ਆਨ ਡਿਊਟੀ ਹੈਰੋਇਨ ਪੀਂਦੇ ਏ. ਐੱਸ. ਆਈ. ਤੇ ਹੌਲਦਾਰ ਕਾਬੂ ਵੀਡੀਓ ਵਾਇਰਲ

Tuesday, Jul 18, 2017 - 09:21 PM (IST)

ਆਨ ਡਿਊਟੀ ਹੈਰੋਇਨ ਪੀਂਦੇ ਏ. ਐੱਸ. ਆਈ. ਤੇ ਹੌਲਦਾਰ ਕਾਬੂ ਵੀਡੀਓ ਵਾਇਰਲ

ਅੰਮ੍ਰਿਤਸਰ (ਅਰੁਣ) -ਲਾਲ ਮਾਰੂਤੀ ਕਾਰ 'ਚ ਨਸ਼ਾ ਕਰ ਰਹੇ ਪੁਲਸ ਕਰਮਚਾਰੀਆਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦਾ ਸਖਤ ਨੋਟਿਸ ਲੈਂਦੇ ਹੋਏ ਜ਼ਿਲਾ ਅੰਮ੍ਰਿਤਸਰ ਦੇਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦੇ ਹੁਕਮਾਂ 'ਤੇ ਥਾਣਾ ਜੰਡਿਆਲਾ ਦੀ ਪੁਲਸ ਨੇ ਏ. ਐੱਸ. ਆਈ. ਤਰਲੋਚਨ ਸਿੰਘ ਬੈਲਟ ਨੰਬਰ 870  ਤੇ ਹੌਲਦਾਰ ਗੁਰਵਿੰਦਰ ਸਿੰਘ ਬੈਲਟ ਨੰਬਰ 1069 ਦੇ ਖਿਲਾਫ 16 ਜੁਲਾਈ ਨੂੰ ਐੱਨ. ਡੀ. ਪੀ. ਐੱਸ. ਏਕਟ ਦੀ ਧਾਰਾ 27-61-85 ਦੇ ਤਹਿਤ ਮੁਕਦਮਾ ਨੰਬਰ 147/2017 ਦਰਜ ਕਰ ਕੇ ਇਨ੍ਹਾਂ ਨੂੰ ਡਿਊਟੀ ਤੋਂ ਮੁਅੱਤਲ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਹੈ।
ਉਕਤ ਦੋਸ਼ੀਆਂ ਨੂੰ ਪੁਲਸ ਨੇ ਸਥਾਨਕ ਜੇ. ਐੱਮ. ਆਈ. ਸੀ. ਜਗਮਿੰਦਰ ਕੌਰ  ਦੀ ਅਦਾਲਤ 'ਚ ਪੇਸ਼ ਕੀਤਾ। ਅਦਾਲਤ 'ਚ ਮਾਣਯੋਗ ਜੱਜ ਸਾਹਿਬਾ ਨੇ ਇਨ੍ਹਾਂ ਨੂੰ 29 ਜੁਲਾਈ ਤਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਕੇਸ ਦਰਜ ਕਰਨ ਤੋਂ ਪਹਿਲਾਂ ਪੁਲਸ ਨੇ ਦੋਵਾਂ ਕਰਮਚਾਰੀਆਂ ਦੇ ਖੂਨ ਦੇ ਸੈਂਪਲ ਲਏ ਤੇ ਉਨ੍ਹਾਂ ਨੂੰ ਡੋਪ ਟੈਸਟ ਲਈ ਗੁਰੂ ਨਾਨਕ ਦੇਵ ਹਸਪਤਾਲ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ ਭੇਜਿਆ, ਜਿਥੇ ਦੋਵਾਂ ਕਰਮਚਾਰੀਆਂ ਦੀ ਬਲਡ ਟੈਸਟ ਰਿਪੋਰਟ 'ਚ ਨਸ਼ਾ ਕੀਤੇ ਹੋਣ ਦੀ ਪੁਸ਼ਟੀ ਹੋਈ। 
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ?
ਐੱਸ. ਐੱਸ. ਪੀ. ਦੇਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਮਿਲੀ, ਜਿਸ ਦੇ ਆਧਾਰ 'ਤੇ ਦੋਵਾਂ ਦਾ ਡੋਪ ਟੈਸਟ ਕਰਵਾਇਆ ਗਿਆ ਤੇ ਰਿਪੋਰਟ 'ਚ ਨਸ਼ਾ ਆਉਣ 'ਤੇ ਦੋਵਾਂ ਖਿਲਾਫ ਕੇਸ ਦਰਜ ਕਰ ਕੇ ਲਿਆ ਗਿਆ।
ਕੀ ਸੀ ਮਾਮਲਾ?
ਵੀਡੀਓ 'ਚ ਦਿਖਾਇਆ ਗਿਆ ਕਿ ਕਿਵੇਂ ਦੋਵੇਂ ਪੁਲਸ ਕਰਮਚਾਰੀ ਲਾਲ ਗੱਡੀ 'ਚ ਜੀ. ਟੀ. ਰੋਡ 'ਤੇ ਇਕ ਗੁਰੂਦੁਆਰਾ ਸਾਹਿਬ ਦੇ ਨਾਲ ਖਾਲੀ ਜਗ੍ਹਾ 'ਤੇ ਗਏ। ਉਥੇ ਕਾਰ ਇਕ ਸਾਈਡ 'ਤੇ ਖੜੀ ਕਰ ਕੇ ਨਸ਼ਾ ਕਰ ਰਹੇ  ਸਨ। ਇਸੇ ਦੌਰਾਨ ਇਕ ਨੌਜਵਾਨ ਨੇ ਉਨ੍ਹਾਂ ਨੂੰ ਨਸ਼ਾ ਕਰਦਿਆਂ ਦੇਖ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਉਹ ਗੱਡੀ ਨੂੰ ਭਜਾਉਂਦੇ ਹੋਏ ਲੈ ਗਏ। ਇਸ ਤੋਂ ਬਾਅਦ ਨੌਜਵਾਨ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਜਦ ਵੀਡੀਓ ਦੀ ਜਾਂਚ ਪੁਲਸ ਨੇ ਸ਼ੁਰੂ ਕੀਤੀ ਤਾਂ ਮਾਮਲਾ ਦਿਹਾਤੀ ਪੁਲਸ ਦਾ ਨਿਕਲਿਆ।


Related News