ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਅਹਿਮ ਬਿਆਨ, ਸਾਨੂੰ ਸੁਰਖੀਆਂ ਨਹੀਂ, ਪੰਜਾਬੀਆਂ ਦੀ ਸਿਹਤ ਫਿੱਟ ਚਾਹੀਦੀ ਹੈ

Saturday, Sep 17, 2022 - 05:55 PM (IST)

ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਅਹਿਮ ਬਿਆਨ, ਸਾਨੂੰ ਸੁਰਖੀਆਂ ਨਹੀਂ, ਪੰਜਾਬੀਆਂ ਦੀ ਸਿਹਤ ਫਿੱਟ ਚਾਹੀਦੀ ਹੈ

ਜਲੰਧਰ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਤੋਂ ਹੀ ਸੁਰਖੀਆਂ ਵਿਚ ਰਿਹਾ ਸਿਹਤ ਮਹਿਕਮਾ ਹੁਣ ਸੁਰਖੀਆਂ ਵਿਚ ਰਹਿਣ ਦੀ ਬਜਾਏ ਪੰਜਾਬੀਆਂ ਦੀ ਸਿਹਤ ਨੂੰ ਫਿੱਟ ਰੱਖਣਾ ਚਾਹੁੰਦਾ ਹੈ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਕਹਿੰਦੇ ਹਨ ਕਿ ਸਾਨੂੰ ਸੁਰਖੀਆਂ ਨਹੀਂ ਚਾਹੀਦੀਆਂ, ਪੰਜਾਬੀਆਂ ਦੀ ਚੰਗੀ ਸਿਹਤ ਚਾਹੀਦੀ ਹੈ। ਇਸ ਲਈ ਸਿਹਤ ਮਹਿਕਮੇ ਵੱਲੋਂ 5 ਸਾਲਾਂ ਵਿਚ ਹੋਣ ਵਾਲੇ ਹਰ ਕੰਮ ਦਾ ਬਲਿਊ ਪ੍ਰਿੰਟ ਤਿਆਰ ਕੀਤਾ ਜਾ ਰਿਹਾ ਹੈ। ਟੀਚੇ ਤੈਅ ਕੀਤੇ ਜਾ ਰਹੇ ਹਨ। ਕੰਮ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ, ਸਰਕਾਰ ਨੇ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ’ਤੇ 75 ਕਲੀਨਿਕਾਂ ਦਾ ਟੀਚਾ ਮਿਥਿਆ ਸੀ, 100 ਕਲੀਨਿਕ ਖੋਲ੍ਹੇ, ਜਿਨ੍ਹਾਂ ਦੀ ਸਫ਼ਲਤਾ ਦਰ 100 ਫ਼ੀਸਦੀ ਹੈ। ਮੰਤਰੀ ਜੋੜਾਮਾਜਰਾ ਦਾ ਦਾਅਵਾ ਹੈ ਕਿ ਇਹ ਰਫ਼ਤਾਰ ਅੱਗੇ ਵੀ ਜਾਰੀ ਰਹੇਗੀ। ਇਸ ਗਤੀ ਨੂੰ ਜਾਣਦਿਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਸਮੇਤ ਕਈ ਅਹਿਮ ਮੁੱਦਿਆਂ ’ਤੇ 'ਜਗ ਬਾਣੀ' ਦੇ ਪ੍ਰਤੀਨਿਧੀ ਅਸ਼ਵਨੀ ਕੁਮਾਰ ਨੇ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਗੱਲਬਾਤ ਕੀਤੀ।

–ਸਰਕਾਰ ਨੇ 75 ਆਮ ਆਦਮੀ ਕਲੀਨਿਕ (ਮੁਹੱਲਾ ਕਲੀਨਿਕ) ਦਾ ਟੀਚਾ ਮਿੱਥਿਆ ਸੀ ਪਰ ਤੁਸੀਂ 100 ਕਲੀਨਿਕ ਖੋਲ੍ਹੇ। ਮੁੱਖ ਮੰਤਰੀ ਮਾਨ ਨੇ ਖੂਬ ਤਾਰੀਫ਼ ਕੀਤੀ। ਹੁਣ ਸਿਹਤ ਮਹਿਕਮੇ ਦਾ ਅਗਲਾ ਟੀਚਾ ਕੀ ਹੈ?
ਸਿਹਤ ਮਹਿਕਮੇ ਦਾ ਅਗਲਾ ਟੀਚਾ ਪੰਜਾਬ ਦੇ ਹਰ ਵਸਨੀਕ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਪਿਛਲੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਕਈ ਪਿੰਡਾਂ ਵਿਚ ਡਿਸਪੈਂਸਰੀਆਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਹੁਣ ਇਨ੍ਹਾਂ ਨੂੰ ਦੋਬਾਰਾ ਬਣਾਉਣ, ਅਪਗ੍ਰੇਡ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਨਾਲ ਹੀ, ਜ਼ਿਲ੍ਹਾ ਪੱਧਰ ’ਤੇ ਹਸਪਤਾਲਾਂ ਦੀ ਗਿਣਤੀ, ਲਗਭਗ 500 ਜੋ ਕਿ ਕਮਿਊਨਿਟੀ ਹੈਲਥ ਸੈਂਟਰ, ਪ੍ਰਾਇਮਰੀ ਹੈਲਥ ਸੈਂਟਰ ਹਨ, ਸਭ ਨੂੰ ਅਪਗ੍ਰੇਡ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਅਗਲੇ ਕੁਝ ਮਹੀਨਿਆਂ ਵਿਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ 150 ਤੋਂ ਵਧਾ ਕੇ 200 ਕਰਨ ਦੀ ਯੋਜਨਾ ਵੀ ਚੱਲ ਰਹੀ ਹੈ।

ਇਹ ਵੀ ਪੜ੍ਹੋ: ‘ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ ਸਬੰਧੀ ਹਾਈਕੋਰਟ ’ਚ ਚੁਣੌਤੀ, ਪੰਜਾਬ ਸਰਕਾਰ ਨੂੰ ਜਾਰੀ ਹੋਇਆ ਨੋਟਿਸ

–ਬੇਸ਼ੱਕ ਤੁਹਾਡਾ ਟੀਚਾ ਸਹੀ ਹੈ ਪਰ ਵਿਰੋਧੀ ਧਿਰ ਦਾ ਦੋਸ਼ ਹੈ ਕਿ ਸਰਕਾਰ ਨੇ ਜੋ ਆਮ ਆਦਮੀ ਕਲੀਨਿਕ ਖੋਲ੍ਹੇ, ਉਹੀ ਨਹੀਂ ਸੰਭਲ ਰਹੇ। ਤਾਇਨਾਤ ਕੀਤਾ ਗਿਆ ਮੈਡੀਕਲ ਸਟਾਫ਼ ਅਤੇ ਡਾਕਟਰ ਹੀ ਨੌਕਰੀ ਛੱਡ ਕੇ ਜਾ ਰਹੇ ਹਨ?
ਅਜਿਹਾ ਨਹੀਂ ਹੈ। ਹਾਂ, ਇਹ ਗੱਲ ਇਕ-ਦੋ ਡਾਕਟਰਾਂ ਦੇ ਪੱਧਰ ’ਤੇ ਸਾਹਮਣੇ ਆਈ ਹੈ। ਇਕ ਡਾਕਟਰ ਨੇ ਐੱਮ. ਡੀ. ਵਿਚ ਦਾਖ਼ਲਾ ਲੈ ਲਿਆ ਸੀ, ਇਸ ਲਈ ਉਹ ਨੌਕਰੀ ਜਾਰੀ ਨਹੀਂ ਰੱਖ ਸਕਿਆ। ਹਰ ਵਿਅਕਤੀ ਦੇ ਵੱਡੇ ਸੁਫ਼ਨੇ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਕ ਹੋਰ ਡਾਕਟਰ ਸ਼ਹਿਰ ਵਿਚ ਤਾਇਨਾਤੀ ’ਤੇ ਅੜੇ ਹੋਏ ਸਨ। ਇਸ ਲਈ ਉਨ੍ਹਾਂ ਦੀਆਂ ਸੇਵਾਵਾਂ ਨਹੀਂ ਲਈਆਂ ਗਈਆਂ। ਪੰਜਾਬ ਵਿਚ ਮਰੀਜ਼ ਇਕੱਲੇ ਸ਼ਹਿਰ ਵਿਚ ਨਹੀਂ ਹਨ। ਇਸ ’ਤੇ ਸ਼ਹਿਰ ਵਿਚ ਹਰ ਕੋਈ ਤਾਇਨਾਤ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਕਿਸੇ ਵੀ ਪੈਰਾ-ਮੈਡੀਕਲ ਸਟਾਫ਼ ਜਾਂ ਸਟਾਫ਼ ਨੇ ਨੌਕਰੀ ਨਹੀਂ ਛੱਡੀ। ਆਮ ਆਦਮੀ ਕਲੀਨਿਕ ਵਧੀਆ ਢੰਗ ਨਾਲ ਚੱਲ ਰਹੇ ਹਨ।

–ਸਿਹਤ ਕੇਂਦਰ ਨੂੰ ਲੈ ਕੇ ਆਮ ਤੌਰ ’ਤੇ ਵਿਰੋਧੀ ਕਹਿੰਦੇ ਹਨ ਕਿ ਦਵਾਈ ਤੋਂ ਲੈ ਕੇ ਐਕਸਰੇ ਤੱਕ ਕਮਿਸ਼ਨ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਕੀ ਤੁਸੀਂ ਇਸ ਨਾਲ ਨਜਿੱਠਣ ਲਈ ਕੋਈ ਬਲਿਊ ਪ੍ਰਿੰਟ ਤਿਆਰ ਕੀਤਾ ਹੈ?
ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਹਸਪਤਾਲ ਵਿਚ ਆਉਣ ਵਾਲੇ ਹਰ ਮਰੀਜ਼ ਨੂੰ ਚੰਗਾ ਇਲਾਜ ਮਿਲੇ। ਮਰੀਜ਼ ਦੇ ਟੈਸਟ ਵੀ ਮੌਕੇ ’ਤੇ ਹੋਣੇ ਚਾਹੀਦੇ ਹਨ, ਦਵਾਈਆਂ ਵੀ ਮੌਕੇ ’ਤੇ ਮਿਲਣੀਆਂ ਚਾਹੀਦੀਆਂ ਹਨ। ਜੇਕਰ ਇਹ ਸਭ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਕਮਿਸ਼ਨ ਅਤੇ ਭ੍ਰਿਸ਼ਟਾਚਾਰ ਨਹੀਂ ਹੋਵੇਗਾ। ਇਸ ਕੜੀ ਵਿਚ ਕਾਰਡੀਓ-ਨਿਊਰੋ ਵਰਗੇ ਡਾਕਟਰਾਂ ਦੀ ਵੀ ਨਿਯੁਕਤੀ ਹੋਣੀ ਹੈ ਤਾਂ ਜੋ ਦਿਲ ਅਤੇ ਦਿਮਾਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਸਥਾਨਕ ਪੱਧਰ ’ਤੇ ਹੀ ਕੀਤਾ ਜਾ ਸਕੇ ਤਾਂ ਜੋ ਕੋਈ ਬਾਹਰੋਂ ਇਲਾਜ ਕਰਵਾਉਣ ਦੀ ਗੱਲ ਨਾ ਕਰੇ। ਸਾਰੇ ਹਸਪਤਾਲ ਪ੍ਰਬੰਧਕਾਂ ਨੂੰ ਇਹ ਸਪੱਸ਼ਟ ਸੰਦੇਸ਼ ਵੀ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਸਰਕਾਰ ਦੀ ਨੀਤੀ ਜ਼ੀਰੋ ਟਾਲਰੈਂਸ ਦੀ ਹੈ।

–ਦਾਅਵਿਆਂ ਦੇ ਉਲਟ ਮਾਲਵੇ ਦੇ ਸਭ ਤੋਂ ਵੱਡੇ ਰਜਿੰਦਰਾ ਹਸਪਤਾਲ ਦੀ ਹਾਲਤ ਕਿਉਂ ਵਿਗੜ ਰਹੀ ਹੈ, ਪਿਛਲੇ ਸਮੇਂ ਦੌਰਾਨ ਰਜਿੰਦਰਾ ਹਸਪਤਾਲ ਹੀ ਮਰੀਜ਼ਾਂ ਨੂੰ ਪੀ.ਜੀ.ਆਈ. ਰੈਫਰ ਕਰਨ ਵਾਲਾ ਹਸਪਤਾਲ ਬਣ ਕੇ ਰਹਿ ਗਿਆ ਹੈ?
ਮੈਂ ਦਾਅਵਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਰਜਿੰਦਰਾ ਹਸਪਤਾਲ ਤੋਂ ਇਕ ਵੀ ਮਰੀਜ਼ ਨੂੰ ਰੈਫਰ ਨਹੀਂ ਕੀਤਾ ਜਾਵੇਗਾ। ਪਟਿਆਲਾ ਮੇਰਾ ਹੋਮ ਟਾਊਨ ਹੈ, ਇਸ ਲਈ ਮੇਰਾ ਧਿਆਨ ਰਜਿੰਦਰਾ ਹਸਪਤਾਲ ’ਤੇ ਵੀ ਹੈ। ਇਹ ਹਸਪਤਾਲ ਮਲਟੀ-ਸਪੈਸ਼ਲਿਟੀ ਮੈਡੀਕਲ ਸਹੂਲਤਾਂ ਨਾਲ ਲੈਸ ਹੋਵੇਗਾ। ਮੈਂ ਫਿਰ ਦਾਅਵਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਪਟਿਆਲਾ ਅਤੇ ਨੇੜੇ ਦੇ ਮਰੀਜ਼ ਪਟਿਆਲਾ ਵਿਚ ਹੀ ਇਲਾਜ ਕਰਵਾਉਣ ਨੂੰ ਪਹਿਲ ਦੇਣਗੇ। ਅਸੀਂ ਪੰਜਾਬ ਦੇ ਸਾਰੇ ਹਸਪਤਾਲਾਂ ਨੂੰ ਰੈਫਰਿੰਗ ਹਸਪਤਾਲਾਂ ਦੇ ਟੈਗ ਤੋਂ ਮੁਕਤ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੇ ਹਾਂ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਬੀਜ ਵਿਕਰੇਤਾ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ CM ਮਾਨ ਨੂੰ ਸੁਸਾਈਡ ਨੋਟ 'ਚ ਕੀਤੀ ਫਰਿਆਦ

–ਤੁਹਾਡੇ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸਿਹਤ ਮਹਿਕਮਾ ਸੁਰਖੀਆਂ ਵਿਚ ਸੀ। ਸਾਬਕਾ ਸਿਹਤ ਮੰਤਰੀ ਵਿਜੈ ਸਿੰਗਲਾ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸਿੰਗਲਾ ਦੇ ਕਾਰਜਕਾਲ ਦੌਰਾਨ ਹੋਏ ਸਾਰੇ ਕੰਮਾਂ ਦੀ ਜਾਂਚ ਕਰਵਾਈ ਜਾਵੇਗੀ। ਕੀ ਤੁਸੀਂ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਾਂਚ ਪੂਰੀ ਕਰਵਾ ਲਈ ਹੈ?
ਪੰਜਾਬ ਸਰਕਾਰ ਲੋਕਾਂ ਦੇ ਇਕ-ਇਕ ਰੁਪਏ ਦੀ ਜਵਾਬਦੇਹ ਹੈ। ਜੋ ਵੀ ਟੈਂਡਰ ਹੋਏ ਸਨ, ਉਨ੍ਹਾਂ ਦੀ ਜਾਂਚ ਕਰ ਕੇ ਹੀ ਅੱਗੇ ਦਾ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਬਹੁਤ ਚਿੰਤਤ ਹੈ ਅਤੇ ਹੁਣ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ। ਕਿਸੇ ਨੂੰ ਵੀ ਗਲਤ ਕੰਮ ਨਹੀਂ ਕਰਨ ਦਿੱਤਾ ਜਾਵੇਗਾ।

–ਪੰਜਾਬ ਵਿਚ ਨਸ਼ਾਖੋਰੀ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਵੀ ਨਸ਼ਿਆਂ ਦੀ ਰੋਕਥਾਮ ਦੇ ਦਾਅਵੇ ਕੀਤੇ ਸਨ ਪਰ ਨਸ਼ਿਆਂ ਨਾਲ ਪੀੜਤ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਇਸ ਨੂੰ ਰੋਕਣ ਲਈ ਸਰਕਾਰ ਕੀ ਕਰ ਰਹੀ ਹੈ?
ਪੰਜਾਬ ਸਰਕਾਰ ਨਸ਼ਿਆਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਸਹੂਲਤਾਂ ਵਿਚ ਲਗਾਤਾਰ ਸੁਧਾਰ ਕਰ ਰਹੀ ਹੈ। ਪਟਿਆਲਾ ਵਿਚ ਨਵੇਂ ਰਿਹੈਬਲੀਟੇਸ਼ਨ ਸੈਂਟਰ ਖੋਲ੍ਹੇ ਗਏ ਹਨ। ਪਟਿਆਲਾ ਦੇ ਸਾਕੇਤ ਹਸਪਤਾਲ ਵਿਚ ਚੱਲ ਰਿਹਾ ਰਿਹੈਬਲੀਟੇਸ਼ਨ ਸੈਂਟਰ ਪਹਿਲਾ ਅਜਿਹਾ ਕੇਂਦਰ ਹੈ, ਜਿੱਥੇ ਮਰੀਜ਼ਾਂ ਨੂੰ ਹੁਨਰ ਆਧਾਰਿਤ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਜਦੋਂ ਉਹ ਇਲਾਜ ਕਰਵਾ ਕੇ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਫਰਤ ਦੀ ਨਜ਼ਰ ਨਾਲ ਨਾ ਦੇਖਿਆ ਜਾਵੇ ਸਗੋਂ ਰੋਜ਼ਗਾਰ ਦਿੱਤਾ ਜਾਵੇ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ 'ਚ ਕਰੋੜਾਂ ਦਾ ਰਾਸ਼ਨ ਖਾ ਗਏ ਅਯੋਗ ਲੋਕ

–ਦਾਅਵਿਆਂ ਦੇ ਉਲਟ ਨਸ਼ਿਆਂ ਤੋਂ ਪੀੜਤ ਮਰੀਜ਼ ਤਾਂ ਹੜਤਾਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਦਵਾਈ ਵੀ ਨਹੀਂ ਮਿਲ ਰਹੀ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਵਿਭਾਗ ਇਸ ਪੂਰੇ ਮਾਮਲੇ ਤੋਂ ਡੂੰਘਾਈ ਨਾਲ ਜਾਣੂੰ ਹੈ। ਪੰਜਾਬ ਵਿਚ ਸਿਰਫ਼ ਰਜਿਸਟਰਡ ਮਰੀਜ਼ਾਂ ਨੂੰ ਹੀ ਦਵਾਈਆਂ ਮਿਲਦੀਆਂ ਹਨ। ਮਰੀਜ਼ ਦਾ ਕਹਿਣਾ ਹੈ ਕਿ 7-8 ਦਿਨ ਦੀ ਦਵਾਈ ਦਿੱਤੀ ਜਾਵੇ ਪਰ ਬਾਅਦ ਵਿਚ ਉਹ ਇਹ ਦਵਾਈ ਬਾਹਰ ਵੇਚ ਦਿੰਦਾ ਹੈ। ਇਹ ਇਕ ਗੰਭੀਰ ਮੁੱਦਾ ਹੈ। ਇਸ ਲਈ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਮਰੀਜ਼ਾਂ ਨੂੰ ਸਿਰਫ਼ ਗੋਲੀ ਦੇ ਸਹਾਰੇ ਨਾ ਰੱਖਿਆ ਜਾਵੇ, ਸਗੋਂ ਅੱਗੇ ਇਲਾਜ ਕਰਵਾਇਆ ਜਾਵੇ। ਇਸਦਾ ਫਾਲੋਅਪ ਵੀ ਕਰਵਾਇਆ ਜਾ ਰਿਹਾ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿੰਨੇ ਮਰੀਜ਼ਾਂ ਨੇ ਨਸ਼ਾ ਛੱਡਿਆ ਅਤੇ ਕਿੰਨਿਆਂ ਨੇ ਨਸ਼ਾ ਨਹੀਂ ਛੱਡਿਆ।

ਇਹ ਵੀ ਪੜ੍ਹੋ: ਮੇਹਟੀਆਣਾ ਵਿਖੇ ਕਰੰਟ ਲੱਗਣ ਨਾਲ 23 ਸਾਲਾ ਨੌਜਵਾਨ ਦੀ ਮੌਤ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News