ਜਨਤਕ ਜਾਗਰੂਕਤਾ ਤੇ ਠੋਸ ਕਾਰਵਾਈ ਨਾਲ ਕਰਾਂਗੇ ਨਸ਼ੇ ਦਾ ਪੂਰੀ ਤਰ੍ਹਾਂ ਸਫ਼ਾਇਆ: SSP ਸੰਦੀਪ ਕੁਮਾਰ ਮਲਿਕ

Friday, Jul 25, 2025 - 07:16 PM (IST)

ਜਨਤਕ ਜਾਗਰੂਕਤਾ ਤੇ ਠੋਸ ਕਾਰਵਾਈ ਨਾਲ ਕਰਾਂਗੇ ਨਸ਼ੇ ਦਾ ਪੂਰੀ ਤਰ੍ਹਾਂ ਸਫ਼ਾਇਆ: SSP ਸੰਦੀਪ ਕੁਮਾਰ ਮਲਿਕ

ਹੁਸ਼ਿਆਰਪੁਰ (ਘੁੰਮਣ)- ਨਸ਼ੇ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਦੀ ਫ਼ੈਸਲਾਕੁੰਨ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਜ਼ਿਲ੍ਹੇ ਵਿਚ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਪੁਲਸ ਅਤੇ ਨਸ਼ਾ ਮੁਕਤੀ ਮੋਰਚੇ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਹੋਈ। ਮੀਟਿੰਗ ਦੀ ਪ੍ਰਧਾਨਗੀ ਐੱਸ. ਐੱਸ. ਪੀ. ਸੰਦੀਪ ਕੁਮਾਰ ਮਲਿਕ ਨੇ ਕੀਤੀ, ਜਿਸ ਵਿਚ ਸਾਰੇ ਐੱਸ. ਪੀਜ਼. ਅਤੇ ਐੱਸ. ਐੱਚ. ਓਜ਼. ਨਾਲ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਸਿਆਣ ਅਤੇ ਸਾਰੇ ਵਿਧਾਨ ਸਭਾ ਕੋਆਰਡੀਨੇਟਰ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ! ਅਕਾਲੀ ਦਲ ਨਾਲ ਗਠਜੋੜ ’ਤੇ ਭਾਜਪਾ...

ਐੱਸ. ਐੱਸ. ਪੀ. ਮਲਿਕ ਨੇ ਸਪੱਸ਼ਟ ਕੀਤਾ ਕਿ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਨਸ਼ੇ ਦੇ ਖ਼ਾਤਮੇ ਲਈ ਜੰਗੀ ਪੱਧਰ ‘ਤੇ ਯਤਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਜ਼ਿਲ੍ਹੇ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਤੋਂ 'ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿਚ ‘ਵਿਲੇਜ਼ ਤੇ ਵਾਰਡ ਡਿਫੈਂਸ ਕਮੇਟੀਆਂ’ ਦੁਆਰਾ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਲੋਕਾਂ ਦੀ ਭਾਗੀਦਾਰੀ ਨੂੰ ਵਧਾਇਆ ਜਾ ਸਕੇ।

ਮੀਟਿੰਗ ਵਿਚ ਇਹ ਤੈਅ ਕੀਤਾ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿਚ ਪੁਲਿਸ ਅਤੇ ਸਮਾਜਿਕ ਸੰਗਠਨਾਂ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਜ਼ਿਲ੍ਹੇ ਵਿਚ ਨਸ਼ਿਆਂ ਦੇ ਨੈੱਟਵਰਕ ਵਿਰੁੱਧ ਕਾਰਵਾਈ ਕਰਨ ਦੇ ਨਾਲ-ਨਾਲ ਜਨਤਾ ਨੂੰ ਜਾਗਰੂਕ ਕਰਨਾ ਤਰਜ਼ੀਹ ਰਹੇਗੀ। ਐੱਸ. ਐੱਸ. ਪੀ. ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਕਾਨੂੰਨ ਵਿਵਸਥਾ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਇਸ ਨੂੰ ਇਕ ਸਮਾਜਿਕ ਲਹਿਰ ਬਣਾ ਕੇ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਅਜੇ ਹੋਰ ਪਵੇਗਾ ਮੀਂਹ, ਜਾਣੋ ਅਗਲੇ ਦਿਨਾਂ ਦੇ ਮੌਸਮ ਦਾ ਹਾਲ

ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋਆਰਡੀਨੇਟਰ ਸਤਵੰਤ ਸਿੰਘ ਸਿਆਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਹ ਮੁਹਿੰਮ ਸੂਬੇ ਨੂੰ ਨਸ਼ੇ ਦੀ ਬੁਰਾਈ ਤੋਂ ਮੁਕਤ ਕਰਨ ਵੱਲ ਇਕ ਮਜ਼ਬੂਤ ਕਦਮ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿਚ ਮਿਲੀਆਂ ਪ੍ਰਾਪਤੀਆਂ ਪ੍ਰੇਰਨਾਦਾਇਕ ਹਨ। ਦੂਜੇ ਪੜਾਅ ਵਿਚ ਹੋਰ ਪ੍ਰਭਾਵਸ਼ਾਲੀ ਯਤਨ ਕੀਤੇ ਜਾਣਗੇ ਤਾਂ ਜੋ ਨਸ਼ਿਆਂ ਦੀ ਦੁਰਵਰਤੋਂ ਦਾ ਪੂਰੀ ਤਰ੍ਹਾਂ ਖ਼ਾਤਮਾ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਕਈ ਵਿਸ਼ਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਗਈ, ਜਿਸ ਵਿਚ ਪ੍ਰਸ਼ਾਸਕੀ ਸਹਿਯੋਗ, ਜਨਤਕ ਭਾਗੀਦਾਰੀ, ਇਲਾਜ ਕੇਂਦਰਾਂ ਦੀ ਭੂਮਿਕਾ ਅਤੇ ਸੂਚਨਾ ਨੈੱਟਵਰਕ ਨੂੰ ਮਜ਼ਬੂਤ ਬਣਾਉਣ ਵਰਗੇ ਪਹਿਲੂ ਸ਼ਾਮਲ ਸਨ। ਅਧਿਕਾਰੀਆਂ ਨੇ ਕਿਹਾ ਕਿ ਆਪਸੀ ਤਾਲਮੇਲ ਰਾਹੀਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਮੀਤ ਪ੍ਰਧਾਨ ਡਾ. ਮੁਕੇਸ਼ ਕੰਡਾ, ਵਿਧਾਨ ਸਭਾ ਹਲਕਾ ਕੋਆਰਡੀਨੇਟਰ ਬਲਜੀਤ ਸਿੰਘ ਚੱਬੇਵਾਲ, ਜਸਵੀਰ ਸਿੰਘ, ਬਲਵਿੰਦਰ ਢਿੱਲੋਂ, ਕੈਪਟਨ ਤਰਸੇਮ ਸਿੰਘ, ਕੰਚਨ ਦਿਓਲ, ਪਰਮਿੰਦਰ ਸਿੰਘ ਸੱਜਣਾਂ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਤੋਂ ਇਲਾਵਾ ਕਈ ਪੁਲਸ ਅਧਿਕਾਰੀ ਹਾਜ਼ਰ ਸਨ। 

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ, ਲਏ ਗਏ ਵੱਡੇ ਫ਼ੈਸਲੇ, ਗਰੁੱਪ D 'ਚ ਭਰਤੀ ਹੋਣ ਦੀ ਵਧਾਈ ਗਈ ਉਮਰ ਹੱਦ


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News