1 ਕਰੋੜ ਤੋਂ ਵੱਧ ਹੈਰੋਇਨ ਸਮੇਤ ਨਾਮੀ ਤਸਕਰ ਗ੍ਰਿਫਤਾਰ

Friday, Sep 06, 2019 - 06:04 PM (IST)

1 ਕਰੋੜ ਤੋਂ ਵੱਧ ਹੈਰੋਇਨ ਸਮੇਤ ਨਾਮੀ ਤਸਕਰ ਗ੍ਰਿਫਤਾਰ

ਸੁਲਤਾਨਪੁਰ ਲੋਧੀ (ਧੀਰ) : ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਨਸ਼ਿਆਂ ਦੇ ਤਸਕਰਾਂ ਖਿਲਾਫ ਛੇੜੀ ਹੋਈ ਮੁਹਿੰਮ ਤਹਿਤ ਅੱਜ ਉਸ ਸਮੇਂ ਹੋਰ ਵੱਡੀ ਸਫਲਤਾ ਮਿਲੀ ਜਦੋਂ ਇਕ ਨਾਮੀ ਤਸਕਰ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਐੱਸ.ਐੱਚ.ਓ ਇੰਸ. ਸਰਬਜੀਤ ਸਿੰਘ ਦੀਆਂ ਹਦਾਇਤਾਂ 'ਤੇ ਏ.ਐੱਸ.ਆਈ ਸੁਰਜੀਤ ਲਾਲ, ਸਿਪਾਹੀ ਵਿਨੋਦ ਕੁਮਾਰ ਆਦਿ ਪੁਲਸ ਪਾਰਟੀ ਨਾਲ ਸੁਲਤਾਨਪੁਰ ਲੋਧੀ ਤੋਂ ਡੱਲਾ ਸਾਹਿਬ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਪੁਲੀ ਡਰੇਨ ਨੇੜੇ ਡੱਲਾ ਫਾਟਕ ਪੁੱਜੀ ਤਾਂ ਡਰੇਨ ਨਾਲੇ ਦੇ ਕੰਢੇ-ਕੰਢੇ ਇਕ ਵਿਅਕਤੀ ਨੂੰ ਆਉਂਦੇ ਵੇਖ ਸ਼ੱਕ ਦੇ ਆਧਾਰ 'ਤੇ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪੂਰਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਸੈਂਚਾ ਦੱਸਿਆ ਜਿਸ ਦੇ ਹੱਥ 'ਚ ਫੜੇ ਮੋਮੀ ਲਿਫਾਫੇ ਨੂੰ ਜਦੋਂ ਪੁਲਸ ਪਾਰਟੀ ਨੇ ਖੋਲ ਕੇ ਚੈੱਕ ਕੀਤਾ ਤਾਂ ਉਸ 'ਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 1 ਕਰੋੜ ਤੋਂ ਵੱਧ ਕੀਮਤ ਹੈ। 

ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਐੱਨ.ਡੀ.ਪੀ ਐਕਟ ਤਹਿਤ ਮੁਕਦਮਾ ਦਰਜ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋਰ ਪੁੱਛਗਿੱਛ ਤੋਂ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਡੀ.ਐੱਸ.ਪੀ ਬੱਲ ਨੇ ਦੱਸਿਆ ਕਿ ਉਕਤ ਮੁਲਜ਼ਮ ਤੇ ਉਸਦੇ ਪਰਿਵਾਰਕ ਮੈਂਬਰ ਵੀ ਨਸ਼ਿਆਂ ਦੇ ਇਸ ਧੰਦੇ 'ਚ ਨਾਲ ਹਨ। ਉਨ੍ਹਾਂ ਦੱਸਿਆ ਕਿ ਇਸ ਖਿਲਾਫ ਪਹਿਲਾਂ ਵੀ ਥਾਣਾ ਸੁਲਤਾਨਪੁਰ ਲੋਧੀ 'ਚ 4 ਕਿੱਲੋ ਅਫੀਮ ਤੇ 520 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਣ ਦੇ ਵੀ ਵੱਖ-ਵੱਖ ਮੁਕਦਮੇ ਦਰਜ ਹਨ। 

ਇਸੇ ਤਰ੍ਹਾਂ ਪੁੱਤਰ ਗੁਰਚਰਨ ਸਿੰਘ ਉਰਫ ਬਿੱਟੂ ਦੇ ਖਿਲਾਫ ਵੀ 520 ਕਿੱਲੋ ਡੋਡਾ ਚੂਰਾ ਪੋਸਤ, 7 ਕਿੱਲੋ 500 ਗ੍ਰਾਮ ਅਫੀਮ, 50 ਬੋਰੀਆਂ ਡੋਡਾ ਚੂਰਾ ਪੋਸਤ, 5 ਕਿੱਲੋ ਹੈਰੋਇਨ ਤੋਂ ਇਲਾਵਾ ਨਸ਼ਿਆਂ ਦੇ ਪਦਾਰਥ ਬਰਾਮਦ ਹੋਣ ਸਬੰਧੀ ਮੁਕੱਦਮੇ ਦਰਜ ਹਨ। ਡੀ.ਐੱਸ.ਪੀ ਬੱਲ ਨੇ ਦੱਸਿਆ ਕਿ ਬੀਤੇ 1 ਮਹੀਨੇ ਤੋਂ ਥਾਣਾ ਸੁਲਤਾਨਪੁਰ ਲੋਧੀ ਵਲੋਂ ਵੱਡੀ ਮਾਤਰਾ 'ਚ ਹੈਰੋਇਨ ਦੀ ਬਰਾਮਦਗੀ 'ਚ ਵੱਡੇ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਪ੍ਰਾਪਤ ਕੀਤੀ ਹੈ ਤੇ ਨਸ਼ਿਆਂ ਦੇ ਮਾਮਲਿਆਂ ਨੂੰ ਕਾਫੀ ਠੱਲ ਪਾਈ ਹੈ।


author

Gurminder Singh

Content Editor

Related News