ਹੈਰੀਟੇਜ ਤੋਪ ਚੋਰੀ ਕਰਨ ਵਾਲੇ ਗਿਰੋਹ ਦਾ ਰਿਕਾਰਡ ਫਰੋਲਣ ਲੱਗੀ ਪੁਲਸ

Tuesday, May 23, 2023 - 02:45 PM (IST)

ਹੈਰੀਟੇਜ ਤੋਪ ਚੋਰੀ ਕਰਨ ਵਾਲੇ ਗਿਰੋਹ ਦਾ ਰਿਕਾਰਡ ਫਰੋਲਣ ਲੱਗੀ ਪੁਲਸ

ਚੰਡੀਗੜ੍ਹ (ਸੁਸ਼ੀਲ) : ਹੈਰੀਟੇਜ ਸਾਮਾਨ ਚੋਰੀ ਕਰਨ ਵਾਲੇ ਫੜ੍ਹੇ ਗਏ ਗਿਰੋਹ ਦੇ ਮੈਂਬਰਾਂ ਦਾ ਰਿਕਾਰਡ ਪੁਲਸ ਹਾਸਲ ਕਰ ਰਹੀ ਹੈ ਤਾਂ ਜੋ ਪੰਜਾਬ ਸਿਵਲ ਸਕੱਤਰੇਤ ਕੋਲ ਪੰਜਾਬ ਜੀਓ ਮੈੱਸ ਅੰਦਰੋਂ ਤਿੰਨ ਕੁਇੰਟਲ ਦੀ ਹੈਰੀਟੇਜ ਤੋਪ ਦਾ ਕੋਈ ਸੁਰਾਗ ਲੱਗ ਸਕੇ। ਪੁਲਸ ਨੂੰ ਸ਼ੱਕ ਹੈ ਕਿ ਹੈਰੀਟੇਜ ਤੋਪ ਕਿਸੇ ਗਿਰੋਹ ਨੇ ਚੋਰੀ ਕੀਤੀ ਹੈ। ਹੈਰੀਟੇਜ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਨੂੰ ਪਤਾ ਸੀ ਕਿ ਤੋਪ ਵੇਚਣ ’ਤੇ ਮੋਟੀ ਕਮਾਈ ਹੋ ਸਕਦੀ ਹੈ। ਉੱਥੇ ਹੀ, ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਹੈਰੀਟੇਜ ਤੋਪ ਚੋਰੀ ਮਾਮਲੇ ਵਿਚ ਇੰਸਪੈਕਟਰ ਸੁਖਦੀਪ ਦੀ ਅਗਵਾਈ ਵਿਚ ਸਪੈਸ਼ਲ ਟੀਮ ਬਣਾਈ ਹੈ, ਤਾਂ ਕਿ ਪੁਲਸ ਚੋਰੀ ਕਰਨ ਵਾਲਿਆਂ ਦਾ ਸੁਰਾਗ ਲਗਾ ਸਕੇ। ਸੈਕਟਰ-3 ਥਾਣਾ ਪੁਲਸ ਨੇ ਹੈਰੀਟੇਜ ਤੋਪ ਚੋਰੀ ਮਾਮਲੇ ਵਿਚ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਤੋਂ ਜਾਂਚ ਕਰ ਕੇ ਸਾਰੀ ਰਿਪੋਰਟ ਹਾਸਲ ਕਰ ਲਈ ਹੈ। ਇਸ ਦੇ ਅੰਦਰ ਚਾਰ ਤੋਂ ਪੰਜ ਮਈ ਦੀ ਰਾਤ ਤਾਇਨਾਤ ਸੰਤਰੀਆਂ ਸਮੇਤ ਹੋਰ ਸਟਾਫ਼ ਤੋਂ ਪੁੱਛਗਿਛ ਕਰ ਕੇ ਬਿਆਨ ਦਰਜ ਕੀਤੇ ਹੋਏ ਹਨ। ਪੁਲਸ ਹੁਣ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰੇਗੀ। ਪੁਲਸ ਨੂੰ ਸ਼ੱਕ ਹੈ ਕਿ ਹੈਰੀਟੇਜ ਚੋਰੀ ਮਾਮਲੇ ਵਿਚ ਅੰਦਰ ਦਾ ਕੋਈ ਮੁਲਾਜ਼ਮ ਮਿਲਿਆ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਚਾਰ ਤੋਂ ਪੰਜ ਮਈ ਦੀ ਰਾਤ ਨੂੰ ਹੈਰੀਟੇਜ ਤੋਪ ਪੰਜਾਬ ਜੀਓ ਮੈੱਸ ਕੋਲੋਂ ਚੋਰੀ ਹੋ ਗਈ ਸੀ। ਮਾਮਲੇ ਦੀ ਜਾਂਚ ਪਹਿਲਾਂ ਮੈੱਸ ਦੇ ਕਮਾਂਡੈਂਟ ਬਲਵਿੰਦਰ ਨੇ ਕੀਤੀ ਸੀ। 17 ਮਈ ਨੂੰ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। 18 ਮਈ ਨੂੰ ਸੈਕਟਰ-3 ਥਾਣਾ ਪੁਲਸ ਨੇ ਅਣਪਛਾਤੇ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਸੀ।
ਹਾਈਟੈੱਕ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ
ਪੰਜਾਬ ਸਿਵਲ ਸਕੱਤਰੇਤ ਕੋਲ ਪੰਜਾਬ ਜੀਓ ਮੈੱਸ ਅੰਦਰੋਂ ਤਿੰਨ ਕੁਇੰਟਲ ਦੀ ਹੈਰੀਟੇਜ ਤੋਪ ਚੋਰੀ ਹੋਣ ਤੋਂ ਬਾਅਦ ਹਾਈਟੇਕ ਕੈਮਰੇ ਲਗਾਏ ਜਾ ਰਹੇ ਹਨ ਤਾਂ ਕਿ ਅੱਗੇ ਅਜਿਹੀ ਕੋਈ ਵੱਡੀ ਵਾਰਦਾਤ ਨਾ ਹੋ ਸਕੇ। ਪੁਲਸ ਦਾ ਮੰਨਣਾ ਹੈ ਕਿ ਤਿੰਨ ਕੁਇੰਟਲ ਦੀ ਤੋਪ ਲੋਡਿੰਗ ਕਰ ਕੇ ਗੱਡੀ ਵਿਚ ਤਿੰਨ ਤੋਂ ਜ਼ਿਆਦਾ ਚੋਰ ਲੈ ਕੇ ਗਏ ਹਨ। ਪੁਲਸ ਪੰਜਾਬ ਮੈੱਸ ਤੋਂ ਚਾਰੇ ਪਾਸੇ ਜਾਣ ਵਾਲੇ ਮਾਰਗਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਫਰੋਲਣ ਵਿਚ ਲੱਗੀ ਹੈ।
 


author

Babita

Content Editor

Related News