ਸ਼੍ਰੀ ਹਜੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਮਾਮਲੇ ''ਚ ਮਾੜੇ ਪ੍ਰਬੰਧਾਂ ਲਈ ਸਿਹਤ ਮੰਤਰੀ ਜ਼ਿੰਮੇਵਾਰ : ਮਜੀਠੀਆ

Thursday, Apr 30, 2020 - 02:41 PM (IST)

ਅੰਮ੍ਰਿਤਸਰ (ਜ.ਬ.) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਕੋਵਿਡ-19 ਦੀ ਰੋਕਥਾਮ ਵਿਚ ਬੁਰੀ ਤਰ੍ਹਾਂ ਨਾਕਾਮ ਰਹਿਣ ਲਈ ਉਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਅਸਤੀਫਾ ਦੇਣ ਲਈ ਕਹਿਣ । ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ 'ਚ ਕੋਵਿਡ-19 ਕਾਰਣ ਮੌਤਾਂ ਦੀ ਦਰ ਘਟਾਉਣ ਲਈ ਤੁਰੰਤ ਜ਼ਰੂਰੀ ਕਦਮ ਚੁੱਕਣ ਲਈ ਆਖਿਆ ਹੈ।

ਸਿਹਤ ਮੰਤਰੀ ਦੇਵੇ ਅਸਤੀਫਾ
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਵਿਡ-19 ਦੀ ਰੋਕਥਾਮ 'ਚ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਉਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਉਹ ਪਹਿਲਾਂ ਹੀ ਆਪਣੇ ਘਰ ਦੇ ਬਾਹਰ ਇਹ ਬੋਰਡ ਲਾ ਚੁੱਕਿਆ ਹੈ ਕਿ ਉਹ ਲੋਕਾਂ ਲਈ ਉਪਲਬਧ ਨਹੀਂ ਹੈ । ਉਹ ਹਸਪਤਾਲਾਂ 'ਚ ਜਾਣ ਤੋਂ ਵੀ ਇਨਕਾਰ ਕਰ ਚੁੱਕਿਆ ਹੈ, ਜਿਸ ਤਰ੍ਹਾਂ ਕਿ ਕੇਰਲਾ ਅਤੇ ਹਰਿਆਣਾ ਦੇ ਸਿਹਤ ਮੰਤਰੀ ਜਾਂਦੇ ਹਨ, ਜਿਸ ਕਰਕੇ ਇਨ੍ਹਾਂ ਸੂਬਿਆਂ 'ਚ ਕੋਵਿਡ-19 ਕਾਰਣ ਮੌਤਾਂ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਹੈ ਜਦਕਿ ਪੰਜਾਬ ਵਿਚ ਇਹ ਦਰ 6 ਫੀਸਦੀ ਹੈ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦਾ ਕੇਂਦਰ ਨੂੰ ਸੁਝਾਅ, ਟੀ. ਵੀ. ਚੈਨਲਾਂ ਨੂੰ ਰੋਜ਼ਾਨਾ ਮੁਫ਼ਤ ਟਾਈਮ ਸਲਾਟ ਲਈ ਦੇਣ ਨਿਰਦੇਸ਼

ਸ਼ਰਧਾਲੂਆਂ ਦੇ ਲੀ ਕੀਤੇ ਮਾੜੇ ਪ੍ਰਬੰਧਾਂ ਲਈ ਸਿਹਤ ਮੰਤਰੀ ਜ਼ਿੰਮੇਵਾਰ
ਇਹ ਟਿੱਪਣੀ ਕਰਦਿਆਂ ਕਿ ਬਲਬੀਰ ਸਿੱਧੂ ਦਾ ਗੈਰ-ਜ਼ਿੰਮੇਵਾਰਾਨਾ ਵਤੀਰਾ ਸੂਬੇ ਅੰਦਰ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧਣ ਅਤੇ ਮੌਤਾਂ ਦੀ ਦਰ ਵਧਣ ਲਈ ਜ਼ਿੰਮੇਵਾਰ ਹੈ, ਅਕਾਲੀ ਆਗੂ ਨੇ ਕਿਹਾ ਕਿ ਸਿਹਤ ਮੰਤਰੀ ਉਨ੍ਹਾਂ ਸ਼ਰਧਾਲੂਆਂ ਦੇ ਮਾਮਲੇ ਵਿਚ ਕੀਤੇ ਮਾੜੇ ਪ੍ਰਬੰਧਾਂ ਲਈ ਵੀ ਜ਼ਿੰਮੇਵਾਰ ਹੈ, ਜਿਨ੍ਹਾਂ ਨੂੰ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਸ਼ਰਧਾਲੂਆਂ ਦੇ ਚੰਗੀ ਤਰ੍ਹਾਂ ਟੈਸਟ ਨਹੀਂ ਕੀਤੇ ਸਨ ਅਤੇ ਨਾ ਹੀ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। ਮਜੀਠੀਆ ਨੇ ਕਿਹਾ ਕਿ ਕਿ ਜ਼ਿਲ੍ਹਾ ਹੈੱਡਕੁਆਰਟਰਜ਼ ਉੱਤੇ ਸ਼ਰਧਾਲੂਆਂ ਨੁੰ ਕੁਆਰੰਟਾਈਨ ਕਰਨ ਦੇ ਨਿਰਦੇਸ਼ 27 ਅਪ੍ਰੈਲ ਨੂੰ ਪਹੁੰਚੇ ਸਨ ਜਦਕਿ ਸ਼ਰਧਾਲੂ 24 ਅਤੇ 25 ਅਪ੍ਰੈਲ ਨੂੰ ਪੰਜਾਬ ਅੰਦਰ ਆਉਣੇ ਸ਼ੁਰੂ ਹੋ ਗਏ ਸਨ। ਬੜੇ ਦੁੱਖ ਦੀ ਗੱਲ ਹੈ ਕਿ ਸਿਹਤ ਵਿਭਾਗ ਨੇ ਆਈ.ਸੀ.ਐੱਮ.ਆਰ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਮਜੀਠੀਆ ਨੇ ਐਂਬੂਲੈਂਸਾਂ ਅਤੇ ਹਸਪਤਾਲਾਂ ਵਿਚ ਗੰਦਗੀ ਸਬੰਧੀ ਸਾਹਮਣੇ ਆਏ ਤਾਜ਼ਾ ਮਾਮਲਿਆਂ ਬਾਰੇ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਹ ਇਸ ਲਈ ਹੋ ਰਿਹਾ ਹੈ, ਕਿਉਂਕਿ ਸਿਹਤ ਮੰਤਰੀ ਕੋਈ ਨਿਗਰਾਨੀ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ : Breaking : ਅੰਮ੍ਰਿਤਸਰ 'ਚ 'ਕੋਰੋਨਾ' ਦਾ ਵੱਡਾ ਬਲਾਸਟ : ਨਾਂਦੇੜ ਤੋਂ ਪਰਤੇ 23 ਸ਼ਰਧਾਲੂ ਨਿਕਲੇ ਪਾਜ਼ੇਟਿਵ 

ਅਕਾਲੀ ਆਗੂ ਨੇ ਕਿਹਾ ਕਿ ਸਿਹਤ ਮੰਤਰਾਲਾ ਨੇ ਕੇਂਦਰ ਸਰਕਾਰ ਵੱਲੋਂ ਹਾਸਲ ਕੀਤੇ ਫੰਡਾਂ ਦੀ ਵੀ ਵਰਤੋਂ ਨਹੀਂ ਕੀਤੀ ਹੈ। ਭਾਵੇਂ ਕਿ ਕੇਂਦਰ ਵੱਲੋਂ ਐੱਨ.ਆਰ.ਐੱਚ.ਐੱਮ. ਸਕੀਮ ਤਹਿਤ ਪੰਜਾਬ ਨੂੰ 112 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ ਪਰ ਇਨ੍ਹਾਂ ਪੈਸਿਆਂ ਦਾ ਅਜੇ ਤਕ ਢੁੱਕਵਾਂ ਇਸਤੇਮਾਲ ਨਹੀਂ ਕੀਤਾ ਗਿਆ । ਇਸੇ ਤਰ੍ਹਾਂ ਆਫਤ ਪ੍ਰਬੰਧਨ ਫੰਡ ਤਹਿਤ ਹਾਸਲ ਕੀਤੇ 247 ਕਰੋੜ ਵਿਚੋਂ ਅਜੇ ਤਕ ਸਿਰਫ 40 ਕਰੋੜ ਰੁਪਏ ਖਰਚਣ ਲਈ ਭੇਜੇ ਗਏ ਹਨ ਅਤੇ ਇਨ੍ਹਾਂ ਵਿਚੋਂ ਵੀ ਸਿਰਫ 34 ਫੀਸਦੀ ਹੀ ਖਰਚ ਕੀਤੇ ਗਏ ਹਨ।

ਮਜੀਠੀਆ ਨੇ ਆਰਥਿਕ ਪੈਕੇਜ ਦੀ ਕੀਤੀ ਮੰਗ
ਤਾਲਾਬੰਦੀ ਵਧਾਉਣ ਅਤੇ ਸੀਮਤ ਛੋਟਾਂ ਦੇਣ ਸਬੰਧੀ ਟਿੱਪਣੀ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਸ ਪੀਰੀਅਡ ਦੌਰਾਨ ਲੋਕ ਸਿਰਫ ਜ਼ਰੂਰੀ ਵਸਤਾਂ ਹੀ ਖਰੀਦ ਸਕਣਗੇ। ਉਨ੍ਹਾਂ ਕਿਹਾ ਕਿ ਛੋਟਾਂ ਦੇਣ ਸਮੇਂ ਲੋੜੀਂਦੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇੱਕ ਆਰਥਿਕ ਪੈਕੇਜ ਦੀ ਮੰਗ ਕਰਦਿਆਂ ਕਿਹਾ ਕਿ ਖੇਤ ਮਜ਼ਦੂਰਾਂ ਅਤੇ ਦਿਹਾੜੀਦਾਰਾਂ ਨੂੰ 6 ਹਜ਼ਾਰ ਰੁਪਏ ਦੀ ਸਹਾਇਤਾ ਦੇਣੀ ਚਾਹੀਦੀ ਹੈ, ਘਰੇਲੂ ਬਿਜਲੀ ਅਤੇ ਪਾਣੀ ਦੇ ਬਿੱਲ ਅੱਧੇ ਕਰ ਦੇਣੇ ਚਾਹੀਦੇ ਹਨ, ਉਦਯੋਗਾਂ ਨੂੰ ਦੁਬਾਰਾ ਚਲਾਉਣ ਲਈ ਸੰਜੀਦਾ ਯਤਨ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਪਹਿਲਾਂ ਕੀਤੇ ਐਲਾਨ ਸਿਰਫ ਕਾਗਜ਼ਾਂ ਉੱਤੇ ਹੀ ਰਹਿ ਗਏ ਹਨ।


Anuradha

Content Editor

Related News