ਸਿਹਤ ਕਾਮੇ : ਜ਼ਮੀਨੀ ਪੱਧਰ 'ਤੇ ਹੌਂਸਲਾ ਵੰਡ ਰਹੇ ਹਨ BEE
Monday, May 11, 2020 - 04:32 PM (IST)

ਹਰਪ੍ਰੀਤ ਸਿੰਘ ਕਾਹਲੋਂ
ਪੰਜਾਬ ਦੇ 118 ਬਲਾਕਾਂ ਵਿਚ ਇਸ ਸਮੇਂ ਸਿਹਤ ਮਹਿਕਮੇ ਦਾ ਖਾਸ ਹਿੱਸਾ 121 ਬਲਾਕ ਐਕਸਟੈਨਸ਼ਨ ਐਜੂਕੇਟਰ (BEE) ਕੋਰੋਨਾ ਸੰਕਟ ਦੇ ਇਸ ਦੌਰ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ਬਲਾਕ ਐਜੂਕੇਟਰਾਂ ਦੀ ਖਾਸ ਭੂਮਿਕਾ ਇਸ ਵੇਲੇ ਲੋਕਾਂ ਨੂੰ ਹਰ ਪੱਧਰ ’ਤੇ ਜਾਗਰੂਕ ਕਰਨ ਦੀ ਹੈ। ਤਰਨ ਤਾਰਨ ਦੇ ਸੁਰ ਸਿੰਘ ਤੋਂ ਨਵੀਨ ਕਾਲੀਆ ਦੱਸਦੇ ਹਨ ਕਿ ਬੇਸ਼ੱਕ ਸਾਡੀ ਭੂਮਿਕਾ ਲੋਕ ਸੰਪਰਕ ਦੀ ਹੈ ਪਰ ਇਨ੍ਹਾਂ ਦਿਨਾਂ ਵਿਚ ਸਾਨੂੰ ਆਪਣੇ ਮਹਿਕਮੇ ਦੇ ਨਾਲ ਹਰ ਇਕਾਈ ਦੇ ਸਹਿਯੋਗ ਰੱਖਣਾ ਪੈਂਦਾ ਹੈ।
ਡਰੋਲੀ ਭਾਈ ਮੋਗਾ ਤੋਂ ਰਛਪਾਲ ਸਿੰਘ ਸੋਸਣ 10 ਅਪ੍ਰੈਲ ਤੱਕ ਛੁੱਟੀ ’ਤੇ ਸਨ ਪਰ ਉਹ ਆਪਣੀ ਸਵੈ ਇੱਛਾ ਨਾਲ 18 ਮਾਰਚ ਤੋਂ ਆਪਣੀ ਛੁੱਟੀ ਰੱਦ ਕਰਕੇ ਡਿਊਟੀ ਵਿਚ ਆ ਹਾਜ਼ਰ ਹੋਏ।
ਮਾਸ ਮੀਡੀਆ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਰਣਬੀਰ ਸਿੰਘ ਢੰਡੇ ਦੱਸਦੇ ਹਨ ਕਿ ਕੋਰੋਨਾ ਸੰਕਟ ਦੇ ਇਸ ਦੌਰ ਵਿਚ ਜਿਨ੍ਹਾਂ ਮਰੀਜ਼ਾਂ ਦਾ ਇਲਾਜ ਕਰਨਾ ਜ਼ਰੂਰੀ ਹੈ, ਉਨ੍ਹਾਂ ਹੀ ਇਸ ਬਾਰੇ ਜਾਗਰੂਕ ਕਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਨੂੰ ਵੀ ਮਾਨਸਿਕ ਮਜ਼ਬੂਤੀ ਦੇਣਾ ਵੀ ਸਾਡਾ ਫਰਜ਼ ਹੈ। ਰਣਬੀਰ ਮੁਤਾਬਕ ਜ਼ਮੀਨੀ ਪੱਧਰ ’ਤੇ ਇਸ ਬੀਮਾਰੀ ਨੂੰ ਲੈ ਕੇ ਲੋਕਾਂ ਦੇ ਭੁਲੇਖੇ ਅਤੇ ਡਰ ਨੂੰ ਦੂਰ ਕਰਨ ਵਿਚ ਉਨ੍ਹਾਂ ਦੇ ਹਰ ਸਾਥੀ ਨੇ ਜ਼ਿੰਮੇਵਾਰੀ ਭਰਿਆ ਕੰਮ ਕੀਤਾ ਹੈ। ਇਹ ਮੰਦਭਾਗਾ ਹੈ ਕਿ ਇਨ੍ਹਾਂ ਦਿਨਾਂ ਵਿਚ ਵੀ ਕੋਰੋਨਾ ਦੇ ਬਹਾਨੇ ਲੋਕ ਪੁਰਾਣੀਆਂ ਖਿੱਚੋਤਾਣ ਵਿਚ ਉਲਝੇ ਹੋਏ ਹਨ।
ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-7 : ‘ਰਾਜਧਾਨੀ ਐਕਸਪ੍ਰੈੱਸ ਦਾ ਯਾਦਗਾਰ ਸਫ਼ਰ’
ਪੜ੍ਹੋ ਇਹ ਵੀ ਖਬਰ - ‘ਸਆਦਤ ਹਸਨ ਮੰਟੋ’ ਦੇ ਜਨਮ ਦਿਨ ’ਤੇ ਵਿਸ਼ੇਸ਼ : ‘ਮੈਂ ਕਹਾਣੀ ਕਿਉਂ ਲਿਖਦਾ ਹਾਂ’
ਪੜ੍ਹੋ ਇਹ ਵੀ ਖਬਰ - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ : ‘ਖ਼ਲੀਫਾ ਬੱਕਰ’
ਉਨ੍ਹਾਂ ਮੁਤਾਬਕ ਉਨ੍ਹਾਂ ਦੇ ਸੰਗਰੂਰ ਦੇ ਬਲਾਕ ਅਮਰਗੜ੍ਹ ਵਿਚ ਪੰਜ ਕੰਟੋਨਮੈਂਟ ਜੋਨ ਖੇਤਰ ਹਨ। ਅਜਿਹੇ ਸੀਲ ਖੇਤਰਾਂ ਵਿਚ ਸਿਹਤ ਮਹਿਕਮੇ ਦੇ ਕਰਮਚਾਰੀ ਅੱਗੇ ਹੋ ਕੇ ਆਪਣੀ ਡਿਊਟੀ ਕਰ ਰਹੇ ਹਨ। ਇਸ ਦੌਰਾਨ ਸੰਭਾਵੀ ਬੰਦਿਆਂ ਦੇ ਸੈਂਪਲ ਲੈਣਾ ਵੀ ਚੁਣੌਤੀ ਭਰਿਆ ਕੰਮ ਹੈ। ਅਜਿਹੇ ਹਾਲਾਤਾਂ ਵਿਚ ਸਾਡੀ ਸਰਕਾਰ ਨਾਲ ਏਨੀ ਨਾਰਾਜ਼ਗੀ ਜ਼ਰੂਰ ਹੈ ਕਿ ਉਹ ਸਾਡੇ ਹੌਂਸਲੇ ਭਰੇ ਇਸ ਕੰਮ ਨੂੰ ਕਿਸੇ ਵੀ ਤਰ੍ਹਾਂ ਦੀ ਹੱਲਾਸ਼ੇਰੀ ਨਹੀਂ ਦੇ ਰਹੇ।
ਬਲਾਕ ਐਕਸਟੈਨਸ਼ਨ ਐਜੂਕੇਟਰ ਪਿਛਲੇ ਕਈ ਸਾਲਾਂ ਤੋਂ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦਾ ਤਨਖਾਹ ਦਾ ਸਕੇਲ ਏ. ਪੀ. ਆਰ. ਓ. ਅਤੇ ਪੀ. ਆਰ. ਓ. ਦੇ ਬਰਾਬਰ ਕੀਤਾ ਜਾਵੇ। ਰਣਬੀਰ ਸਿੰਘ ਢੰਡੇ ਕਹਿੰਦੇ ਹਨ ਕਿ ਸਿਹਤ ਮਹਿਕਮੇ ਵਿਚ ਅਹੁਦਿਆਂ ਦੀ ਵੰਡ ਨੂੰ ਲੈ ਕੇ ਵੱਡੀ ਗੜਬੜ ਹੈ। ਇਹਨੂੰ ਸਮਝਣ ਲਈ ਉਹ ਦੱਸਦੇ ਹਨ ਕਿ ਬਲਾਕ ਪੱਧਰ ’ਤੇ ਸਾਡਾ ਪੇਅ ਸਕੇਲ 3200 ਰੁਪਏ ਹੈ ਅਤੇ ਸਾਡੇ ਤੋਂ ਜੂਨੀਅਰ ਸੈਕਟਰ ਪੱਧਰ ’ਤੇ ਕਈਆਂ ਦਾ ਪੇਅ ਸਕੇਲ 4200 ਰੁਪਏ ਹੈ।
ਬਲਾਕ ਐਕਸੈਸ਼ਨ ਐਜੂਕੇਟਰ ਕਾਫ਼ੀ ਸਮੇਂ ਤੋਂ ਇਸ ’ਤੇ ਵੀ ਇਤਰਾਜ਼ ਜਤਾਉਂਦੇ ਰਹੇ ਹਨ ਕਿ ਉਨ੍ਹਾਂ ਦੀ ਪੋਸਟ ਗ੍ਰੈਜੂਏਟ ਡਿਗਰੀ ਨੂੰ ਦਸਵੀਂ ਜਾਂ ਆਮ ਡਿਪਲੋਮੇ ਦੀ ਡਿਗਰੀ ਨਾਲੋਂ ਘੱਟ ਮਹੱਤਤਾ ਦਿੱਤੀ ਜਾਂਦੀ ਹੈ। ਰਣਬੀਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਪਿਛਲੇ ਦਿਨਾਂ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਇਹ ਵੀ ਮੰਗ ਰੱਖੀ ਸੀ ਕਿ ਉਨ੍ਹਾਂ ਦੇ ਰੈਂਕ ਬਲਾਕ ਐਕਟੈਨਸ਼ਨ ਐਜੂਕੇਟਰ ਨੂੰ ਬਲਾਕ ਮੀਡੀਆ ਅਫ਼ਸਰ ਵਜੋਂ ਪੇਸ਼ ਕਰਨਾ ਚਾਹੀਦਾ ਹੈ।
"ਪਿੰਡ ਵਿਚ ਸਾਨੂੰ ਅਜਿਹੇ ਹਾਲਾਤ ਵੀ ਵੇਖਣ ਨੂੰ ਮਿਲੇ ਕਿ ਪਿੰਡ ਵਿਚ ਹੋਮ ਕੁਆਰਨਟਾਈਨ ਕਰਨ ਵਾਲਾ ਸਿਆਸੀ ਬਹੁਮਤ ਰੱਖਦਾ ਬੰਦਾ ਆਪਣੇ ਬੰਦਿਆਂ ਨੂੰ ਘਰ ਵਿਚ ਕੁਆਰਨਟਾਈਨ ਕਰਵਾਉਂਦਾ ਹੈ ਅਤੇ ਵਿਰੋਧੀ ਧਿਰ ਦੇ ਬੰਦੇ ਲਈ ਸਕੂਲ ਵਿਚ ਕੁਆਰਨਟਾਈਨ ਦੀ ਮੰਗ ਕਰਦਾ ਹੈ ਜੋ ਕਿ ਕਾਫੀ ਹਾਸੋਹੀਣਾ ਹੈ।" ਰਣਬੀਰ ਸਿੰਘ ਢੰਡੇ -ਪ੍ਰਧਾਨ ,ਮਾਸ ਮੀਡੀਆ ਅਫ਼ਸਰ ਐਸੋਸੀਏਸ਼ਨ
ਹੱਲਾਸ਼ੇਰੀਆਂ
ਰਾਮ ਸਿੰਘ ਮੋਗਾ ਦੇ ਡਰੋਲੀ ਭਾਈ ਵਿਖੇ ਮਲਟੀ ਪਰਪਜ਼ ਹੈਲਥ ਵਰਕਰ ਹਨ। ਇਨ੍ਹਾਂ ਦਿਨਾਂ ਵਿਚ ਉਹ ਆਪਣੇ ਘਰ ਜਾਏ ਬਿਨਾਂ ਲਗਾਤਾਰ ਸਿਹਤ ਮਹਿਕਮੇ ਵਿਚ ਡਿਊਟੀ ਕਰ ਰਹੇ ਹਨ। ਇਸ ਮੌਕੇ ਰਾਮ ਸਿੰਘ ਦੀ ਪਤਨੀ ਨੇ ਫੇਸਬੁੱਕ ’ਤੇ ਪੋਸਟ ਪਾ ਕੇ ਆਪਣੇ ਘਰ ਵਾਲੇ ਨੂੰ ਸ਼ਾਬਾਸ਼ ਦਿੱਤੀ।
ਹਮ ਸਾਥ ਸਾਥ ਹੈ
ਗੁਰਧਿਆਨ ਸਿੰਘ ਬਲਾਕ ਅਮਰਗੜ੍ਹ ਦੇ ਮਲਟੀ ਪਰਪਜ਼ ਹੈਲਥ ਵਰਕਰ ਮੇਲ ਹਨ । ਗੁਰਧਿਆਨ ਸਿੰਘ ਦੀ ਘਰ ਵਾਲੀ ਕਿਰਨਪਾਲ ਕੌਰ ਸਟਾਫ ਨਰਸ ਹਨ, ਜੋ ਇਨ੍ਹਾਂ ਦਿਨਾਂ ਵਿਚ ਮਲੇਰਕੋਟਲੇ ਕੋਵਿਡ ਵਾਰਡ ਦੇ ਇੰਚਾਰਜ ਹਨ। ਦੋਵੇਂ ਪਤੀ-ਪਤਨੀ ਇਨ੍ਹਾਂ ਦਿਨਾਂ ਵਿਚ ਸਿਹਤ ਮਹਿਕਮੇ ਵਿਚ ਆਪੋ ਆਪਣੀ ਡਿਊਟੀ ਨਿਭਾ ਰਹੇ ਹਨ। ਗੁਰਧਿਆਨ ਸਿੰਘ ਦੱਸਦੇ ਨੇ ਕਿ ਕੋਰੋਨਾ ਸੰਕਟ ਦੇ ਇਸ ਸਮੇਂ ਉਨ੍ਹਾਂ ਦੀ ਪਤਨੀ ਲਗਾਤਾਰ 15 ਦਿਨ ਕੋਵਿਡ ਵਾਰਡ ਵਿਚ ਡਿਊਟੀ ਕਰਦੀ ਹੈ। ਇੰਝ 15 ਦਿਨ ਬਾਅਦ ਘਰ ਆ ਕੇ ਫਿਰ ਦੁਬਾਰਾ ਅਗਲੇ 15 ਦੇਣ ਲਈ ਡਿਊਟੀ ’ਤੇ ਹਾਜ਼ਰ ਹੋ ਜਾਂਦੇ ਹਨ।