ਹੁਣ ਘਰ ਬੈਠੇ ਹੀ ਮਿਲ ਰਿਹੈ ਨਿਆਂ, ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਸ਼ੁਰੂ
Saturday, Apr 25, 2020 - 01:04 PM (IST)
ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ) : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਪ੍ਰਭਾਵਿਤ ਹੋ ਕੇ ਸੈਸ਼ਨ ਡਿਵੀਜ਼ਨ ਮੋਗਾ ਅਤੇ ਦੋ ਸਬ ਡਵੀਜ਼ਨਾਂ 'ਚ ਵਰਚੂਅਲ ਕੋਰਟ ਰੂਮ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ 'ਚ ਵੀਡੀਓ ਕਾਨਫਰੰਸ ਰਾਹੀ ਸੁਣਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਕੀਲ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਚਹਿਰੀਆਂ ਵਿਖੇ ਵਕੀਲਾਂ, ਤਫਤੀਸ਼ੀ ਅਫਸਰਾਂ ਅਤੇ ਕੇਸ ਭੁਗਤਣ ਆਉਣ ਵਾਲੇ ਲੋਕਾਂ ਨੂੰ ਇਕੱਠਾ ਹੋਣ ਤੋਂ ਰੋਕਣ ਲਈ ਸੈਸ਼ਨ ਜੱਜ ਮੋਗਾ ਵੱਲੋਂ ਵਰਚੂਅਲ ਕੋਰਟ ਰੂਮ ਵਿਦਯੋ ਐਪਲੀਕੇਸ਼ਨ ਰਾਹੀ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਿਦਯੋ ਐਪਲੀਕੇਸ਼ਨ ਰਾਹੀ ਜੁਡੀਸ਼ੀਅਲ ਅਫਸਰ, ਤਫਤੀਸ਼ੀ ਅਫਸਰ, ਸਰਕਾਰੀ ਵਕੀਲ ਅਤੇ ਆਮ ਵਕੀਲ ਇੰਟਰਨੈੱਟ ਰਾਹੀ ਵਰਚੁਅਲ ਕੋਰਟ ਰੂਮ 'ਚ ਦਾਖਲ ਹੁੰਦੇ ਹਨ ਅਤੇ ਵੱਖ-ਵੱਖ ਕੇਸਾਂ ਦੀ ਸੁਣਵਾਈ ਕੀਤੀ ਜਾਂਦੀ ਹੈ।
4 ਤਰ੍ਹਾਂ ਦੇ ਕੇਸ ਸੁਣੇ ਜਾ ਰਹੇ ਹਨ
ਉਨ੍ਹਾਂ ਦੱਸਿਆ ਕਿ ਵੀਡੀਓ ਕਾਨਫਰੰਸ ਰਾਹੀ 4 ਤਰ੍ਹਾਂ ਦੇ ਕੇਸ ਸੁਣੇ ਜਾ ਰਹੇ ਹਨ, ਜਿਨ੍ਹਾਂ 'ਚ ਜ਼ਮਾਨਤ ਸਬੰਧੀ ਅਰਜ਼ੀ, ਨਵੇਂ ਵਿਆਹੇ ਜੋੜਿਆਂ ਨੁੰ ਪੁਲਸ ਸੁਰੱਖਿਆ, ਸਿਵਲ ਕੇਸਾਂ ਸਬੰਧੀ ਸਟੇਅਮੈਟਰ ਅਤੇ ਸਪੁਰਦਗੀਆਂ ਦੇ ਕੇਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਨੂੰ 35 ਕੇਸਾਂ ਦੀ ਸੁਣਵਾਈ ਕੀਤੀ ਗਈ, ਜਿਨ੍ਹਾਂ 'ਚ ਉਨ੍ਹਾਂ ਦੱਸਿਆ ਕਿ ਵੀਡੀਓ ਕਾਨਫਰੰਸ ਰਾਹੀ ਸਥਾਪਿਤ ਕੀਤੇ ਗਏ ਇਨ੍ਹਾਂ ਕੇਸ ਜ਼ਮਾਨਤ ਦੇ ਸਨ। ਇਕ ਜ਼ਮਾਨਤ ਦੇ ਕੇਸ ਦਾ ਨਿਪਟਾਰਾ ਕਰਨ ਦੌਰਾਨ ਇਕ ਵਕੀਲ ਨੇ ਆਪਣੀ ਕਾਰ 'ਚੋਂ ਬੈਠ ਕੇ ਇੰਟਰਨੈੱਟ ਉੱਤੇ ਪੈਰਵੀ ਕੀਤੀ ਜਦਕਿ ਦੂਸਰੇ ਵਕੀਲ ਨੇ ਫਰੀਦਕੋਟ ਵਿਖੇ ਸਥਿਤ ਆਪਣੇ ਘਰ ਤੋਂ ਇਸਦੀ ਪੈਰਵੀ ਕੀਤੀ। ਉਨ੍ਹਾਂ ਦੱਸਿਆ ਕਿ ਸੈਸ਼ਨ ਜੱਜ ਮੋਗਾ ਸ੍ਰੀ ਮੁਨੀਸ਼ ਸਿੰਗਲ ਵੱਲੋਂ ਇਸ ਵਿਸ਼ੇ ਸਬੰਧੀ ਐੱਸ. ਐੱਸ. ਪੀ. ਮੋਗਾ ਨਾਲ ਵਿਸਥਾਰਪੂਰਵਕ ਰੂਪ 'ਚ ਗੱਲਬਾਤ ਕੀਤੀ ਗਈ, ਜਿਸ ਤੋਂ ਬਾਅਦ ਐੱਸ. ਐੱਸ. ਪੀ. ਮੋਗਾ ਵੱਲੋਂ ਸਾਰੇ ਪੁਲਸ ਅਫਸਰਾਂ ਨੂੰ ਆਪਣੇ-ਆਪਣੇ ਮੋਬਾਇਲ ਫੋਨਾਂ ਉੱਤੇ ਵਿਦਯੋ ਐਪਲੀਕੇਸ਼ਨ ਡਾਊਨਲੋਡ ਕਰ ਕੇ ਤਫਤੀਸ਼ੀ ਅਫਸਰ ਦੇ ਤੌਰ 'ਤੇ ਪੁਲਸ ਠਾਣੇ 'ਚ ਬੈਠੇ ਹੀ ਵਰਚੁਅਲ ਕੋਰਟ ਰੂਮ 'ਚ ਦਾਖਲ ਹੋਣ ਲਈ ਕਿਹਾ ਗਿਆ।
ਉਨ੍ਹਾਂ ਦੱਸਿਆ ਕਿ ਵਕੀਲਾਂ, ਸਰਕਾਰੀ ਵਕੀਲਾਂ, ਪੁਲਸ ਅਫਸਰਾਂ ਅਤੇ ਆਮ ਲੋਕਾਂ ਵੱਲੋਂ ਇਸ ਵਿਦਯੋ ਐਪਲੀਕੇਸ਼ਨ ਦੀ ਸਰਾਹਨਾ ਕੀਤੀ ਜਾ ਰਹੀ ਹੈ। ਸਮੇਂ ਦੀ ਲੋੜ ਹੈ ਕਿ ਪੁਲਸ ਸਟੇਸ਼ਨਾ ਵਿਖੇ ਇੰਟਰਨੈੱਟ ਦੀ ਸਪੀਡ ਵਧਾਈ ਜਾਵੇ ਤਾਂ ਜੋ ਕੂਨੈਕਟੀਵਿਟੀ 'ਚ ਕੋਈ ਵੀ ਸਮੱਸਿਆ ਨਾ ਆਵੇ। ਉਨ੍ਹਾਂ ਕਿਹਾ ਕਿ ਮਾਣਯੋਗ ਹਾਈਕਰੋਡ ਵੱਲੋਂ ਵਿਦਯੋ ਐਪਲੀਕੇਸ਼ਨ ਦੀ ਕਰਫਿਊ ਅਤੇ ਲਾਕਡਾਊਨ ਸਮੇਂ ਦੌਰਾਨ ਵਰਤੋਂ ਨਿਆਂ ਦੇਣ 'ਚ ਬਹੁਤ ਹੀ ਸਹਾਈ ਸਿੱਧ ਹੋ ਰਹੀ ਹੈ।