ਕਚਹਿਰੀਆਂ ''ਚ ਅਸ਼ਟਾਮਾਂ ਦੀ ਭਾਰੀ ਕਮੀ

Wednesday, Aug 02, 2017 - 01:00 PM (IST)

ਰੂਪਨਗਰ - ਸਥਾਨਕ ਮਿੰਨੀ ਸਕੱਤਰੇਤ ਅਤੇ ਜ਼ਿਲਾ ਕਚਹਿਰੀਆਂ 'ਚ ਅਦਾਲਤੀ ਟਿਕਟਾਂ ਤੇ ਅਸ਼ਟਾਮਾਂ ਦੀ ਭਾਰੀ ਕਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰੇ ਸ਼ਹਿਰ 'ਚ ਕੇਵਲ ਦੋ ਅਸ਼ਟਾਮ ਫਰੋਸ਼ ਕੰਮ ਚਲਾ ਰਹੇ ਹਨ। ਮਿੰਨੀ ਸਕੱਤਰੇਤ ਤੇ ਜ਼ਿਲਾ ਕਚਹਿਰੀਆਂ 'ਚ ਜ਼ਿਲੇ ਭਰ ਤੋਂ ਲੋਕ ਰੋਜ਼ਾਨਾ ਅਦਾਲਤੀ ਤੇ ਸਰਕਾਰੀ ਕੰਮਕਾਜ ਲਈ ਆਉਂਦੇ ਹਨ ਜਦਕਿ ਲੋਕਾਂ ਨੂੰ ਸਰਕਾਰੀ ਦਫਤਰਾਂ 'ਚ ਅਸ਼ਟਾਮ ਭਰਨੇ ਪੈਂਦੇ ਹਨ, ਜੋ ਕਿ ਜ਼ਰੂਰੀ ਹੁੰਦਾ ਹੈ। ਜ਼ਿਲਾ ਕਚਹਿਰੀਆਂ 'ਚ ਸਰਕਾਰ ਦੁਆਰਾ ਕੇਵਲ ਇਕ ਅਸ਼ਟਾਮ ਫਰੋਸ਼ ਕੰਮ ਕਰ ਰਿਹਾ ਹੈ, ਜੋ ਕਿ ਸਾਰੇ ਲੋਕਾਂ ਨੂੰ ਟਿਕਟਾਂ ਤੇ ਅਸ਼ਟਾਮ ਮੁਹੱਈਆ ਨਹੀਂ ਕਰਵਾ ਸਕਦਾ। ਉਸ ਦੇ ਕੋਲ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਇਕ ਅਸ਼ਟਾਮ ਫਰੋਸ਼ ਸ਼ਹਿਰ 'ਚ ਨਗਰ ਕੌਂਸਲ ਮਾਰਕੀਟ 'ਚ ਕੰਮ ਕਰਦਾ ਹੈ। ਉਸ ਕੋਲ ਵੀ ਹਰ ਸਮੇਂ ਭਾਰੀ ਭੀੜ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਸ਼ਹਿਰ 'ਚ ਘੱਟ ਤੋਂ ਘੱਟ 10 ਅਸ਼ਟਾਮ ਫਰੋਸ਼ ਹੋਣੇ ਚਾਹੀਦੇ ਹਨ ਤਾਂ ਕਿ ਸਹੀ ਢੰਗ ਨਾਲ ਕੰਮ ਹੋ ਸਕੇ। ਪਤਾ ਲੱਗਾ ਹੈ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਤੋਂ ਪਹਿਲਾਂ ਕੁਝ ਕਾਰਨਾਂ ਕਰ ਕੇ 6 ਅਸ਼ਟਾਮ ਫਰੋਸ਼ਾਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ।
ਕੀ ਕਹਿੰਦੇ ਹਨ ਅਸ਼ਟਾਮ ਫਰੋਸ਼

ਇਸ ਸਬੰਧੀ ਮਿੰਨੀ ਸਕੱਤਰੇਤ 'ਚ ਅਸ਼ਟਾਮ ਫਰੋਸ਼ ਵਿਕਰੇਤਾ ਅਨਿਲ ਧਵਨ ਨੇ ਦੱਸਿਆ ਕਿ ਸਿਰਫ ਉਨ੍ਹਾਂ ਦੇ ਕੋਲ ਹੀ ਅਸ਼ਟਾਮ ਵਿਕਰੀ ਦਾ ਲਾਇਸੈਂਸ ਹੋਣ ਕਾਰਨ ਅਕਸਰ ਲੋਕਾਂ ਦੀ ਭੀੜ ਉਨ੍ਹਾਂ ਕੋਲ ਲੱਗੀ ਰਹਿੰਦੀ ਹੈ ਜਦੋਂਕਿ ਪਹਿਲਾਂ ਕਚਹਿਰੀ 'ਚ ਕਈ ਅਸ਼ਟਾਮ ਫਰੋਸ਼ ਵਿਕਰੇਤਾ ਬੈਠਦੇ ਸਨ।
ਕੇਵਲ 2 ਅਸ਼ਟਾਮ ਫਰੋਸ਼ ਵਿਕਰੇਤਾਵਾਂ ਨੂੰ ਜਾਰੀ ਹਨ ਲਾਇਸੈਂਸ

ਇਸ ਸਬੰਧੀ ਜ਼ਿਲਾ ਮਾਲ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਰੂਪਨਗਰ 'ਚ ਕੇਵਲ ਦੋ ਅਸ਼ਟਾਮ ਫਰੋਸ਼ ਵਿਕਰੇਤਾਵਾਂ ਨੂੰ ਲਾਇਸੈਂਸ ਜਾਰੀ ਹੋਏ ਹਨ, ਜਿਸ 'ਚ ਇਕ ਅਸ਼ਟਾਮ ਫਰੋਸ਼ ਅਨਿਲ ਧਵਨ ਸਥਾਨਕ ਮਿੰਨੀ ਸਕੱਤਰੇਤ ਵਿਚ ਜਦੋਂਕਿ ਇਕ ਅਸ਼ਟਾਮ ਫਰੋਸ਼ ਕੁਲਦੀਪ ਸਿੰਘ ਨਗਰ ਕੌਂਸਲ ਦੇ ਨੇੜੇ ਅਸ਼ਟਾਮ ਵੇਚਦੇ ਹਨ।


Related News