ਢਾਈ ਕਰੋੜ ਰੁਪਏ ਦੀ ਹੈਰੋਇਨ ਸਣੇ ਇਕ ਕਾਬੂ

11/08/2019 1:26:14 AM

ਸ਼ਾਹਕੋਟ,(ਅਰੁਣ, ਕੁਲਜੀਤ) : ਸ਼ਾਹਕੋਟ ਪੁਲਸ ਨੇ ਢਾਈ ਕਰੋੜ ਰੁਪਏ ਦੀ ਹੈਰੋਇਨ ਨਾਲ ਇਕ ਨਸ਼ਾ ਸਮੱਗਲਰ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਅੱਜ ਪੁਲਸ ਪਾਰਟੀ ਸਣੇ ਬਿੱਲੀ ਚਹਾਰਮੀ ਪਿੰਡ ਨੇੜੇ ਨਾਕੇ 'ਤੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਮਲਸੀਆਂ ਚੌਕੀ ਇੰਚਾਰਜ ਪਾਸੋਂ ਸੂਚਨਾ ਮਿਲੀ ਕਿ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ ਹੈ। ਜਿਸ 'ਤੇ ਉਹ ਪੁਲਸ ਪਾਰਟੀ ਸਣੇ ਪੱਤੀ ਸਾਹਲਾ ਨਗਰ ਫਲਾਈਓਵਰ ਨੇੜੇ ਪੁੱਜੇ ਤਾਂ ਉਕਤ ਵਿਅਕਤੀ ਤੋਂ ਉਸ ਦਾ ਨਾਂ-ਪਤਾ ਪੁੱਛਿਆ ਗਿਆ, ਜਿਸ ਦੀ ਪਛਾਣ ਇਰਸ਼ਾਦ ਅਲੀ ਵਾਸੀ ਸਿਵਲ ਲਾਈਨ ਝਸੀ (ਉੱਤਰ ਪ੍ਰਦੇਸ਼) ਵਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਜਦ ਉਸ ਕੋਲ ਮੌਜੂਦ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਬੈਗ 'ਚੋਂ ਇਕ ਬੈਕ ਰੈਸਟ ਬਰਾਮਦ ਹੋਈ। ਜਿਸ 'ਤੇ ਇਕ ਜੀਪ ਵਾਲਾ ਕਵਰ ਚੜ੍ਹਿਆ ਹੋਇਆ ਸੀ। ਉਕਤ ਕਵਰ ਉਤਾਰ ਕੇ ਜਦ ਬੈਕ ਰੈਸਟ ਕੱਟੀ ਗਈ ਤਾਂ 'ਚੋਂ ਇਕ ਪਲਾਸਟਿਕ ਦਾ ਲਿਫਾਫਾ ਬਰਾਮਦ ਹੋਇਆ। ਥਾਣਾ ਮੁਖੀ ਨੇ ਦੱਸਿਆ ਕਿ ਲਿਫਾਫੇ 'ਚੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੁਲਸ ਵਲੋਂ ਤੁਰੰਤ ਇਰਸ਼ਾਦ ਅਲੀ ਨੂੰ ਗ੍ਰਿਫਤਾਰ ਕਰ ਕੇ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਲਦ ਅਮੀਰ ਬਣਨ ਦੇ ਲਾਲਚ ਨੇ ਬਣਾ ਦਿੱਤਾ ਸਮੱਗਲਰ

ਥਾਣਾ ਮੁਖੀ ਨੇ ਦੱਸਿਆ ਕਿ ਇਰਸ਼ਾਦ ਅਲੀ ਤੋਂ ਕੀਤੀ ਗਈ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਉਹ ਐਨਕਾਂ ਬਣਾਉਣ ਦਾ ਕੰਮ ਕਰਦਾ ਹੈ, ਜਿਸ ਕਾਰਣ ਉਸ ਦਾ ਦਿੱਲੀ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਦਿੱਲੀ ਵਿਚ ਹੀ ਉਸ ਦੀ ਮੁਲਾਕਾਤ ਕੁਝ ਸਮਾਂ ਪਹਿਲਾਂ ਇਕ ਅਫਰੀਕਨ ਨਾਲ ਹੋਈ ਸੀ, ਜਿਸ ਨੇ ਉਸ ਨੂੰ ਜਲਦ ਅਮੀਰ ਬਣਨ ਦਾ ਲਾਲਚ ਦੇ ਕੇ ਇਹ ਕੰਮ ਕਰਨ ਲਈ ਕਿਹਾ। ਉਸ ਨੇ ਦੱਸਿਆ ਕਿ ਇਹ ਕਿੱਟ ਵੀ ਉਸ ਨੂੰ ਉਸ ਅਫਰੀਕਨ ਵਿਅਕਤੀ ਨੇ ਦਿੱਤੀ ਸੀ ਤੇ ਮਲਸੀਆਂ ਪਹੁੰਚ ਕੇ ਇਕ ਮੋਬਾਈਲ 'ਤੇ ਫੋਨ ਕਰ ਕੇ ਆਉਣ ਵਾਲੇ ਵਿਅਕਤੀ ਨੂੰ ਡਲਿਵਰੀ ਦੇਣ ਲਈ ਕਿਹਾ ਗਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵਲੋਂ ਇਰਸ਼ਾਦ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਕਈ ਵੱਡੇ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ 'ਚ ਸਫਲਤਾ ਮਿਲੇਗੀ। 


Related News