ਸਿਹਤ ਮੰਤਰੀ ਡਾ. ਸਿੰਗਲਾ ਵੱਲੋਂ ਸਿਵਲ ਸਰਜਨਾਂ ਨੂੰ ਲੋੜ ਅਨੁਸਾਰ ਮੁਲਾਜ਼ਮਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਨ ਦੇ ਹੁਕਮ

Wednesday, Apr 20, 2022 - 07:42 PM (IST)

ਸਿਹਤ ਮੰਤਰੀ ਡਾ. ਸਿੰਗਲਾ ਵੱਲੋਂ ਸਿਵਲ ਸਰਜਨਾਂ ਨੂੰ ਲੋੜ ਅਨੁਸਾਰ ਮੁਲਾਜ਼ਮਾਂ ਦੀ ਰੈਸ਼ਨੇਲਾਈਜ਼ੇਸ਼ਨ ਕਰਨ ਦੇ ਹੁਕਮ

ਚੰਡੀਗੜ੍ਹ : ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਹਦਾਇਤ ਕੀਤੀ ਕਿ ਜਦੋਂ ਤੱਕ ਨਵੀਂ ਭਰਤੀ ਨਹੀਂ ਹੋ ਜਾਂਦੀ, ਉਦੋਂ ਤੱਕ ਸੂਬੇ ਦੇ ਲੋਕਾਂ ਨੂੰ ਸੁਚਾਰੂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਹਿੱਤ ਜ਼ਿਲ੍ਹਿਆਂ ਵਿੱਚ ਤਾਇਨਾਤ ਅਮਲੇ ਦੀ ਜ਼ਰੂਰਤ ਅਨੁਸਾਰ ਰੈਸ਼ਨੇਲਾਈਜ਼ੇਸ਼ਨ ਕਰ ਲਈ ਜਾਵੇ। ਅੱਜ ਇੱਥੇ ਡਾਇਰੈਕਟੋਰੇਟ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਸੈਕਟਰ-34 ਏ ਚੰਡੀਗੜ੍ਹ ਦੇ ਕਮੇਟੀ ਰੂਮ 'ਚ ਪੰਜਾਬ ਰਾਜ ਦੇ ਸਮੂਹ ਸਿਵਲ ਸਰਜਨਾਂ ਨਾਲ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੂੰ ਨਹੀਂ ਮਿਲਿਆ ਜਾਖੜ ਦਾ ਜਵਾਬ

ਉਨ੍ਹਾਂ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸਮੇਂ ਸਿਰ ਆਪਣੀ ਹਾਜ਼ਰੀ ਯਕੀਨੀ ਬਣਾਉਣ ਤਾਂ ਜੋ ਕਿਸੇ ਵੀ ਮਰੀਜ਼ ਜਾਂ ਉਸ ਦੇ ਰਿਸ਼ਤੇਦਾਰ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਡਾ. ਸਿੰਗਲਾ ਨੇ ਇਸ ਮੌਕੇ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਜਲਦ ਤੋਂ ਜਲਦ ਹਸਪਤਾਲਾਂ 'ਚ ਲੋੜੀਂਦੀਆਂ ਦਵਾਈਆਂ ਸਬੰਧੀ ਸੂਚੀ ਹੈੱਡ ਕੁਆਰਟਰ ਕੋਲ ਭੇਜਣ ਤਾਂ ਜੋ ਲੋਕਾਂ ਨੂੰ ਸਰਕਾਰੀ ਡਿਸਪੈਂਸਰੀਆਂ ਰਾਹੀਂ ਸਾਰੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਸੰਸਥਾਗਤ ਜਣੇਪੇ ਨੂੰ ਹੋਰ ਵਧਾਉਣ ਲਈ ਯਤਨ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਗਰਭਵਤੀ ਮਾਵਾਂ ਦੀ ਐਂਟੀਨੇਟਲ ਚੈੱਕਅਪ ਰਜਿਸ਼ਟ੍ਰੇਸ਼ਨ ਵਧਾਈ ਜਾਵੇ ਅਤੇ ਉੱਚ ਜੋਖਿਮ ਵਾਲੀਆਂ ਮਾਵਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਉਨ੍ਹਾਂ ਦਾ ਸੁਰੱਖਿਅਤ ਜਣੇਪਾ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। 

ਇਹ ਵੀ ਪੜ੍ਹੋ : ਰਾਜੋਆਣਾ ਦੀ ਰਿਹਾਈ ਦਾ ਵਿਰੋਧ ਕਰਨ ਵਾਲੇ ਰਵਨੀਤ ਬਿੱਟੂ ਦੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਨਿਖੇਧੀ

ਡਾ. ਸਿੰਗਲਾ ਨੇ ਰੈਫਰਲ ਸਿਸਟਮ ਵਿੱਚ ਸੁਧਾਰ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਜੇਕਰ ਜ਼ਰੂਰੀ ਹੋਵੇ ਤਾਂ ਹੀ ਮਰੀਜ਼ ਨੂੰ ਰੈਫਰ ਕੀਤਾ ਜਾਵੇ ਅਤੇ ਆਕਸੀਜਨ ਪਲਾਟਾਂ ਦੀ ਸਾਂਭ-ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਸਿਹਤ ਮੰਤਰੀ ਨੇ ਸਰਕਾਰੀ ਸਿਹਤ ਸੰਸਥਾਵਾਂ ਦੀ ਸਾਂਭ-ਸੰਭਾਲ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ‘ਤੇ ਜ਼ੋਰ ਦਿੰਦਿਆਂ ਸਿਹਤ ਸੰਸਥਾਵਾਂ ਦੀ ਕਾਰਜ਼ਗੁਜ਼ਾਰੀ 'ਚ ਹੋਰ ਸੁਧਾਰ ਲਿਆਉਣ ਲਈ ਹੁਕਮ ਦਿੱਤੇ। ਉਨ੍ਹਾਂ ਸਿਵਲ ਸਰਜਨਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਉਂਦੀਆਂ ਸਿਹਤ ਸੰਸਥਾਵਾਂ ਦਾ ਸਮੇਂ-ਸਮੇਂ ‘ਤੇ ਦੌਰਾ ਕਰਨ ਅਤੇ ਦੌਰੇ ਦੌਰਾਨ ਪਾਈਆਂ ਘਾਟਾ ਨੂੰ ਦੂਰ ਕਰਨ। 

ਇਹ ਵੀ ਪੜ੍ਹੋ : ਘਰ ਅੱਗੇ ਤੂੜੀ ਸੁੱਟਣ ਤੋਂ ਹੋਏ ਝਗੜੇ 'ਚ ਵੱਡੇ ਭਰਾ ਨੇ ਕੀਤਾ ਛੋਟੇ ਭਰਾ ਦਾ ਕਤਲ

ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਜੋਏ ਸ਼ਰਮਾ, ਆਈ. ਏ. ਐੱਸ, ਮਿਸ਼ਨ ਡਾਇਰੈਕਟਰ ਐੱਨ. ਐੱਚ. ਐੱਮ. ਪੰਜਾਬ ਕੁਮਾਰ ਰਾਹੁਲ, ਮੈਨੇਜਿੰਗ ਡਾਇਰੈਕਟਰ ਪੀ. ਐੱਚ. ਐੱਸ. ਸੀ. ਭੁਪਿੰਦਰ ਸਿੰਘ, ਸੰਯੁਕਤ ਸਕੱਤਰ ਅਮਨਦੀਪ ਕੌਰ ਬਰਾੜ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਗੁਰਿੰਦਰ ਬੀਰ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ (ਪ. ਭ.) ਪੰਜਾਬ, ਡਾ. ਓਮ ਪ੍ਰਕਾਸ਼ ਗੋਜਰਾ, ਡਾਇਰੈਕਟਰ ਐੱਨ. ਐੱਚ. ਐੱਮ. ਡਾ. ਅਰੀਤ ਕੌਰ, ਡਾਇਰੈਕਟਰ ਪੀ. ਐੱਚ. ਐੱਸ. ਸੀ. ਡਾ. ਰਮਨ ਸ਼ਰਮਾ, ਸੰਯੁਕਤ ਡਾਇਰੈਕਟਰ ਹੋਮਿਓਪੈਥੀ ਡਾ. ਬਲਿਹਾਰ ਸਿੰਘ ਅਤੇ ਸਮੂਹ ਡਿਪਟੀ ਡਾਇਰੈਕਟਰ ਤੇ ਹੋਰ ਅਧਿਕਾਰੀ ਹਾਜ਼ਰ ਸਨ।


author

Gurminder Singh

Content Editor

Related News