ਮਾਲੇਰਕੋਟਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਕਾਲਜ ਵਿਦਿਆਰਥਣ ਦੀ ਦਰਦਨਾਕ ਮੌਤ

Monday, Dec 12, 2022 - 10:37 PM (IST)

ਮਾਲੇਰਕੋਟਲਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, ਕਾਲਜ ਵਿਦਿਆਰਥਣ ਦੀ ਦਰਦਨਾਕ ਮੌਤ

ਮਾਲੇਰਕੋਟਲਾ (ਸ਼ਹਾਬੂਦੀਨ/ਭੁਪੇਸ਼/ਜ਼ਹੂਰ) : ਅੱਜ ਸਵੇਰੇ ਤਕਰੀਬਨ 9 ਵਜੇ ਸਥਾਨਕ ਗਰੇਵਾਲ ਚੌਕ ’ਚ ਸਕੂਟਰੀ ਅਤੇ ਬੱਜਰੀ ਦੇ ਭਰੇ ਟਿੱਪਰ (ਟਰੱਕ) ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਭਿਆਨਕ ਹਾਦਸੇ ’ਚ ਸਕੂਟਰੀ ਸਵਾਰ 18 ਸਾਲਾ ਕਾਲਜ ਵਿਦਿਆਰਥਣ ਪਾਇਲਪ੍ਰੀਤ ਕੌਰ ਪੁੱਤਰੀ ਮਨਦੀਪ ਸਿੰਘ ਵਾਸੀ ਪਿੰਡ ਨੂਰਪੁਰਾ ਅਮਲੋਹ ਦੀ ਇੰਨੀ ਬੁਰੀ ਤਰ੍ਹਾਂ ਦਰਦਨਾਕ ਮੌਤ ਹੋਈ ਕਿ ਦੇਖਣ ਵਾਲਿਆਂ ਦੀ ਰੂਹ ਵੀ ਕੰਬ ਗਈ। ਹਾਦਸੇ ਦਾ ਸ਼ਿਕਾਰ ਹੋਈ ਮ੍ਰਿਤਕ ਲੜਕੀ ਦਾ ਸਰੀਰ ਜਿਥੇ ਹਾਦਸਾਗ੍ਰਸਤ ਟਰੱਕ ਦੇ ਟਾਇਰਾਂ ਹੇਠ ਬੁਰੀ ਤਰ੍ਹਾਂ ਚਿੱਥਿਆ ਗਿਆ, ਜਿਸ ਨੂੰ ਟਾਇਰਾਂ ਹੇਠੋਂ ਕੱਢਣ ਲਈ ਕਾਫੀ ਸਮਾਂ ਭਾਰੀ ਜੱਦੋ-ਜਹਿਦ ਕਰਨੀ ਪਈ। ਮੌਕੇ ’ਤੇ ਪੁੱਜੇ ਵਾਰਿਸਾਂ ਵੱਲੋਂ ਦੱਸਣ ਮੁਤਾਬਕ ਕੁੜੀ ਫਤਿਹਗੜ੍ਹ ਸਾਹਿਬ ਵਿਖੇ ਪੜ੍ਹਦੀ ਸੀ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ ’ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ਼ ਚਲਾਨ ਕੀਤਾ ਪੇਸ਼

ਅੱਜ ਮਾਲੇਰਕੋਟਲਾ ਦੇ ਖੰਨਾਂ ਰੋਡ ’ਤੇ ਸਥਿਤ ਪਿੰਡ ਮੋਰਾਂਵਾਲੀ ਤੋਂ ਆਪਣੇ ਮਾਮੇ ਚਰਨਜੀਤ ਸਿੰਘ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਫਾਰਮ ਭਰਨ ਲਈ ਆਈ ਸੀ ਪਰ ਕਾਲਜ ਨੇੜੇ ਗਰੇਵਾਲ ਚੌਕ ਵਿਖੇ ਪੁੱਜਣ ’ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ । ਹਾਦਸਾ ਅੱਖੀਂ ਦੇਖਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਸੜਕ ਪਾਰ ਕਰਨ ਲਈ ਸਕੂਟਰੀ ’ਤੇ ਖੜ੍ਹੇ ਸਨ ਕਿ ਅਚਾਨਕ ਲੁਧਿਆਣਾ ਰੋਡ ਸਾਈਡ ਤੋਂ ਆ ਰਹੇ ਬੱਜਰੀ ਦੇ ਭਰੇ ਤੇਜ਼ ਰਫਤਾਰ ਟਰੱਕ (ਟਿੱਪਰ) ਦੀ ਫੇਟ ਲੱਗਣ ਨਾਲ ਸਕੂਟਰੀ ਚਾਲਕ ਵਿਅਕਤੀ ਆਪਣੀ ਸਾਈਡ ਖੱਬੇ ਪਾਸੇ ਡਿੱਗ ਪਿਆ, ਜਦਕਿ ਪਿੱਛੇ ਬੈਠੀ ਕੁੜੀ ਸੜਕ ਵਾਲੇ ਪਾਸੇ ਡਿੱਗ ਪਈ ਅਤੇ ਭਾਰੀ ਲੋਡ ਟਰੱਕ ਦੇ ਪਿਛਲੇ ਟਾਇਰਾਂ ਹੇਠ ਆ ਕੇ ਬੁਰੀ ਤਰ੍ਹਾਂ ਕੁਚਲੀ ਗਈ ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਨੇ ਚਲਾਈ ਗੋਲ਼ੀ, ਮਾਮਲਾ ਦਰਜ (ਵੀਡੀਓ)

ਮੌਕੇ ’ਤੇ ਪੁੱਜੀ ਪੁਲਸ ਵੱਲੋਂ ਮ੍ਰਿਤਕ ਦੇ ਸਰੀਰ ਟੁਕੜੇ ਇਕੱਠੇ ਕਰਕੇ ਬਣਦੀ ਕਾਰਵਾਈ ਕਰਨ ’ਚ ਕੀਤੀ ਜਾ ਰਹੀ ਦੇਰੀ ਨੂੰ ਦੇਖ ਭੜਕੇ ਮੌਕੇ ’ਤੇ ਇਕੱਤਰ ਲੋਕ ਵਾਰਿਸਾਂ ਨੂੰ ਨਾਲ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਟ੍ਰੈਫਿਕ ਰੋਕ ਕੇ ਸੜਕ  ਵਿਚਕਾਰ ਬੈਠ ਗਏ । ਸਥਿਤੀ ਵਿਗੜਦੀ ਦੇਖ ਮੌਕੇ ’ਤੇ ਪੁੱਜੇ ਡੀ. ਐੱਸ. ਪੀ. ਮਾਲੇਰਕੋਟਲਾ ਕੁਲਦੀਪ ਸਿੰਘ ਵਿਰਕ ਨੇ ਤੁਰੰਤ ਸਾਥੀ ਪੁਲਸ ਮੁਲਾਜ਼ਮਾਂ ਅਤੇ ਇਕੱਤਰ ਲੋਕਾਂ ਦੀ ਮਦਦ ਨਾਲ ਮ੍ਰਿਤਕ ਸਰੀਰ ਦੇ ਟੁਕੜੇ ਇਕੱਠੇ ਕਰਕੇ ਕਬਜ਼ੇ ’ਚ ਲੈਣ ਉਪਰੰਤ ਸਥਾਨਕ ਸਿਵਲ ਹਸਪਤਾਲ ਭੇਜ ਦਿੱਤੇ ਅਤੇ ਵਾਰਿਸਾਂ ਨੂੰ ਵੀ ਅਗਲੀ ਕਾਰਵਾਈ ਕਰਨ ਲਈ ਨਾਲ ਲੈ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਸ ਨੇ ਮ੍ਰਿਤਕ ਦੇ ਮਾਮੇ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਹਾਦਸਾਗ੍ਰਸਤ ਟਰੱਕ ਦੇ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। 


author

Manoj

Content Editor

Related News