇਂ ਮਾਮਲਿਆਂ ’ਚ ਮੁੰਬਈ ਬੰਦਰਗਾਹ ਅਤੇ ਵਾਇਆ ਇਰਾਨ ਅਫਗਾਨਿਸਤਾਨ ਤੋਂ ਹੈਰੋਇਨ ਦੀ ਖੇਪ ਆਈ ਹੈ। ਇੰਨਾ ਹੀ ਨਹੀਂ ਹਾਲ ਹੀ ’ਚ ਰਾਜ ਦੀ ਸੁਰੱਖਿਆ ਏਜੰਸੀ ਐੱਸ. ਐੱਸ. ਓ. ਸੀ. ਵੱਲੋਂ ਜੋ 2 ਵਾਰ 49 ਪਿਸਟਲ ਫੜੇ ਗਏ ਹਨ, ਉਸ ਦੇ ਮੁਲਜ਼ਮ ਮੱਧਪ੍ਰਦੇਸ਼ ਤੋਂ ਹੀ ਗ੍ਰਿਫ਼ਤਾਰ ਕੀਤੇ ਗਏ ਹਨ, ਜੋ ਪੰਜਾਬ ਦੇ ਗੈਂਗਸਟਰਾਂ ਨੂੰ ਨਾਜਾਇਜ਼ ਹਥਿਆਰ ਸਪਲਾਈ ਕਰਦੇ ਸਨ।
ਕਈ ਵੱਡੇ ਸਮੱਗਲਰਾਂ ਨੇ ਖਰੀਦ ਰੱਖੀ ਹੈ ਮੱਧਪ੍ਰਦੇਸ਼ ਅਤੇ ਰਾਜਸਥਾਨ ’ਚ ਬੇਨਾਮੀ ਪ੍ਰਾਪਰਟੀ
ਰਾਜਸਥਾਨ ’ਚ ਜ਼ਿਲ੍ਹਾ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਕੁਝ ਵੱਡੇ ਸਮੱਗਲਰਾਂ ਨੇ ਬੇਨਾਮੀ ਪ੍ਰਾਪਰਟੀ ਬਣਾ ਰੱਖੀ ਹੈ। ਤਰਨ ਤਾਰਨ ਦੇ ਪਿੰਡ ਠੱਠੇ ਦੇ ਸਾਬਕਾ ਸਰਪੰਚ ਅਮਨਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਵੀ ਰਾਜਸਥਾਨ ਅਤੇ ਯੂ. ਪੀ. ’ਚ ਬੇਨਾਮੀ ਪ੍ਰਾਪਰਟੀ ਖਰੀਦ ਰੱਖੀ ਸੀ। ਪਿੰਡ ਹਵੇਲੀਆਂ ਦੇ ਸਾਬਕਾ ਸਰਪੰਚ ਅਤੇ ਸਭ ਤੋਂ ਵੱਡੇ ਸਮੱਗਲਰ ਬਲਵਿੰਦਰ ਸਿੰਘ ਬਿੱਲਾ ਨੇ ਵੀ ਕਈ ਸੂਬਿਆਂ ’ਚ ਬੇਨਾਮੀ ਸੰਪਤੀ ਬਣਾ ਰੱਖੀ ਹੈ, ਜਿਸ ਨੂੰ ਜ਼ਬਤ ਨਹੀਂ ਕੀਤਾ ਜਾ ਸਕਿਆ ਹੈ।
ਲੰਮੀ ਕਾਨੂੰਨੀ ਪ੍ਰਕਿਰਿਆ ਛੱਡ ਕੇ ਨੀਲਾਮ ਹੋਣੀ ਚਾਹੀਦੀ ਹੈ ਸਮੱਗਲਰਾਂ ਦੀ ਪ੍ਰਾਪਰਟੀ
ਇਸ ਮਾਮਲੇ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਸਮੱਗਲਰਾਂ ਦੀ ਪ੍ਰਾਪਰਟੀ ਨੂੰ ਸਰਕਾਰ ਨੀਲਾਮ ਕਰ ਸਕਦੀ ਹੈ। ਅਜੇ ਤੱਕ ਜੋ ਵੇਖਿਆ ਗਿਆ ਹੈ, ਉਸ ’ਚ ਸਮੱਗਲਰਾਂ ਦੀ ਪ੍ਰਾਪਰਟੀ ਨੂੰ ਫਰੀਜ਼ ਤਾਂ ਕਰ ਦਿੱਤਾ ਜਾਂਦਾ ਹੈ ਪਰ ਨੀਲਾਮ ਨਹੀਂ ਕੀਤਾ ਜਾਂਦਾ ਹੈ। ਤਰਨ ਤਾਰਨ, ਅੰਮ੍ਰਿਤਸਰ, ਜਲੰਧਰ ਅਤੇ ਹੋਰ ਜ਼ਿਲ੍ਹਿਆਂ ਦੇ ਕਈ ਵੱਡੇ ਸਮੱਗਲਰਾਂ ਦੀ ਪ੍ਰਾਪਰਟੀ ਨੂੰ ਨੀਲਾਮ ਕਰਨ ਦੀ ਪ੍ਰੀਕਿਰਿਆ ਸਾਲਾਂ ਤੋਂ ਪੈਂਡਿੰਗ ਚੱਲ ਰਹੀ ਹੈ।
ਚੀਤੇ ਦੀ ਪ੍ਰਾਪਰਟੀ ਵੀ ਨਹੀਂ ਹੋ ਸਕੀ ਨੀਲਾਮ
ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਰਣਜੀਤ ਸਿੰਘ ਉਰਫ ਚੀਦਾ ਦੀ ਪ੍ਰਾਪਰਟੀ ਨੂੰ ਵੀ ਸਰਕਾਰ ਨੀਲਾਮ ਨਹੀਂ ਕਰ ਸਕੀ ਹੈ। ਜਦੋਂਕਿ ਚੀਤੇ ਨੇ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਇਲਾਕੇ ’ਚ ਕਰੋੜਾਂ ਦੀ ਪ੍ਰਾਪਰਟੀ ਬਣਾ ਰੱਖੀ ਹੈ।