ਸਿਹਤ ਵਿਭਾਗ ਦੀ ਅਪੀਲ, ਕਿਸਾਨ ਝੋਨੇ ਦੀ ਪਰਾਲੀ ਨਾ ਸਾੜਨ
Tuesday, Oct 24, 2023 - 01:30 PM (IST)
ਲੁਧਿਆਣਾ (ਸਹਿਗਲ) : ਪੰਜਾਬ ਸਿਹਤ ਵਿਭਾਗ ਅਤੇ ਖੇਤੀ ਵਿਭਾਗ ਨੇ ਸਾਂਝੇ ਤੌਰ ’ਤੇ ਕਿਸਾਨਾਂ ਨੂੰ ਆਪਣੇ ਖੇਤਾਂ ’ਚ ਝੋਨੇ ਦੀ ਪਰਾਲੀ ਨਾ ਸਾੜਨ ਲਈ ਉਤਸ਼ਾਹਤ ਕੀਤਾ। ਇਸ ਲਈ ਸਿਹਤ ਵਿਭਾਗ ਨੇ ਇਸ ਮਾਮਲੇ 'ਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਸ਼ਾ ਵਰਕਰਾਂ ਨੂੰ ਨਿਯਮ ਨਾਲ ਸਿਖਲਾਈ ਦਿੱਤੀ ਹੈ। ਇਸ ਸਬੰਧੀ ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਪੂਨਮ ਗੋਇਲ ਦੀ ਅਗਵਾਈ ’ਚ ਸਾਰੇ ਆਸ਼ਾ ਫੈਸਿਲੀਟੇਟਰਾਂ ਅਤੇ ਆਸ਼ਾ ਵਰਕਰਾਂ ਨੂੰ ਕਿਸਾਨਾਂ ਦੇ ਘਰ-ਘਰ ਜਾਣ ਲਈ ਕਮਿਊਨਿਟੀ ਸੈਂਟਰ ਸਾਹਨੇਵਾਲ ’ਚ ਸਿਖਲਾਈ ਦਿੱਤੀ ਗਈ ਹੈ।
ਇਸ ਮੌਕੇ ਡਾ. ਪੂਨਮ ਗੋਇਲ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਣੂਸ਼ਣ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਜਿਵੇਂ ਧੂੰਏਂ ਕਾਰਨ ਸਾਹ ਲੈਣ ’ਚ ਮੁਸ਼ਕਲ, ਅੱਖਾਂ 'ਚ ਜਲਣ, ਅੱਖਾਂ ਦੀ ਰੌਸ਼ਨੀ ’ਤੇ ਬੁਰਾ ਅਸਰ, ਅਸਥਮਾ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵਧਣਾ ਸ਼ਾਮਲ ਹਨ। ਇਸ ਮੌਕੇ ਹਵਾ ਪ੍ਰਦੂਸ਼ਣ ਗਰੁੱਪ ਦੀ ਜ਼ਿਲ੍ਹਾ ਕੋ-ਆਰਡੀਨੇਟਰ ਰੁਚਿਕਾ ਵਰਮਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੇਤਾਂ 'ਚ ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਦਿਨੋਂ-ਦਿਨ ਘੱਟ ਹੋ ਰਹੀ ਹੈ। ਅੱਗ ਨਾਲ ਖੇਤਾਂ ਤੇ ਆਸ-ਪਾਸ ਖੜ੍ਹੇ ਰੁੱਖਾਂ ਦੇ ਸੜ ਜਾਣ ਕਾਰਨ ਇਨ੍ਹਾਂ ’ਤੇ ਰਹਿਣ ਵਾਲੇ ਪੰਛੀ ਵੀ ਅੱਗ ਦੀ ਲਪੇਟ ’ਚ ਆ ਕੇ ਮਰ ਜਾਂਦੇ ਹਨ।
ਜਦੋਂ ਮਨੁੱਖ ਕੁਦਰਤ ਦੇ ਨਾਲ ਅਜਿਹਾ ਵਿਵਹਾਰ ਕਰਦਾ ਹੈ ਤਾਂ ਨਤੀਜੇ ਭਿਆਨਕ ਹੁੰਦੇ ਹਨ। ਪਰਾਲੀ ਸਾੜਨ ਨਾਲ ਅਸੀਂ ਸਲਫਰ ਵਰਗੇ ਤੱਤ ਵੀ ਨਸ਼ਟ ਕਰ ਦਿੰਦੇ ਹਾਂ। ਪਰਾਲੀ ਵਾਲੇ ਖੇਤਾਂ ਵਿਚ ਜੁਤਾਈ ਕਰਨ ਨਾਲ ਕਣਕ ਦੀ ਪੈਦਾਵਾਰ ਵਧਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਕਣਕ ਦੀ ਬਿਜਾਈ ਆਧੁਨਿਕ ਮਸ਼ੀਨਾਂ ਜਿਵੇਂ ਸੀਡਰ ਆਦਿ ਨਾਲ ਕਰਨੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਪਰਮਿੰਦਰ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਧਿਕਾਰੀ ਰਜਿੰਦਰ ਸਿੰਘ ਨੇ ਕਿਹਾ ਕਿ ਖੇਤਾਂ ਵਿਚ ਪਰਾਲੀ ਸਾੜਨ ਦਾ ਚਲਨ ਵੱਧ ਗਿਆ ਹੈ, ਜੋ ਬਹੁਤ ਖ਼ਤਰਨਾਕ ਹੈ ਅਤੇ ਇਹ ਸੜਕਾਂ ‘ਤੇ ਚੱਲ ਵਾਲੇ ਵਾਹਨਾਂ ਲਈ ਸੜਕ ਦੁਰਘਟਨਾ ਦਾ ਕਾਰਨ ਵੀ ਬਣਦਾ ਹੈ।