ਪੰਜਾਬ ਪੁਲਸ ਦੇ 2 ਮੁਲਾਜ਼ਮ ਤੇ ਇਕ ਮਹਿਲਾ ਹੈਰੋਇਨ ਤੇ ਚਰਸ ਸਣੇ ਗ੍ਰਿਫਤਾਰ

10/19/2019 7:18:35 PM

ਲੁਧਿਆਣਾ,(ਅਨਿਲ): ਇਕ ਪਾਸੇ ਜਿਥੇ ਸੂਬਾ ਸਰਕਾਰ ਨੇ ਪੰਜਾਬ 'ਚ ਨਸ਼ਾ ਖਤਮ ਕਰਨ ਦੀ ਜ਼ਿੰਮੇਵਾਰੀ ਪੰਜਾਬ ਪੁਲਸ ਨੂੰ ਸੌਂਪੀ ਹੋਈ ਹੈ। ਉਥੇ ਹੀ ਦੂਜੇ ਪਾਸੇ ਪੰਜਾਬ ਪੁਲਸ ਦੇ ਹੀ ਕੁੱਝ ਮੁਲਾਜ਼ਮ ਨਸ਼ਿਆਂ ਨੂੰ ਵੇਚ ਕੇ ਪੰਜਾਬ ਪੁਲਸ ਨੂੰ ਬਦਨਾਮ ਕਰ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ 'ਚ ਦੇਖਣ ਨੂੰ ਮਿਲਿਆ ਹੈ ਜਿਥੇ ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੇ ਪੰਜਾਬ ਪੁਲਸ ਦੇ 2 ਮੁਲਾਜ਼ਮਾਂ ਨੂੰ ਹੈਰੋਇਨ ਤੇ ਚਰਸ ਸਮੇਤ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐਸ. ਟੀ. ਐਫ. ਦੀ ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਸੈਂਟਰਲ ਜੇਲ 'ਚ ਕਤਲ ਦੇ ਦੋਸ਼ 'ਚ ਬੰਦ ਇਕ ਦੋਸ਼ੀ ਆਪਣੀ ਪਤਨੀ ਤੇ ਪੰਜਾਬ ਪੁਲਸ ਦੇ 2 ਮੁਲਾਜ਼ਮਾਂ ਦੇ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਚਲਾ ਰਹੇ ਹਨ, ਜਿਸ 'ਤੇ ਐਸ. ਟੀ. ਐਫ. ਨੇ ਸਖ਼ਤ ਕਾਰਵਾਈ ਕਰਦੇ ਹੋਏ ਡੀ. ਸੀ. ਦਫਤਰ ਨੇੜੇ ਪੋਸਟ ਆਫਿਸ ਕੋਲ ਇਕ ਮਹਿਲਾ ਤੇ 2 ਵਿਅਕਤੀਆਂ ਨੂੰ ਐਕਟਿਵਾ ਸਮੇਤ ਕਾਬੂ ਕੀਤਾ। ਜਦ ਪੁਲਸ ਨੇ ਐਕਟਿਵਾ ਦੀ ਤਲਾਸ਼ੀ ਲਈ ਤਾਂ ਉਸ ਦੀ ਡਿੱਕੀ 'ਚੋਂ 12 ਗ੍ਰਾਮ ਹੈਰੋਇਨ ਤੇ 10 ਗ੍ਰਾਮ ਚਰਸ ਬਰਾਮਦ ਕੀਤੀ ਗਈ। ਪੁਲਸ ਵਲੋਂ ਦੋਸ਼ੀਆਂ ਦੀ ਪਛਾਣ ਹੌਲਦਾਰ ਗੁਰਪ੍ਰੀਤ ਸਿੰਘ (46) ਪੁੱਤਰ ਦਲਵੀਰ ਸਿੰਘ ਵਾਸੀ ਅੰਮ੍ਰਿਤਸਰ, ਹੌਲਦਾਰ ਧਰਮਿੰਦਰ ਸਿੰਘ (47) ਪੁੱਤਰ ਮਲ ਸਿੰਘ ਵਾਸੀ ਐਲ ਲਹਿਲ ਕਾਲੋਨੀ ਪਟਿਆਲਾ ਤੇ ਮਹਿਲਾ ਅੰਜੂ ਭਾਰਤੀ (28) ਪਤਨੀ ਬਬੂ ਭਾਰਤੀ ਵਾਸੀ ਵਾਲਮਿਕ ਆਸ਼ਰਮ ਡੋਲੇਵਾਲ ਲੁਧਿਆਣਾ ਦੇ ਰੂਪ 'ਚ ਕੀਤੀ ਗਈ ਹੈ। ਜਿਨ੍ਹਾਂ ਖਿਲਾਫ ਥਾਣਾ ਐਸ. ਟੀ. ਐਫ. ਮੋਹਾਲੀ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।  
 


Related News