ਸਿਹਤ ਵਿਭਾਗ ਦੀ ਟੀਮ ਨੇ ਫਾਸਟ ਫੂਡ ਵੇਚਣ ''ਤੇ ਕੱਸਿਆ ਸ਼ਿਕੰਜਾ, ਛਾਪੇਮਾਰੀ ਕਰਕੇ ਲਏ 7 ਸੈਂਪਲ

Sunday, Mar 23, 2025 - 12:00 PM (IST)

ਸਿਹਤ ਵਿਭਾਗ ਦੀ ਟੀਮ ਨੇ ਫਾਸਟ ਫੂਡ ਵੇਚਣ ''ਤੇ ਕੱਸਿਆ ਸ਼ਿਕੰਜਾ, ਛਾਪੇਮਾਰੀ ਕਰਕੇ ਲਏ 7 ਸੈਂਪਲ

ਹੁਸ਼ਿਆਰਪੁਰ (ਘੁੰਮਣ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਦਿਲਰਾਜ ਸਿੰਘ ਆਈ. ਏ. ਐੱਸ. ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਦੇ ਹੁਕਮਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਫੂਡ ਸੇਫਟੀ ਟੀਮਾਂ ਵੱਲੋਂ ਮੁਹਿੰਮ ਸਿਹਤਮੰਦ ਪੰਜਾਬ ਤਹਿਤ ਜ਼ਿਲ੍ਹੇ ਵਿਚ ਲੋਕਾਂ ਨੂੰ ਸਾਫ਼ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਸਾਰਥਕ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਅੱਜ ਫੂਡ ਸੇਫਟੀ ਅਫ਼ਸਰ ਮੁਨੀਸ਼ ਸੋਢੀ ਅਤੇ ਟੀਮ ਮੈਂਬਰਾਂ ਵੱਲੋਂ ਦਸੂਹਾ ਅਤੇ ਮੁਕੇਰੀਆਂ ਵਿਖੇ ਕਈ ਫੂਡ ਵਿਕਰੇਤਾਵਾਂ ਦੀ ਚੈਕਿੰਗ ਕਰਕੇ ਵੱਖ-ਵੱਖ ਖਾਧ ਪਦਾਰਥਾਂ ਦੇ 7 ਸੈਂਪਲ ਭਰੇ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਚੱਲੀਆਂ ਫ਼ਿਲਮੀ ਸਟਾਈਲ 'ਚ ਗੋਲ਼ੀਆਂ! ਪੁਲਸ ਨੂੰ ਵੇਖ ਨੌਜਵਾਨ ਨੇ ਭਜਾਈ ਕਾਰ, ਫਿਰ ਵੀਡੀਓ ਬਣਾ...

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁਨੀਸ਼ ਸੋਢੀ ਨੇ ਦੱਸਿਆ ਕਿ ਮੁਕੇਰੀਆਂ ਵਿਖੇ ਘਰਾਂ ਵਿਚ ਫਾਸਟ ਫੂਡ ਤਿਆਰ ਕਰਨ ਵਾਲੀਆਂ ਵੱਖ-ਵੱਖ ਥਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਫਾਸਟ ਫੂਡ ਤਿਆਰ ਕਰਨ ਸਮੇਂ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਗਏ। ਇਸਦੇ ਨਾਲ ਹੀ ਮੁਕੇਰੀਆਂ ਦੀ ਚੌਪਾਟੀ ਮਾਰਕੀਟ ਵਿਚ ਵੀ ਫਾਸਟ ਫੂਡ ਵਾਲੇ ਸਟਾਲਾਂ/ਰੇਹੜੀਆਂ ਦੀ ਚੈਕਿੰਗ ਕੀਤੀ ਗਈ ਅਤੇ ਫਾਸਟ ਫੂਡ ਲਈ ਇਸਤੇਮਾਲ ਕੀਤੀ ਜਾ ਰਹੀ ਮਿਆਦ ਪੁੱਗੀ ਮਿਓਨੀਜ ਨੂੰ ਮੌਕੇ ’ਤੇ ਨਸ਼ਟ ਕਰਵਾਇਆ ਗਿਆ।

ਉਨ੍ਹਾਂ ਨੂੰ ਮਿਆਦ ਪੁੱਗੇ ਖਾਧ ਪਦਾਰਥਾਂ ਨੂੰ ਇਸਤੇਮਾਲ ਨਾ ਕਰਨ ਅਤੇ ਐੱਫ.ਐੱਸ.ਐੱਸ.ਏ.ਆਈ. ਦੇ ਨਿਯਮਾਂ ਦੀ ਪਾਲਣਾ ਕਰਨ ਲਈ ਤਾੜਨਾ ਕੀਤੀ ਗਈ ਤਾਂ ਜੋ ਕਿਸੇ ਵੀ ਵਿਅਕਤੀ ਦੀ ਸਿਹਤ ’ਤੇ ਬੁਰਾ ਅਸਰ ਨਾ ਪਵੇ। ਉਨ੍ਹਾਂ ਨੂੰ ਫਾਸਟ ਫੂਡ ਤਿਆਰ ਕਰਨ ਲਈ ਖਾਧ ਰੰਗਾਂ ਦੀ ਬਹੁਤ ਜ਼ਿਆਦਾ ਵਰਤੋ ਨਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਚੈਕਿੰਗ ਦੌਰਾਨ ਮੋਮੋਜ ਦੇ 3 ਸੈਂਪਲ ਵੀ ਭਰੇ ਗਏ।

ਇਹ ਵੀ ਪੜ੍ਹੋ : ਕਰਨਲ ਬਾਠ ਦੀ ਪਤਨੀ ਦੇ ਇਲਜ਼ਾਮਾਂ ਮਗਰੋਂ ਕੈਮਰੇ ਸਾਹਮਣੇ ਆਏ SSP ਨਾਨਕ ਸਿੰਘ, ਕੀਤੇ ਵੱਡੇ ਖ਼ੁਲਾਸੇ 

ਉਨ੍ਹਾਂ ਦੱਸਿਆ ਕਿ ਦਸੂਹਾ ਵਿਖੇ ਵੀ ਗੁੜ ਦੇ ਇਕ ਵੇਲਣੇ ਅਤੇ ਵੱਖ-ਵੱਖ ਖਾਧ ਪਦਾਰਥਾਂ ਦੀਆਂ ਥਾਵਾਂ ਤੋਂ ਗੁੜ, ਕੇਕ, ਚੌਲ ਅਤੇ ਦਾਲਾਂ ਦੇ ਕੁੱਲ 4 ਸੈਂਪਲ ਭਰੇ ਗਏ ਅਤੇ ਫੂਡ ਵਿਕਰੇਤਾਵਾਂ ਨੂੰ ਖਾਧ ਪਦਾਰਥਾਂ ਦੀ ਵਿਕਰੀ ਲਈ ਵਰਤੇ ਜਾਣ ਵਾਲੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਫੂਡ ਸੇਫਟੀ ਅਫ਼ਸਰ ਮੁਨੀਸ਼ ਸੋਢੀ ਨੇ ਦੱਸਿਆ ਕਿ ਭਰੇ ਗਏ ਇਨ੍ਹਾਂ 7 ਸੈਂਪਲਾਂ ਨੂੰ ਜਾਂਚ ਲਈ ਫੂਡ ਲੈਬ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਾਂ-ਬਾਪ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਜੇਕਰ ਬੱਚਿਆਂ ਨੂੰ ਫਾਸਟ ਫੂਡ ਖੁਆਉਣ ਲਈ ਲੈ ਕੇ ਵੀ ਜਾਂਦੇ ਹਨ ਤਾਂ ਇਹ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਜਿਹੜੀਆਂ ਚੀਜ਼ਾਂ ਬਹੁਤ ਰੰਗਦਾਰ ਹੋਣ ਉਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਗੁਰੇਜ਼ ਕੀਤਾ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ 12 ਮਈ ਤੱਕ ਲੱਗ ਗਈਆਂ ਸਖ਼ਤ ਪਾਬੰਦੀਆਂ, ਰਹੋ ਸਾਵਧਾਨ, ਨਹੀਂ ਤਾਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News