ਲੁਧਿਆਣਾ 'ਚ ਬੁੱਢੇ ਨਾਲੇ ਦਾ ਬੰਨ੍ਹ ਟੁੱਟਣ 'ਤੇ ਹੜ੍ਹ ਵਰਗੇ ਹਾਲਾਤ, ਤਸਵੀਰਾਂ 'ਚ ਦੇਖੋ ਪੂਰੇ ਜ਼ਿਲ੍ਹੇ ਦਾ ਹਾਲ
Thursday, Jul 21, 2022 - 12:33 PM (IST)
ਲੁਧਿਆਣਾ (ਹਿਤੇਸ਼, ਵਿਜੇ, ਸਲੂਜਾ, ਨਰਿੰਦਰ) : ਲੁਧਿਆਣਾ 'ਚ ਵੀਰਵਾਰ ਸਵੇਰ ਤੋਂ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਹਾਲਾਤ ਮਾੜੇ ਬਣੇ ਹੋਏ ਹਨ। ਸ਼ਹਿਰ ਦਾ ਬੁੱਢਾ ਨਾਲਾ ਪੂਰੇ ਊਫਾਨ 'ਤੇ ਚੱਲ ਰਿਹਾ ਹੈ। ਇਕ ਜਗ੍ਹਾ 'ਤੇ ਬਰਸਾਤ ਦੇ ਕਾਰਨ ਬੁੱਢੇ ਨਾਲੇ ਦਾ ਬੰਨ੍ਹ ਟੁੱਟ ਗਿਆ ਹੈ, ਜਿਸ ਤੋਂ ਬਾਅਦ ਸ਼ਹਿਰ 'ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ।
ਇਸ ਕਾਰਨ ਪਾਣੀ ਲੋਕਾਂ ਦੇ ਘਰਾਂ 'ਚ ਜਾਣਾ ਸ਼ੁਰੂ ਹੋ ਗਿਆ ਹੈ। ਭਾਰੀ ਮੀਂਹ ਕਾਰਨ ਲੁਧਿਆਣਾ ਨਗਰ ਨਿਗਮ ਦੇ ਮੇਅਰ ਦੇ ਨਾਲ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਘਰ ਬਾਹਰ ਦਰੱਖ਼ਤ ਟੁੱਟ ਗਿਆ, ਜਿਸ ਕਾਰਨ ਰੋਜ਼ ਗਾਰਡਨ ਦਾ ਰਾਹ ਬੰਦ ਹੋ ਗਿਆ।
ਇਸ ਦੇ ਨਾਲ ਹੀ ਕੋਚਰ ਮਾਰਕਿਟ 'ਚ ਭਗਵਾਨ ਵਾਲਮੀਕ ਮੰਦਰ ਨੇੜੇ ਵੀ ਦਰੱਖਤ ਡਿੱਗ ਗਿਆ। ਸਵੇਰ ਦੇ ਸਮੇਂ ਕੰਮਕਾਜ ਦੇ ਨਿਕਲਣ ਵਾਲੇ ਲੋਕਾਂ ਦੇ ਨਾਲ-ਨਾਲ ਸਕੂਲੀ ਬੱਚਿਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਇਲਾਵਾ ਗਰੀਨ ਇਨਕਲੇਵ ਜੱਸੀਆਂ ਦਾ ਇਲਾਕਾ ਵੀ ਪੂਰੀ ਤਰ੍ਹਾਂ ਪਾਣੀ ਨਾਲ ਡੁੱਬ ਗਿਆ। ਮੀਂਹ ਕਾਰਨ ਗਾਹਕਾਂ ਨਾਲ ਭਰੀ ਰਹਿਣ ਵਾਲੀ ਸਬਜ਼ੀ ਮੰਡੀ ਸੁੰਨੀ ਪਈ ਹੋਈ ਦਿਖਾਈ ਦਿੱਤੀ।
ਮੁੱਲਾਂਪੁਰ 'ਚ ਵੀ ਹਰ ਥਾਂ 'ਤੇ ਪਾਣੀ ਹੀ ਪਾਣੀ ਨਜ਼ਰ ਆਇਆ। ਨਗਰ ਨਿਗਮ ਲੁਧਿਆਣਾ ਵੱਲੋਂ ਮਾਨਸੂਨ ਸੀਜ਼ਨ ਨੂੰ ਲੈ ਕੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਤਿਆਰੀਆਂ ਕਰਨ ਸਬੰਧੀ ਜੋ ਦਾਅਵੇ ਕੀਤੇ ਜਾ ਰਹੇ ਸੀ, ਉਹ ਸਾਰੇ ਇਕ ਦਿਨ ਦੀ ਬਾਰਸ਼ 'ਚ ਧੋਤੇ ਗਏ।
ਇਕ ਦਿਨ ਦੀ ਬਾਰਸ਼ ਨਾਲ ਹੀ ਸੜਕਾਂ 'ਤੇ ਕਈ-ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ। ਅੱਜ ਸਵੇਰ ਤੋਂ ਹੀ ਨਗਰ ਨਿਗਮ ਕਮਿਸ਼ਨਰ ਸ਼ੀਨਾ ਅੱਗਰਵਾਲ, ਵਿਧਾਇਕ ਮਦਨ ਲਾਲ ਬੱਗਾ ਅਤੇ ਨਗਰ ਨਿਗਮ ਦੇ ਸਾਰੇ ਅਫ਼ਸਰ ਫੀਲਡ 'ਚ ਹਨ।
ਇਹ ਵੀ ਪੜ੍ਹੋ : Encounter ਤੋਂ 3 ਦਿਨ ਪਹਿਲਾਂ ਹੀ ਪੰਜਾਬ ਪੁੱਜੇ ਸੀ ਰੂਪਾ ਤੇ ਕੁੱਸਾ, 17 ਦਿਨਾਂ ਤੋਂ ਸੀ ਰਾਡਾਰ 'ਤੇ
ਬੁੱਢੇ ਨਾਲੇ 'ਚੋਂ ਕੂੜੇ ਨੂੰ ਸਾਫ਼ ਕਰਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਦਾ ਵਹਾਅ ਹੋ ਸਕੇ। ਲੁਧਿਆਣਾ 'ਚ ਮਾਨਸੂਨ ਪਿਛਲੇ 24 ਘੰਟੇ ਦੌਰਾਨ ਜੰਮ ਕੇ ਵਰ੍ਹਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਪ੍ਰਭਾਰੀ ਡਾ. ਪੀ. ਕੇ. ਕਿੰਗਰਾ ਨੇ ਦੱਸਿਆ ਕਿ ਬੀਤੀ ਸਵੇਰ 8.30 ਤੋਂ ਲੈ ਕੇ ਅੱਜ ਸਵੇਰੇ 8.30 ਵਜੇ ਤੱਕ 148.2 ਮਿਲੀਮੀਟਰ ਬਾਰਸ਼ ਰਿਕਾਰਡ ਹੋਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ