ਲੁਧਿਆਣਾ : 7 ਸਾਲਾਂ ਬਾਅਦ ਲੋਕਾਂ ''ਤੇ ਫਿਰ ਢਹਿਆ ਅੰਤਾਂ ਦੀ ਗਰਮੀ ਦਾ ਕਹਿਰ

Saturday, Jun 01, 2019 - 11:38 AM (IST)

ਲੁਧਿਆਣਾ : 7 ਸਾਲਾਂ ਬਾਅਦ ਲੋਕਾਂ ''ਤੇ ਫਿਰ ਢਹਿਆ ਅੰਤਾਂ ਦੀ ਗਰਮੀ ਦਾ ਕਹਿਰ

ਲੁਧਿਆਣਾ (ਸਲੂਜਾ) : ਸਾਲ 2012 ਦੌਰਾਨ ਹੀ ਇਸ ਤਰ੍ਹਾਂ ਦਾ ਪਹਿਲਾ ਮੌਕਾ ਸੀ ਜਦੋਂ ਮਹਾਨਗਰ 'ਚ ਤਾਪਮਾਨ 44.8 ਡਿਗਰੀ ਸੈਲਸੀਅਸ 'ਤੇ ਪੁੱਜਦੇ ਹੀ ਹਾਹਾਕਾਰ ਮਚ ਗਈ ਸੀ। ਹੁਣ ਤਾਪਮਾਨ 44.6 ਡਿਗਰੀ ਸੈਲਸੀਅਸ 'ਤੇ ਇਕ ਵਾਰ ਫਿਰ ਪੁੱਜਦੇ ਹੀ ਗਰਮੀ ਦਾ ਕਹਿਰ ਸਥਾਨਕ ਨਗਰੀ 'ਤੇ ਢਹਿਆ, ਜਿਸ ਨਾਲ ਲੋਕਾਂ ਨੇ ਆਪਣੇ ਆਪ ਨੂੰ ਝੁਲਸਦਾ ਹੋਇਆ ਮਹਿਸੂਸ ਕੀਤਾ। ਬੀਤੇ ਦਿਨ ਹਾਲਾਤ ਇਹ ਸਨ ਕਿ ਦੁਪਹਿਰ ਹੋਣ ਤੋਂ ਪਹਿਲਾਂ ਸੜਕ 'ਤੇ ਸੰਨਾਟਾ ਛਾ ਗਿਆ। ਰਾਹਗੀਰ ਤਾਂ ਪਾਣੀ ਅਤੇ ਛਾਂ ਲਈ ਭਟਕਦੇ ਦਿਖਾਈ ਦਿੱਤੇ, ਜਦੋਂ ਕਿ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਵੇਰ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 35 ਫੀਸਦੀ ਅਤੇ ਸ਼ਾਮ ਨੂੰ 13 ਫੀਸਦੀ ਰਹੀ।
2 ਦਿਨਾਂ ਤੋਂ ਬਾਅਦ ਮੀਂਹ ਨਾਲ ਮਿਲ ਸਕਦੀ ਹੈ ਰਾਹਤ
ਅੱਗ ਦੇ ਰੂਪ ਵਿਚ ਕਹਿਰ ਢਾਅ ਰਹੀ ਗਰਮੀ ਨਾਲ ਝੁਲਸ ਰਹੇ ਲੁਧਿਆਣਾ ਨਿਵਾਸੀਆਂ ਲਈ ਇਹ ਰਾਹਤ ਦੇਣ ਵਾਲੀ ਖਬਰ ਹੈ ਕਿ ਸੋਮਵਾਰ ਤੱਕ ਮੀਂਹ ਪੈ ਸਕਦਾ ਹੈ। ਇਹ ਜਾਣਕਾਰੀ ਪੀ. ਏ. ਯੂ. ਮੌਸਮ ਵਿਭਾਗ ਦੀ ਇੰਚਾਰਜ ਪ੍ਰਭਜੋਤ ਕੌਰ ਨੇ ਸਾਂਝੀ ਕਰਦਿਆਂ ਦੱਸਿਆ ਕਿ ਪੱਛਮੀ ਚੱਕਰਵਾਤ ਕਾਰਣ 3 ਜੂਨ ਤੋਂ ਇਕ ਵਾਰ ਫਿਰ ਤੋਂ ਲੋਅ ਪ੍ਰੈਸ਼ਰ ਸਿਸਟਮ ਦੇ ਵਿਕਸਤ ਹੁੰਦੇ ਹੀ ਬਾਰਿਸ਼ ਹੋ ਸਕਦੀ ਹੈ। ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਪਾਵਰਕਾਮ ਦਾ ਸਪਲਾਈ ਸਿਸਟਮ ਹੋਣ ਲੱਗਾ ਓਵਰਲੋਡਿਡ
ਗਰਮੀ ਵਧਦੇ ਹੀ ਪਾਵਰਕਾਮ ਦਾ ਸਪਲਾਈ ਸਿਸਟਮ ਓਵਰਲੋਡਿਡ ਹੋਣ ਲੱਗਾ ਹੈ, ਜਿਸ ਨਾਲ ਪਾਵਰਕਾਮ ਦੇ ਟਰਾਂਸਫਾਰਮਰ ਅਤੇ ਜੰਪਰ ਸੜਨ ਲੱਗੇ ਹਨ। ਜਿਸ ਨਾਲ ਸਥਾਨਕ ਨਗਰੀ ਦੇ ਵੱਖ-ਵੱਖ ਇਲਾਕਿਆਂ ਵਿਚ ਬਿਜਲੀ ਗੁੱਲ ਹੋਣ ਨਾਲ ਸਬੰਧਤ ਇਲਾਕਾ ਨਿਵਾਸੀਆਂ ਨੂੰ ਬਿਨਾਂ ਬਿਜਲੀ ਅਤੇ ਪਾਣੀ ਦੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਦਕਿ ਦੂਜੇ ਪਾਸੇ ਪਾਵਰਕਾਮ ਦੇ ਉੱਚ ਅਧਿਕਾਰੀ ਦੱਬੀ ਜ਼ੁਬਾਨ ਵਿਚ ਇਹ ਕਹਿੰਦੇ ਹਨ ਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ਵਿਚ ਰੈਗੂਲਰ ਆਧਾਰ 'ਤੇ ਨਵੀਂ ਭਰਤੀ ਨਾ ਹੋਣ ਨਾਲ ਵਿਭਾਗੀ ਸਿਸਟਮ ਵਿਗੜ ਗਿਆ ਹੈ। ਹਰ ਗਰਮੀ ਦੇ ਸੀਜ਼ਨ ਵਿਚ ਕੰਟ੍ਰੈਕਟ ਆਧਾਰ 'ਤੇ ਮੁਲਾਜ਼ਮਾਂ ਦੀ ਭਰਤੀ ਕਰ ਕੇ ਕੰਮ ਚਲਾਇਆ ਜਾਂਦਾ ਹੈ।


author

Babita

Content Editor

Related News