ਸਿਹਤ ਵਿਭਾਗ ਨੂੰ ਸਵਾਈਨ ਫਲੂ ਨੇ ਘੇਰਿਆ

Friday, Sep 08, 2017 - 08:08 AM (IST)

ਪਟਿਆਲਾ  (ਪਰਮੀਤ) - ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜੱਦੀ ਜ਼ਿਲੇ ਵਿਚ ਸਿਹਤ ਵਿਭਾਗ ਵੱਲੋਂ ਐਤਕੀਂ ਮੰਤਰੀ ਦੇ ਹੁਕਮਾਂ ਅਨੁਸਾਰ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਤੋਂ ਲੋਕਾਂ ਦੀ ਰਾਖੀ ਲਈ ਵਿਆਪਕ ਯੋਜਨਾਬੰਦੀ ਕਰਦਿਆਂ ਇਸ 'ਤੇ ਕਾਰਜ-ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਗਿਆ।  ਕੁਦਰਤ ਨੇ ਇਸ ਵਾਰ ਵੱਖਰਾ ਭਾਣਾ ਵਰਤਾਉਂਦਿਆਂ ਸਵਾਈ ਫਲੂ ਦੀ ਬੀਮਾਰੀ ਨੂੰ ਅਗਾਊਂ ਭੇਜ ਦਿੱਤਾ। ਆਮ ਤੌਰ 'ਤੇ ਦਸੰਬਰ ਵਿਚ ਸ਼ੁਰੂ ਹੋਣ ਵਾਲੀ ਸਵਾਈਨ ਫਲੂ ਦੀ ਬੀਮਾਰੀ ਇਸ ਵਾਰ ਬਰਸਾਤਾਂ ਵੱਧ ਪੈਣ ਦੀ ਬਦੌਲਤ ਐਡਵਾਂਸ ਆ ਪਹੁੰਚੀ। ਹੁਣ ਤੱਕ ਸਵਾਈਨ ਫਲੂ ਨਾਲ ਜ਼ਿਲੇ ਵਿਚ 6 ਮੌਤਾਂ ਹੋ ਚੁੱਕੀਆਂ ਹਨ, 18 ਹੋਰ ਵਿਅਕਤੀਆਂ ਦੇ ਬੀਮਾਰੀ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। 35 ਤੋਂ ਵੱਧ ਕੇਸ ਸ਼ੱਕੀ ਪਾਏ ਗਏ ਹਨ।
ਸਵਾਈਨ ਫਲੂ ਦੀਆਂ 3 ਕੈਟਾਗਰੀਆਂ
ਸਵਾਈਨ ਫਲੂ ਵਾਸਤੇ ਸਿਹਤ ਵਿਭਾਗ ਨੇ 'ਏ', 'ਬੀ' ਅਤੇ 'ਸੀ' ਤਿੰਨ ਵਰਗ ਬਣਾਏ ਹਨ ਜਿਸ ਵਿਚ 'ਏ' ਵਰਗ ਵਾਲੇ ਮਰੀਜ਼ਾਂ ਵਿਚ ਆਮ ਗਲਾ ਖਰਾਬ ਤੇ ਖਾਂਸੀ ਵਰਗੇ ਕੇਸ ਆਉਂਦੇ ਹਨ। ਇਸੇ ਤਰ੍ਹਾਂ 'ਬੀ' ਵਿਚ ਤੇਜ਼ ਬੁਖਾਰ, ਗਲਾ ਬਹੁਤ ਖਰਾਬ ਹੋਣ, ਉਮਰ ਵੱਧ ਹੋਣ, ਸ਼ੂਗਰ ਤੇ ਬੀ. ਪੀ. ਆਦਿ ਬੀਮਾਰੀਆਂ ਤੋਂ ਮਰੀਜ਼ ਪੀੜਤ ਹੋਵੇ। ਤੀਜਾ 'ਸੀ' ਵਰਗ ਵਾਲੇ ਮਰੀਜ਼ ਨੂੰ ਸਾਹ ਦੀ ਸਮੱਸਿਆ ਆਦਿ ਹੋ ਜਾਂਦੀ ਹੈ। ਉਸ ਨੂੰ ਵੈਂਟੀਲੇਟਰ 'ਤੇ ਆਕਸੀਜਨ ਉਪਲਬਧ ਕਰਵਾਈ ਜਾ ਰਹੀ ਹੈ।
ਦਿਹਾਤੀ ਖੇਤਰ 'ਚ ਸਵਾਈਨ ਫਲੂ ਦਾ ਕਹਿਰ
ਜ਼ਿਲੇ ਦੇ ਦਿਹਾਤੀ ਖੇਤਰਾਂ ਵਿਚ ਐਤਕੀਂ ਐਡਵਾਂਸ ਆਣ ਪਹੁੰਚੀ ਸਵਾਈਨ ਫਲੂ ਦੀ ਬੀਮਾਰੀ ਦਾ ਕਹਿਰ ਹੈ। ਹੁਣ ਤੱਕ ਹੋਈਆਂ 6 ਮੌਤਾਂ ਵਿਚੋਂ ਤਕਰੀਬਨ ਸਾਰੀਆਂ ਹੀ ਦਿਹਾਤੀ ਖੇਤਰ ਨਾਲ ਸੰਬੰਧਿਤ ਹਨ। ਇਨ੍ਹਾਂ ਵਿਚ ਭਾਦਸੋਂ, ਨਾਭਾ, ਰਾਜਪੁਰਾ ਤੇ ਕਾਲੋਮਾਜਰਾ ਖੇਤਰ ਸ਼ਾਮਲ ਹਨ।


Related News