ਵਧ ਸਕਦੀਆਂ ਨੇ ਬਰਖ਼ਾਸਤ ਸਿਹਤ ਮੰਤਰੀ ਸਿੰਗਲਾ ਦੀਆਂ ਮੁਸ਼ਕਿਲਾਂ, ਮਾਮਲੇ ਦੀ ਕਰ ਸਕਦੀ ਹੈ ED ਜਾਂਚ

Friday, May 27, 2022 - 11:03 AM (IST)

ਜਲੰਧਰ (ਸੁਨੀਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਖ਼ਾਸਤ ਕੀਤੇ ਗਏ ਡਾ. ਵਿਜੇ ਸਿੰਗਲਾ ਦਾ ਮਾਮਲਾ ਹੁਣ ਈ. ਡੀ. ਜਾਂਚ ਦੇ ਘੇਰੇ ’ਚ ਆਉਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਈ. ਡੀ. ਨੂੰ ਸਿੰਗਲਾ ਖ਼ਿਲਾਫ਼ ਦਰਜ ਐੱਫ਼. ਆਈ. ਆਰ. ਮਿਲ ਗਈ ਹੈ। ਸੂਤਰਾਂ ਨੇ ਦੱਸਿਆ ਕਿ ਸਿੰਗਲਾ ਦਾ ਮਾਮਲਾ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਹੇਠ ਆ ਸਕਦਾ ਹੈ । ਫਿਰ ਵੀ ਈ. ਡੀ. ਇਸ ਦੀ ਜਾਂਚ ਕਰੇਗੀ। ਸਟਿੰਗ ਆਪ੍ਰੇਸ਼ਨ ਦੌਰਾਨ ਰਿਕਾਰਡ ਕੀਤੀ ਗਈ ਆਡੀਓ ਕਲਿੱਪ, ਜਿਸ ’ਚ ਸਿੰਗਲਾ ਦੇ ਓ. ਐੱਸ. ਟੀ. ਸਰਕਾਰੀ ਟੈਂਡਰਾਂ ਦੇ ਬਦਲੇ ਕਮਿਸ਼ਨ ਦੀ ਮੰਗ ਕਰ ਰਹੇ ਸਨ, ਜਾਂਚ ਲਈ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ CM ਮਾਨ ਦਾ ਮੰਤਰੀਆਂ ਲਈ ਨਵਾਂ ਫਰਮਾਨ ਜਾਰੀ

ਜੇਕਰ ਇਹ ਆਡੀਓ ਕਲਿੱਪ ਅਹਿਮ ਸਬੂਤ ਸਾਬਤ ਹੁੰਦੀ ਹੈ ਤਾਂ ਈ. ਡੀ. ਵੀ ਆਉਣ ਵਾਲੇ ਸਮੇਂ ’ਚ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਈ. ਡੀ. ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। 2018 ’ਚ ਦਰਜ ਐੱਫ਼. ਆਈ. ਆਰ. ’ਚ ਹਨੀ ਦਾ ਨਾਂ ਨਹੀਂ ਸੀ ਪਰ ਫਿਰ ਵੀ ਈ. ਡੀ. ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਸ ਖ਼ਿਲਾਫ਼ ਕਈ ਸਬੂਤ ਸਨ। ਇਸ ਤੋਂ ਬਾਅਦ ਹਨੀ ਦੇ ਟਿਕਾਣੇ ’ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ’ਚ ਨਕਦੀ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ: ਭਖ ਸਕਦੀ ਹੈ ਪੰਜਾਬ ਦੀ ਸਿਆਸਤ, ਅਕਾਲੀਆਂ ਵੇਲੇ ਹੋਏ ਕਰੋੜਾਂ ਦੇ ਸਿੰਚਾਈ ਘਪਲੇ ਦੀਆਂ ਵੀ ਖੁੱਲ੍ਹਣਗੀਆਂ ਫਾਈਲਾਂ

ਸਿੰਗਲਾ ਦੇ ਮਾਮਲੇ ’ਚ ਸਾਬਕਾ ਸਿਹਤ ਮੰਤਰੀ ਦੇ ਓ. ਐੱਸ. ਡੀ. ਨੇ ਠੇਕੇਦਾਰ ਤੋਂ ਕਰੋੜਾਂ ਰੁਪਏ ਕਮਿਸ਼ਨ ਦੀ ਮੰਗ ਕੀਤੀ ਸੀ। ਇਸ ਤਰ੍ਹਾਂ ਪੈਸਾ ਇਕੱਠਾ ਕਰਨਾ ਮਨੀ ਲਾਂਡਰਿੰਗ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਆਉਂਦਾ ਹੈ। ਜੇਕਰ ਆਉਣ ਵਾਲੇ ਸਮੇਂ ’ਚ ਈ. ਡੀ. ਵੱਲੋਂ ਸਿੰਗਲਾ ਖਿਲਾਫ ਵੱਖਰਾ ਮਾਮਲਾ ਦਰਜ ਕੀਤਾ ਜਾਂਦਾ ਹੈ ਤਾਂ ਇਹ ਮਾਮਲਾ ਕਾਫ਼ੀ ਦਿਲਚਸਪ ਬਣ ਜਾਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਇਕ ਰੁਪਏ ਦੀ ਵੀ ਰਿਸ਼ਵਤ ਨਹੀਂ ਚੱਲਣ ਦੇਣਗੇ। ਅਜਿਹੇ ਹਾਲਾਤ ’ਚ ਭ੍ਰਿਸ਼ਟਾਚਾਰ ਹੁਣ ਪੰਜਾਬ ਵਿਚ ਇਕ ਅਹਿਮ ਮੁੱਦਾ ਬਣ ਗਿਆ ਹੈ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ’ਚ ਸਾਲਾਂ ਬਾਅਦ ਭਗਵੰਤ ਮਾਨ ਪਹਿਲੇ ਅਜਿਹੇ ਮੁੱਖ ਮੰਤਰੀ ਬਣ ਗਏ ਹਨ, ਜਿਨ੍ਹਾਂ ਨੇ ਆਪਣੇ ਹੀ ਮੰਤਰੀ ਖਿਲਾਫ ਕਾਰਵਾਈ ਕੀਤੀ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਵੀ ਭ੍ਰਿਸ਼ਟ ਅਨਸਰਾਂ ਖ਼ਿਲਾਫ਼ ਅਜਿਹੀ ਸਖ਼ਤ ਕਾਰਵਾਈ ਨਹੀਂ ਹੋ ਸਕੀ ਸੀ। ਕੈਪਟਨ ਤੋਂ ਪਹਿਲਾਂ ਬਾਦਲਾਂ ਦੇ ਰਾਜ ਦੌਰਾਨ ਵੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕੇ ਗਏ ਸਨ।

ਇਹ ਵੀ ਪੜ੍ਹੋ: ਮਾਂ ਨੂੰ ਆਇਆ ਫੋਨ, ਦੋਸਤਾਂ ਨਾਲ ਦਿੱਲੀ ਜਾ ਰਿਹੈ , ਬਾਅਦ ’ਚ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News