ਲੋਕਾਂ ਦੇ ਬਣਨਗੇ ਸਿਹਤ ਡਿਜੀਟਲ ਕਾਰਡ, ਮਰੀਜ਼ਾਂ ਨੂੰ ਇਲਾਜ ''ਚ ਹੋਵੇਗੀ ਸੌਖ
Tuesday, Jul 04, 2023 - 04:24 PM (IST)
ਫਾਜ਼ਿਲਕਾ (ਨਾਗਪਾਲ) : ਪੰਜਾਬ ਸਿਹਤ ਕ੍ਰਾਂਤੀ ਦਾ ਸੂਤਰਧਾਰ ਬਣੇਗਾ। ਵਿਭਾਗ ਦਾ ਨਵਾਂ ਡਿਜੀਟਲ ਉਪਰਾਲਾ, ਜਿਸ ਤਹਿਤ ਹੁਣ ਹਸਪਤਾਲ ’ਚ ਆਉਣ ਵਾਲੇ ਹਰੇਕ ਮਰੀਜ਼ ਦੀ ਇਕ ਵਿਲੱਖਣ ਸਿਹਤ ਪਛਾਣ ਆਈ. ਡੀ. ਬਣਾਈ ਜਾਵੇਗੀ। ਉਸ ਤੋਂ ਬਾਅਦ ਭਵਿੱਖ ’ਚ ਉਕਤ ਵਿਅਕਤੀ ਜਦੋਂ ਕਦੇ ਵੀ ਇਲਾਜ ਲਈ ਹਸਪਤਾਲ 'ਚ ਆਵੇਗਾ ਤਾਂ ਉਕਤ ਆਈ. ਡੀ. ਤੋਂ ਉਸਦੇ ਪਿਛਲੇ ਇਲਾਜ ਦਾ ਸਾਰਾ ਰਿਕਾਰਡ ਡਾਟਕਰ ਆਨਲਾਈਨ ਵੇਖ ਸਕੇਗਾ।
ਇਹ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੇ ਪੜਾਅ 'ਚ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਦੇ ਡਾਕਟਰਾਂ, ਸੀ. ਐੱਚ. ਓ. ਅਤੇ ਸਟਾਫ਼ ਨਰਸ ਦੀ ਹੈਲਥ ਪ੍ਰੋਫੈਸ਼ਨਲ ਆਈ. ਡੀ. ਬਣ ਗਈ ਹੈ, ਜਿਸ ਰਾਹੀਂ ਇਹ ਲੋਕ ਇਨ੍ਹਾਂ ਕੋਲ ਆਉਣ ਵਾਲੇ ਹਰੇਕ ਮਰੀਜ਼ ਦੀ ਮੌਕੇ 'ਕੇ ਹੀ ਆਈ. ਡੀ. ਤਿਆਰ ਕਰਕੇ ਅੱਗੇ ਤੋਂ ਇਸ ਸਬੰਧੀ ਸਾਰੀ ਜਾਣਕਾਰੀ ਉਕਤ ਆਈ. ਡੀ. 'ਤੇ ਆਨਲਾਈਨ ਅਪਡੇਟ ਕਰਨਗੇ। ਡਾ. ਸ਼ਤੀਸ਼ ਗੋਇਲ ਨੇ ਕਿਹਾ ਕਿ ਪਹਿਲੇ ਪੜਾਅ ’ਚ ਸਿਹਤ ਸਟਾਫ਼ ਅਤੇ ਸਰਕਾਰੀ ਅਧਿਕਾਰੀਆਂ, ਮੁਲਾਜ਼ਮਾਂ ਦੀਆਂ ਸਿਹਤ ਆਈ. ਡੀਜ਼. ਬਣਾਈਆਂ ਜਾਣਗੀਆਂ ਅਤੇ ਫਿਰ ਸਾਰੇ ਲੋਕਾਂ ਤੱਕ ਇਸਦਾ ਵਿਸਥਾਰ ਕੀਤਾ ਜਾਵੇਗਾ।
ਇਸ ਨਾਲ ਲੋਕਾਂ ਦੀ ਸਿਹਤ ਸਬੰਧੀ ਸਾਰਾ ਡਾਟਾ ਆਨਲਾਈਨ ਵਿਭਾਗ ਕੋਲ ਆ ਜਾਵੇਗਾ, ਜਿਸ ਨਾਲ ਵਿਭਾਗ ਕਿਸੇ ਵੀ ਇਲਾਕੇ ’ਚ ਕਿਹੜਾ ਰੋਗ ਵੱਧ ਰਿਹਾ ਹੈ ਜਾਂ ਲੋਕਾਂ ਦੀ ਸਿਹਤ ਦੀ ਸਥਿਤੀ ਕੀ ਹੈ, ਬਾਰੇ ਜਾਣਕਾਰੀ ਹਾਸਲ ਕਰ ਸਕੇਗਾ। ਇਸ ਤੋਂ ਬਿਨ੍ਹਾਂ ਲੋਕਾਂ ਨੂੰ ਵੀ ਵੱਡੀ ਸਹੂਲਤ ਹੋਵੇਗੀ ਕਿ ਉਨ੍ਹਾਂ ਵੱਲੋਂ ਪਿਛਲੇ ਕਰਵਾਏ ਇਲਾਜ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਆਨਲਾਈਨ ਜਮ੍ਹਾਂ ਹੋਣ ਕਾਰਨ ਅਗਲੇ ਡਾਕਟਰ ਨੂੰ ਇਲਾਜ ਕਰਨ ਵਿਚ ਸੌਖ ਹੋਵੇਗੀ। ਇਸ ਕਾਰਡ ’ਚ ਹਰ ਤਰ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਦਰਜ ਹੋਵੇਗੀ ਅਤੇ ਇਹ ਆਈ. ਡੀ. 12 ਅੰਕਾਂ ਦੀ ਹੋਵੇਗੀ।