ਮੋਗਾ ਪੁਲਸ ਵੱਲੋਂ ਹੈਰੋਇਨ ਅਤੇ ਚੋਰੀ ਦੇ ਛੇ ਮੋਟਰਸਾਈਕਲ ਸਮੇਤ ਇਕ ਕਾਬੂ
Thursday, Mar 07, 2024 - 05:39 PM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਹੈਰੋਇਨ ਦੀ ਸਮੱਗਲਿੰਗ ਕਰਨ ਵਾਲਿਆਂ ਦੇ ਇਲਾਵਾ ਵ੍ਹੀਕਲ ਚੋਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਕੋਟ ਈਸੇ ਖਾਂ ਪੁਲਸ ਨੇ ਦੋਲੇਵਾਲਾ ਨਿਵਾਸੀ ਦਲਜੀਤ ਸਿੰਘ ਨੂੰ ਕਾਬੂ ਕਰਕੇ ਉਸ ਕੋਲੋਂ ਹੈਰੋਇਨ ਅਤੇ ਛੇ ਮੋਟਰ ਸਾਈਕਲ ਬਰਾਮਦ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਧਰਮਕੋਟ ਅਮਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਦੇ ਮੁੱਖ ਅਫਸਰ ਜਸਵਿੰਦਰ ਸਿੰਘ, ਹੌਲਦਾਰ ਨਰਿੰਦਰਜੀਤ ਸਿੰਘ ਅਤੇ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਦੋਲੇਵਾਲਾ ਨਿਵਾਸੀ ਦਲਜੀਤ ਸਿੰਘ ਹੈਰੋਇਨ ਵੇਚਣ ਦੇ ਇਲਾਵਾ ਚੋਰੀ ਦੇ ਮੋਟਰਸਾਈਕਲ ਖਰੀਦ ਕੇ ਉਨ੍ਹਾਂ ਦੇ ਵੱਖ-ਵੱਖ ਪੁਰਜੇ ਕੱਢ ਕੇ ਵੇਚਣ ਦਾ ਆਦੀ ਹੈ। ਇਸ ਦਾ ਘਰ ਪਿੰਡੋਂ ਬਾਹਰ ਖੇਤਾਂ ਵਿਚ ਹੈ। ਜੇਕਰ ਹੁਣੇ ਹੀ ਛਾਪਾਮਾਰੀ ਕੀਤੀ ਜਾਵੇ ਤਾਂ ਇਸ ਕੋਲੋਂ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਹੋ ਸਕਦੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਕਥਿਤ ਮੁਲਜ਼ਮ ਦਲਜੀਤ ਸਿੰਘ ਦੇ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕਰਨ ਤੋਂ ਬਾਅਦ ਦਲਜੀਤ ਸਿੰਘ ਦੇ ਘਰ ਛਾਪਾਮਾਰੀ ਕੀਤੀ ਅਤੇ ਉਸ ਨੂੰ ਜਾ ਦਬੋਚਿਆ। ਉਸ ਕੋਲੋਂ 90 ਗ੍ਰਾਮ ਹੈਰੋਇਨ ਦੇ ਇਲਾਵਾ ਛੇ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ।
ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਉਕਤ ਮੁਲਜ਼ਮ ਨਾਲ ਦੇ ਸਾਥੀਆਂ ਦੇ ਸਬੰਧ ਵਿਚ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਵੀ ਜਾਣਨ ਦਾ ਯਤਨ ਕਰ ਰਹੀ ਹੈ ਕਿ ਉਕਤ ਹੈਰੋਇਨ ਕਿਸ ਕੋਲੋਂ ਖਰੀਦ ਕੀਤੀ ਸੀ ਅਤੇ ਕਿਸ ਨੂੰ ਵਿੱਕਰੀ ਕਰਨੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਚੋਰੀ ਦੇ ਮੋਟਰ ਸਾਈਕਲ ਲੈਣ ਵਾਲਿਆਂ ਦਾ ਵੀ ਪਤਾ ਕੀਤਾ ਜਾ ਰਿਹਾ ਹੈ। ਜਲਦੀ ਹੀ ਉਕਤ ਮਾਮਲੇ ਵਿਚ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।