ਫਾਜ਼ਿਲਕਾ ''ਚ ਭਾਰੀ ਮੀਂਹ ਕਾਰਨ ਜਨਜੀਵਨ ਹੋਇਆ ਪ੍ਰਭਾਵਿਤ, ਟੁੱਟੀਆਂ ਸੜਕਾਂ

Wednesday, Jul 26, 2023 - 01:38 PM (IST)

ਫਾਜ਼ਿਲਕਾ/ਜਲਾਲਾਬਾਦ (ਨਾਗਪਾਲ, ਬੰਟੀ) : ਫਾਜ਼ਿਲਕਾ ਜ਼ਿਲ੍ਹੇ ’ਚ ਮੰਗਲਵਾਰ ਨੂੰ ਹੋਈ ਭਾਰੀ ਬਾਰਸ਼ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੰਗਲਵਾਰ ਸਵੇਰੇ 5.30 ਵਜੇ ਤੇਜ਼ ਮੀਂਹ ਸ਼ੁਰੂ ਹੋ ਗਿਆ ਸੀ। ਕਰੀਬ 5 ਘੰਟੇ ਤੱਕ ਪਏ ਮੀਂਹ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਰੇਲਵੇ ਸਟੇਸ਼ਨ ਤੋਂ ਕੋਰਟ ਰੋਡ, ਕਾਲਜ ਰੋਡ, ਧੋਬੀਘਾਟ, ਅੰਡਰਬ੍ਰਿਜ, ਅਨਾਜ ਮੰਡੀ, ਮਹਿਰੀਆ ਬਾਜ਼ਾਰ ਨੂੰ ਜਾਂਦੀ ਸੜਕ, ਨਵੀਂ ਆਬਾਦੀ ਨੂੰ ਜਾਣ ਵਾਲੀ ਸੜਕ ਟੋਇਆਂ ਨਾਲ ਭਰੀ ਹੋਈ ਹੈ।

ਇਸ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪੈਦਲ ਚੱਲਣ ਵਾਲਿਆਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਝੱਲਣੀ ਪੈਂਦੀ ਹੈ। ਕਹਿਣ ਨੂੰ ਤਾਂ ਜ਼ਿਲ੍ਹਾ ਹੈੱਡਕੁਆਰਟਰ ਇਲਾਕੇ ’ਚੋਂ ਕਈ ਸਿਆਸੀ ਪਾਰਟੀਆਂ ਦੇ ਲੋਕ ਪਾਰਟੀ ਅਤੇ ਸੱਤਾ ਦੇ ਉੱਚ ਅਹੁਦਿਆਂ ’ਤੇ ਤਾਇਨਾਤ ਹਨ ਪਰ ਇਸ ਤੋਂ ਬਾਅਦ ਵੀ ਜ਼ਿਲ੍ਹਾ ਹੈੱਡਕੁਆਰਟਰ ਦੇ ਵਿਕਾਸ ਕਾਰਜ ਠੱਪ ਪਏ ਹਨ।

ਇਸ ਤੋਂ ਇਲਾਵਾ ਸ਼ਹਿਰ ’ਚ ਜ਼ਿਆਦਾਤਰ ਥਾਵਾਂ ’ਤੇ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਬਲਾਕੇਜ ਜਾ ਸਹੀ ਢੰਗ ਨਾਲ ਕੰਮ ਨਾ ਕਰਨ ਦੀ ਹੈ, ਜਿਸ ਕਾਰਨ ਕੁੱਝ ਘੰਟਿਆਂ ਲਈ ਪਏ ਮੀਂਹ ਮਗਰੋਂ ਕਈ ਥਾਵਾਂ ’ਤੇ ਕਈ ਦਿਨਾਂ ਲਈ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਕਾਰਨ ਸ਼ਹਿਰ ਦੀਆਂ ਪਹਿਲਾਂ ਤੋਂ ਹੀ ਟੁੱਟੀਆਂ ਸੜਕਾਂ ਹੋਰ ਵੀ ਟੁੱਟ ਰਹੀਆਂ ਹਨ, ਜਿਸ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Babita

Content Editor

Related News