4 ਕਰੋੜ ਦੀ ਹੈਰੋਇਨ ਸਮੇਤ ਪਤੀ-ਪਤਨੀ ਨੂੰ ਕੀਤਾ ਗ੍ਰਿਫਤਾਰ
Saturday, Jun 27, 2020 - 06:17 PM (IST)
ਲੁਧਿਆਣਾ (ਅਨਿਲ) : ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਪਤੀ-ਪਤਨੀ ਨੂੰ ਚਾਰ ਕਰੋੜ ਦੀ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਟੀ.ਐੱਫ. ਦੇ ਏ.ਆਈ.ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਲੁਹਾਰਾ ਪੁਲ ਵੱਲ ਇਕ ਸਕੂਟਰੀ 'ਤੇ ਇਕ ਵਿਅਕਤੀ ਅਤੇ ਔਰਤ ਹੈਰੋਇਨ ਦੀ ਖੇਪ ਲੈ ਕੇ ਗਾਹਕਾ ਨੂੰ ਸਪਲਾਈ ਕਰਨ ਆ ਰਹੇ ਹਨ ਜਿਸ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ.ਆਈ. ਗੁਰਚਰਨ ਸਿੰਘ ਦੀ ਪੁਲਸ ਪਾਰਟੀ ਨੂੰ ਮੌਕੇ 'ਤੇ ਸਪੈਸ਼ਲ ਨਾਕਾਬੰਦੀ ਲਈ ਭੇਜਿਆ। ਇੱਥੇ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਇਕ ਸਕੂਟਰੀ ਸਵਾਰ ਵਿਅਕਤੀ ਅਤੇ ਔਰਤ ਨੂੰ ਚੈਕਿੰਗ ਲਈ ਰੋਕਿਆ। ਜਦੋਂ ਪੁਲਸ ਨੇ ਉਕਤ ਸਕੂਟਰੀ ਦੀ ਡਿੱਗੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 810 ਗ੍ਰਾਂਮ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 4 ਕਰੋੜ ਦੀ ਕੀਮਤ ਦੱਸੀ ਜਾ ਰਹੀ ਹੈ।
ਪੁਲਸ ਨੇ ਤੁਰੰਤ ਦੋਵਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਪਛਾਣ ਨਮਨ ਗੁਪਤਾ ਰਾਜਾ ਉਮਰ 30 ਸਾਲ ਪੁੱਤਰ ਵਿਜੇ ਕੁਮਾਰ ਅਤੇ ਉਸ ਦੀ ਪਤਨੀ ਪ੍ਰੀਤੀ ਕੋਮਲ ਉਮਰ 26 ਸਾਲ ਵਾਸੀ ਅੰਮ੍ਰਿਤਸਰ ਹਾਲ ਵਾਸੀ ਮੁਹੱਲਾ ਸਵਾਮੀ ਵਿਵੇਕਾਨੰਦ, ਗਿਆਸਪੁਰਾ, ਲੁਧਿਆਣਾ ਵਜੋਂ ਕੀਤੀ ਗਈ ਹੈ ਜਿਨ੍ਹਾਂ ਖ਼ਿਲਾਫ਼ ਮੋਹਾਲੀ ਵਿਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।