ਸੜਕ ਤੇ ਘੁੰਮ ਰਹੇ ਪਸ਼ੂ ਕਾਰਣ ਵਾਪਰਿਆ ਹਾਦਸਾ, ਨਹਿਰ ''ਚ ਡਿੱਗੀ ਰੇਂਜ ਰੋਵਰ ਗੱਡੀ
Tuesday, Sep 30, 2025 - 05:36 PM (IST)

ਧਰਮਕੋਟ (ਅਕਾਲੀਆਂ ਵਾਲਾ) : ਧਰਮਕੋਟ ਥਾਣੇ ਅਧੀਨ ਆਉਂਦੇ ਪਿੰਡ ਕੰਨੀਆਂ ਖਾਸ ਨੇੜੇ ਰਾਤ ਸਮੇਂ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਇਕ ਰੇਂਜ ਰੋਵਰ ਗੱਡੀ ਨਹਿਰ ਵਿਚ ਡਿੱਗ ਗਈ। ਹਾਦਸੇ ਵਿਚ ਗੱਡੀ ਸਵਾਰ ਡਰਾਈਵਰ ਮੌਤ ਦੇ ਮੂੰਹੋਂ ਬਚ ਗਿਆ, ਹਾਲਾਂਕਿ ਗੱਡੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਏ. ਐੱਸ. ਆਈ. ਬਲਵੀਰ ਸਿੰਘ ਦੀ ਰਿਪੋਰਟ ਮੁਤਾਬਕ ਦਰਖਾਸਤੀ ਸਰਪੰਚ ਹਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਬਸਤੀ ਸੋਢੀਆ (ਜੋਗੋਵਾਲਾ, ਥਾਣਾ ਮੱਖੂ) ਆਪਣੀ ਰੇਂਜ ਰੋਵਰ ਗੱਡੀ ’ਤੇ ਸਵਾਰ ਹੋ ਕੇ ਜੋਗੋਵਾਲਾ ਤੋਂ ਧਰਮਕੋਟ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਕੰਨੀਆਂ–ਤੋਤੇਵਾਲਾ ਪੁੱਲ ਨੇੜੇ ਪਿੰਡ ਕੰਨੀਆਂ ਖਾਸ ਕੋਲ ਪੁੱਜਿਆ ਤਾਂ ਅਚਾਨਕ ਇਕ ਬੇਸਹਾਰਾ ਪਸ਼ੂ ਗੱਡੀ ਅੱਗੇ ਆ ਗਿਆ। ਅਚਾਨਕ ਘਟਨਾ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਪੁੱਲ ਤੰਗ ਹੋਣ ਕਰਕੇ ਵਾਹਨ ਨਹਿਰ ਵਿਚ ਡਿੱਗ ਗਿਆ। ਹਾਦਸੇ ਤੋਂ ਬਾਅਦ ਗੱਡੀ ਨੂੰ ਬਾਹਰ ਕੱਢਿਆ ਗਿਆ, ਜਦਕਿ ਡਰਾਈਵਰ ਨੂੰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਏ. ਐੱਸ. ਆਈ. ਬਲਵੀਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪੂਰੀ ਤਰ੍ਹਾਂ ਕੁਦਰਤੀ ਸੀ ਅਤੇ ਇਸ ਵਿਚ ਕਿਸੇ ਵੀ ਵਿਅਕਤੀ ਦੀ ਲਾਪ੍ਰਵਾਹੀ ਨਹੀਂ ਮਿਲੀ। ਇਲਾਕਾ ਵਾਸੀਆਂ ਨੇ ਦੱਸਿਆ ਕਿ ਕੰਨੀਆਂ–ਤੋਤੇਵਾਲਾ ਪੁੱਲ ਕਾਫ਼ੀ ਤੰਗ ਹੈ ਅਤੇ ਇਸ ਸੜਕ ’ਤੇ ਅਕਸਰ ਆਵਾਰਾ ਪਸ਼ੂ ਆਉਂਦੇ ਰਹਿੰਦੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੁੱਲ ਦੀ ਚੌੜਾਈ ਵਧਾਈ ਜਾਵੇ ਅਤੇ ਸੜਕ ’ਤੇ ਆਵਾਰਾ ਪਸ਼ੂਆਂ ਦੀ ਰੋਕਥਾਮ ਲਈ ਕਦਮ ਚੁੱਕੇ ਜਾਣ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।