ਪੰਜਾਬ ਵਾਸੀਆਂ ਨੂੰ ਸ਼ੁੱਕਰਵਾਰ ਤਕ ਮਿਲ ਸਕੇਗੀ ਗਰਮੀ ਤੋਂ ਰਾਹਤ
Tuesday, May 21, 2019 - 09:32 PM (IST)

ਚੰਡੀਗੜ੍ਹ, (ਯੂ. ਐੱਨ. ਆਈ.)— ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰੀ ਪੱਛਮੀ ਭਾਰਤ ਵਿਚ ਆਉਂਦੇ 2 ਦਿਨਾਂ ਦੌਰਾਨ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿਚ 24 ਮਈ ਨੂੰ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਨਾਲ ਹੀ ਹਨੇਰੀਆਂ, ਝੱਖੜ ਵੀ ਝੁੱਲ ਸਕਦੇ ਹਨ। ਮੌਸਮ ਵਿਭਾਗ ਵਲੋਂ ਪ੍ਰਗਟਾਈ ਗਈ ਇਸ ਸੰਭਾਵਨਾ ਕਾਰਨ ਕਿਸਾਨਾਂ ਵਿਚ ਚਿੰਤਾ ਪੈਦਾ ਹੋ ਗਈ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਵੈਸਟਰਨ ਡਿਸਟਰਬੈਂਸ ਕਾਰਨ ਆਉਂਦੇ 2-3 ਦਿਨ ਮੌਸਮ ਖਰਾਬ ਹੀ ਰਹੇਗਾ। 22 ਤੇ 23 ਮਈ ਨੂੰ ਹਿਮਾਚਲ ਵਿਚ ਬਹੁਤ ਥਾਵਾਂ 'ਤੇ ਮੀਂਹ ਪਏਗਾ। ਮੰਗਲਵਾਰ ਉੱਤਰੀ ਭਾਰਤ ਵਿਚ ਤਾਪਮਾਨ ਆਮ ਨਾਲੋਂ ਵਧ ਗਿਆ। ਚੰਡੀਗੜ੍ਹ, ਰੋਹਤਕ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਪਠਾਨਕੋਟ ਅਤੇ ਹਲਵਾਰਾ ਵਿਚ ਇਹ ਤਾਪਮਾਨ 40 ਡਿਗਰੀ ਤੋਂ ਵੀ ਵੱਧ ਸੀ। ਅੰਬਾਲਾ, ਕਰਨਾਲ, ਨਾਰਨੌਲ, ਸਿਰਸਾ, ਪਟਿਆਲਾ ਅਤੇ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਨੇੜੇ ਆਦਮਪੁਰ ਵਿਚ 39, ਸ਼੍ਰੀਨਗਰ ਵਿਚ 27 ਅਤੇ ਜੰਮੂ ਵਿਚ 39 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ ਵਿਚ ਇਹ ਤਾਪਮਾਨ 27.5 ਸੀ।