ਸਤਨਾਮ ਨਗਰ ਵਾਸੀਆਂ ਦੀ ਜ਼ਿੰਦਗੀ ਬਣੀ ਨਰਕ

09/16/2017 6:39:45 AM

ਅੰਮ੍ਰਿਤਸਰ, (ਰਮਨ)- ਹਲਕਾ ਸੈਂਟਰਲ ਤੋਂ ਵਾਰਡ-59 ਸਤਨਾਮ ਨਗਰ ਕਾਲੋਨੀ 'ਚ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦਾ ਬਹੁਤ ਬੁਰਾ ਹਾਲ ਹੈ, ਜਿਸ ਕਾਰਨ ਲੋਕ ਇਥੇ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ। ਇਲਾਕਾ ਨਿਵਾਸੀਆਂ ਬਲਰਾਜ ਸਿੰਘ, ਵਿਨੋਦ ਕੁਮਾਰ, ਅਮਰੀਕ ਸਿੰਘ, ਅਜੀਤ ਸਿੰਘ, ਰਵੀ ਕੁਮਾਰ, ਕੰਵਲਜੀਤ ਸਿੰਘ, ਆਸ਼ਾ ਰਾਣੀ, ਮਨਦੀਪ ਕੌਰ, ਪਰਮਜੀਤ ਕੌਰ, ਅਰੁਣਜੀਤ ਕੌਰ, ਜਤਿੰਦਰ ਕੌਰ, ਜੋਤੀ, ਪਰਮਿੰਦਰ ਕੌਰ, ਨੀਨਾ ਤੇ ਰਾਜਵੀਰ ਕੌਰ ਤੋਂ ਇਲਾਵਾ ਹੋਰਨਾਂ ਨੇ ਦੱਸਿਆ ਕਿ ਇਲਾਕੇ ਦੀਆਂ ਗਲੀਆਂ ਕਈ ਸਾਲਾਂ ਤੋਂ ਨਹੀਂ ਬਣੀਆਂ ਤੇ ਸੀਵਰੇਜ ਨੂੰ ਮੇਨ ਲਾਈਨ ਨਾਲ ਨਹੀਂ ਜੋੜਿਆ ਗਿਆ। ਡੇਅਰੀ ਵਾਲਿਆਂ ਵੱਲੋਂ ਸਾਰਾ ਗੋਬਰ ਸੀਵਰੇਜ ਵਿਚ ਪਾ ਦਿੱਤਾ ਗਿਆ, ਜਿਸ ਨਾਲ ਸੀਵਰੇਜ ਬੰਦ ਹੋ ਗਿਆ ਤੇ ਸੀਵਰੇਜ ਦਾ ਸਾਰਾ ਗੰਦਾ ਪਾਣੀ ਲੋਕਾਂ ਦੇ ਘਰਾਂ ਅਤੇ ਗਲੀਆਂ ਵਿਚ ਫੈਲਿਆ ਰਹਿੰਦਾ ਹੈ। ਇਲਾਕੇ ਵਿਚ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ।
ਲੋਕਾਂ ਨੇ ਦੱਸਿਆ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰ ਘਰ ਤੋਂ ਕੂੜਾ ਚੁੱਕਿਆ ਜਾ ਰਿਹਾ ਹੈ ਪਰ ਸੱਚਾਈ ਇਹ ਹੈ ਕਿ ਇਲਾਕਿਆਂ 'ਚ 7 ਦਿਨ ਤੋਂ ਬਾਅਦ ਕੂੜਾ ਚੁੱਕਣ ਵਾਲੀ ਗੱਡੀ ਆਉਂਦੀ ਹੈ, ਉਹ ਵੀ ਅੱਧੇ ਇਲਾਕੇ ਦਾ ਕੂੜਾ ਚੁੱਕਦੀ ਹੈ, ਜਿਸ ਨਾਲ ਸਾਰਾ ਕੂੜਾ ਪਲਾਟਾਂ ਵਿਚ ਭਰਿਆ ਪਿਆ ਹੈ, ਜਿਸ ਕਾਰਨ ਮੱਛਰਾਂ ਦੀ ਭਰਮਾਰ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ 22 ਸਾਲ ਤੋਂ ਇਲਾਕੇ ਵਿਚ ਕਿਸੇ ਨੇਤਾ ਨੇ ਸੁੱਧ ਨਹੀਂ ਲਈ, ਹਰ ਵਾਰ ਚੋਣਾਂ 'ਚ ਲੀਡਰ ਵੋਟਾਂ ਲੈਣ ਲਈ ਵਾਅਦੇ ਕਰ ਜਾਂਦੇ ਹਨ ਅਤੇ ਜਿੱਤਣ ਤੋਂ ਬਾਅਦ ਕੋਈ ਵੀ ਆਪਣਾ ਚਿਹਰਾ ਇਨ੍ਹਾਂ ਇਲਾਕਿਆਂ ਵਿਚ ਨਹੀਂ ਦਿਖਾਉਂਦਾ। ਉਨ੍ਹਾਂ ਕਿਹਾ ਕਿ ਅੱਜ ਸਤਨਾਮ ਨਗਰ ਦਾ ਸਾਰਾ ਇਲਾਕਾ ਨਰਕ ਦਾ ਜੀਵਨ ਬਤੀਤ ਕਰ ਰਿਹਾ ਹੈ। ਇਸ ਨੂੰ ਲੈ ਕੇ ਕੌਂਸਲਰ ਨੂੰ ਕਈ ਵਾਰ ਕਿਹਾ ਪਰ ਉਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਗਿਆ, ਜਿਸ ਨਾਲ ਸਾਰੇ ਇਲਾਕੇ ਦਾ ਹਾਲ-ਬੇਹਾਲ ਪਿਆ ਹੈ।


Related News