ਫਿਰੋਜ਼ਪੁਰ ਤੋਂ ਦੋਸਤਾਂ ਨਾਲ ਬੈਟ ਖ਼ਰੀਦਣ ਆਏ ਨੌਜਵਾਨ ਤੋਂ ਮਿਲੀ ਹੈਰੋਇਨ ਤੇ ਡਰੱਗ ਮਨੀ

Wednesday, Sep 11, 2024 - 07:21 AM (IST)

ਜਲੰਧਰ (ਵਰੁਣ) : ਫਿਰੋਜ਼ਪੁਰ ਤੋਂ ਜਲੰਧਰ ਬੈਟ ਖ਼ਰੀਦਣ ਆਏ ਦੋਸਤਾਂ ਵਿਚੋਂ ਇਕ ਨੌਜਵਾਨ ਤੋਂ ਇਕ ਕਿਲੋ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਮੁਲਜ਼ਮ ਨੌਜਵਾਨ ਨੇ ਦੋਸਤਾਂ ਨੂੰ ਭਿਣਕ ਨਹੀਂ ਲੱਗਣ ਦਿੱਤੀ ਕਿ ਉਹ ਖਰੀਦਦਾਰੀ ਕਰਨ ਦੇ ਨਾਂ ’ਤੇ ਡਰੱਗ ਸਪਲਾਈ ਕਰਨ ਜਲੰਧਰ ਆਇਆ ਹੈ। ਸੀ. ਆਈ. ਏ. ਸਟਾਫ ਨੇ ਥਾਣਾ ਨੰਬਰ 6 ਵਿਚ ਮੁਲਜ਼ਮ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਕੇ ਪੁੱਛਗਿੱਛ ਲਈ ਰਿਮਾਂਡ ਲਿਆ ਹੈ।

ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੂੰ ਇਨਪੁੱਟ ਮਿਲੇ ਸਨ ਕਿ ਫਿਰੋਜ਼ਪੁਰ ਤੋਂ ਇਕ ਨੌਜਵਾਨ ਡਰੱਗ ਦੀ ਸਪਲਾਈ ਕਰਨ ਲਈ ਬੱਸ ਸਟੈਂਡ ਦੇ ਨੇੜੇ ਆ ਰਿਹਾ ਹੈ। ਪੁਲਸ ਨੇ ਤੁਰੰਤ ਬੱਸ ਸਟੈਂਡ ਨੇੜੇ ਟ੍ਰੈਪ ਲਗਾ ਲਿਆ। ਪੁਲਸ ਮੁਤਾਬਕ ਕੂਲ ਰੋਡ ਵੱਲੋਂ ਪੈਦਲ ਆ ਰਹੇ ਨੌਜਵਾਨ ਨੂੰ ਜਦੋਂ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਬੈਗ ਵਿਚੋਂ ਇਕ ਕਿਲੋ ਹੈਰੋਇਨ ਮਿਲੀ। ਇਸਦੇ ਨਾਲ-ਨਾਲ ਬੈਗ ਵਿਚ 4 ਲੱਖ ਰੁਪਏ ਵੀ ਸਨ।

ਪੁੱਛਗਿੱਛ ਵਿਚ ਮੁਲਜ਼ਮ ਨੇ ਖੁਦ ਦਾ ਨਾਂ ਛਿੰਦਾ ਸਿੰਘ ਉਰਫ ਕਾਲਾ ਪੁੱਤਰ ਬਹੁੜ ਸਿੰਘ ਵਾਸੀ ਚੱਕ ਭੰਗੇਵਾਲ ਪਿੰਡ, ਜ਼ਿਲ੍ਹਾ ਫਿਰੋਜ਼ਪੁਰ ਦੱਸਿਆ। ਮੁਲਜ਼ਮ ਨੇ ਮੰਨਿਆ ਕਿ ਬੈਗ ਵਿਚੋਂ ਮਿਲਿਆ ਕੈਸ਼ ਡਰੱਗ ਮਨੀ ਹੈ ਅਤੇ ਉਹ ਫਿਰੋਜ਼ਪੁਰ ਤੋਂ ਹੈਰੋਇਨ ਦੀ ਸਪਲਾਈ ਦੇਣ ਜਲੰਧਰ ਆਇਆ ਸੀ। ਉਥੇ ਹੀ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਆਪਣੇ ਦੋਸਤਾਂ ਨਾਲ ਕਾਰ ਵਿਚ ਜਲੰਧਰ ਬੈਟ ਖਰੀਦਣ ਆਇਆ ਸੀ। ਖਰੀਦਦਾਰੀ ਦੇ ਨਾਂ ’ਤੇ ਉਸਨੇ ਹੈਰੋਇਨ ਦੀ ਡੀਲ ਕਰਨੀ ਸੀ ਅਤੇ ਹੈਰੋਇਨ ਵੇਚ ਕੇ ਵਾਪਸ ਚਲੇ ਜਾਣਾ ਸੀ।

ਜਦੋਂ ਮੁਲਜ਼ਮ ਨੂੰ ਫੜਿਆ ਤਾਂ ਉਸਦੇ ਦੋਸਤ ਵੀ ਹੈਰੋਇਨ ਦੇਖ ਕੇ ਹੈਰਾਨ ਰਹਿ ਗਏ। ਹਾਲਾਂਕਿ ਪੁਲਸ ਨੇ ਮੁਲਜ਼ਮ ਦੇ ਦੋਸਤਾਂ ਨੂੰ ਬੇਕਸੂਰ ਹੋਣ ’ਤੇ ਛੱਡ ਦਿੱਤਾ। ਪੁਲਸ ਨੇ ਰਿਮਾਂਡ ਤੋਂ ਬਾਅਦ ਛਿੰਦਾ ਸਿੰਘ ਦੇ ਫਿਰੋਜ਼ਪੁਰ ਸਥਿਤ ਘਰ ਵਿਚ ਰੇਡ ਵੀ ਕੀਤੀ। ਫਿਲਹਾਲ ਉਥੋਂ ਡਰੱਗ ਬਰਾਮਦ ਹੋਈ ਹੈ ਜਾਂ ਨਹੀਂ, ਇਸਦੀ ਪੁਸ਼ਟੀ ਨਹੀਂ ਹੋ ਸਕੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News