ਮੀਂਹ ਦੇ ਕਹਿਰ ਨਾਲ ਸੜਕਾਂ ਬਣੀਆਂ ''ਸਵੀਮਿੰਗ ਪੂਲ'', ਸਕੂਲਾਂ ''ਚ ਭਰਿਆ ਪਾਣੀ
Friday, Aug 02, 2019 - 02:45 PM (IST)
ਲੁਧਿਆਣਾ (ਨਰਿੰਦਰ) : ਸ਼ਹਿਰ 'ਚ ਬੀਤੇ ਦਿਨ 2 ਘੰਟਿਆਂ ਦੇ ਪਏ ਮੀਂਹ ਨੇ ਜ਼ਬਰਦਸਤ ਕਹਿਰ ਮਚਾਇਆ। ਇਸ ਮੀਂਹ ਕਾਰਨ ਸੜਕਾਂ ਇੰਝ ਪਾਣੀ ਨਾਲ ਭਰ ਗਈਆਂ, ਜਿਵੇਂ ਕੋਈ ਸਵੀਮਿੰਗ ਪੂਲ ਹੋਵੇ। ਸਵੀਮਿੰਗ ਪੂਲ ਬਣੀਆਂ ਇਨ੍ਹਾਂ ਸੜਕਾਂ 'ਤੇ ਕਾਰਾਂ ਅਤੇ ਗੱਡੀਆਂ ਤੈਰਦੀਆਂ ਹੋਈਆਂ ਦਿਖਾਈ ਦਿੱਤੀਆਂ। ਇਸ ਮੀਂਹ ਨੇ ਸਮਾਰਟ ਸਿਟੀ ਲੁਧਿਆਣਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਲੁਧਿਆਣਾ ਦੇ ਲੋਕ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਸ਼ੇਅਰ ਕਰਕੇ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਨ।
ਸਕੂਲਾਂ 'ਚ ਭਰਿਆ ਪਾਣੀ
ਮੀਂਹ ਕਾਰਨ ਸ਼ਹਿਰ ਦੇ ਕਈ ਸਕੂਲਾਂ 'ਚ ਪਾਣੀ ਭਰ ਗਿਆ ਅਤੇ ਵਿਦਿਆਰਥੀਆਂ ਸਮੇਤ ਅਧਿਆਪਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫਿਲਹਾਲ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲਾਂ 'ਚ ਹਾਰਵੈਸਟਿੰਗ ਸਿਸਟਮ ਲੱਗਾ ਹੋਇਆ ਹੈ ਪਰ ਕੋਈ ਦਿੱਕਤ ਹੋਣ ਕਾਰਨ ਸਾਰਾ ਪਾਣੀ ਇਕੱਠਾ ਹੋ ਗਿਆ ਹੈ।
ਆਉਣ ਵਾਲੇ ਦਿਨਾਂ 'ਚ ਵੀ ਹੋਵੇਗੀ ਬਾਰਸ਼
ਸ਼ਹਿਰ 'ਚ ਬੀਤੇ 2 ਦਿਨਾਂ ਤੋਂ ਪਏ ਮੀਂਹ ਨੇ ਪੂਰੇ ਸ਼ਹਿਰ 'ਚ ਜਲਥਲ ਕਰ ਦਿੱਤਾ ਹੈ। ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਕਿਹਾ ਹੈ ਕਿ ਅਗਸਤ ਦੇ ਪਹਿਲੇ ਦਿਨ ਹੀ 56 ਐੱਮ. ਐੱਮ. ਦੇ ਕਰੀਬ ਬਾਰਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਮੀਂਹ ਨਾਲ ਝੋਨੇ ਦੀ ਫਸਲ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਆਉਣ ਵਾਲੇ ਦਿਨਾਂ 'ਚ ਵੀ ਹਲਕੀ ਬਾਰਸ਼ ਹੋਣ ਦੇ ਆਸਾਰ ਹਨ।