ਮਿਲਾਵਟਖੋਰਾਂ ਖਿਲਾਫ ਸਿਹਤ ਮਹਿਕਮੇ ਨੇ ਕੱਸਿਆ ਸ਼ਿਕੰਜਾ
Thursday, Aug 30, 2018 - 05:21 AM (IST)
ਭਾਦਸੋਂ, (ਅਵਤਾਰ/ ਹਰਦੀਪ)- ਪੰਜਾਬ ਸਰਕਾਰ ਵੱਲੋਂ ਮਿਲਾਵਟਖੋਰਾਂ ਨੂੰ ਨੱਥ ਪਾਉਣ ਲਈ ਸਿਹਤ ਮਹਿਕਮਾ ਪੂਰੀ ਮੁਸਤੈਦੀ ਨਾਲ ਚੈਕਿੰਗ ਕਰ ਰਿਹਾ ਹੈ। ਇਸ ਤਹਿਤ ਅੱਜ ਪਿੰਡ ਦੰਦਰਾਲਾ ਖਰੌਡ਼ ਵਿਖੇ ਸਿਹਤ ਮਹਿਕਮਾ, ਪੀ. ਡੀ. ਐੱਫ., ਡੇਅਰੀ ਫਾਰਮਿੰਗ ਅਤੇ ਥਾਣਾ ਭਾਦਸੋਂ ਦੀ ਪੁਲਸ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਦੁੱਧ ਦੀ ਡੇਅਰੀ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਕਾਫੀ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀ. ਐੱਚ. ਓ. ਡਾ. ਕ੍ਰਿਸ਼ਨ ਸਿੰਘ, ਐੱਫ. ਐੱਸ. ਓ. ਡਾ. ਪੁਨੀਤ ਸ਼ਰਮਾ ਅਤੇ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਪਿੰਡ ਦੰਦਰਾਲਾ ਵਾਸੀ ਹਰਪਾਲ ਸਿੰਘ ਪੁੱਤਰ ਭਗਵਾਨ ਸਿੰਘ ਜੋ ਕਿ ਪਿੰਡ ਵਿਚ ਦੁੱਧ ਦੀ ਡੇਅਰੀ ਕੰਮ ਕਰਦਾ ਹੈ, ਦੀ ਗੁਪਤ ਸੂਚਨਾ ਦੇ ਆਧਾਰ ’ਤੇ ਅੱਜ ਇਥੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 1200 ਕਿਲੋ ਦੁੱਧ, 42 ਦੇ ਕਰੀਬ ਬੋਤਲਾਂ ਕੈਮੀਕਲ, 3 ਥੈਲੇ ਬਿਨਾਂ ਲੇਬਲ ਸੁੱਕਾ ਪਾਊਡਰ, 6 ਬੈਗ ਗੁਲੂਕੋਜ਼ , ਰਿਫਾਈਂਡ ਤੇਲ, ਘਿਉ ਦੇ ਟੀਨ, ਮਿਕਸੀਆਂ, ਦੁੱਧ ਬਣਾਉਣ ਵਾਲੀ ਸਮੱਗਰੀ ਤੇ ਗੈਸ ਸਿਲੰਡਰ ਸਮੇਤ ਕਾਫੀ ਮਾਤਰਾ ਵਿਚ ਹੋਰ ਸਾਮਾਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤ ਸਾਮਾਨ ਦੇ ਸੈਂਪਲ ਭਰ ਲਏ ਹਨ। ਰਿਪੋਰਟ ਆਉਣ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਅਾਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਹਰਪਾਲ ਸਿੰਘ ਇਲਾਕੇ ਦੇ ਆਲੇ-ਦੁਆਲੇ ਦੁੱਧ ਵੇਚਣ ਤੋਂ ਇਲਾਵਾ ਨਜ਼ਦੀਕ ਪੈਂਦੀ ਇਕ ਪ੍ਰਸਿੱਧ ਫੈਕਟਰੀ ਹਾਰਲਿਕਸ ਵਿਚ ਦੁੱਧ ਦੀ ਸਪਲਾਈ ਕਰਦਾ ਸੀ। ਇਹ ਸਪਲਾਈ ਰੋਜ਼ਾਨਾ ਇਕ ਵ੍ਹੀਕਲ ਦੁਆਰਾ ਦਿੱਤੀ ਜਾਂਦੀ ਸੀ ਜੋ ਕਿ ਅੱਜ ਛਾਪੇਮਾਰੀ ਦੀ ਭਿਣਕ ਪੈਣ ਕਰ ਕੇ ਨਹੀਂ ਆਈ। ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਹਰਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਦੇ ਘਰੋਂ ਨਕਦੀ ਵੀ ਬਰਾਮਦ ਕੀਤੀ ਗਈ ਹੈ ਪਰ ਥਾਣਾ ਮੁਖੀ ਇਹ ਦੱਸਣ ਵਿਚ ਹਿਚਕਚਾਅ ਗਏ ਕਿ ਕਿੰਨੀ ਨਕਦੀ ਬਰਾਮਦ ਹੋਈ ਹੈ। ਇਸ ਮੌਕੇ ਡੀ. ਐੱਚ. ਓ. ਡਾ. ਕ੍ਰਿਸ਼ਨ ਸਿੰਘ, ਡੇਅਰੀ ਇੰਸਪੈਕਟਰ ਦਲਬੀਰ ਚੰਦ ਅਤੇ ਜੈ ਕਿਸ਼ਨ, ਪੀ. ਡੀ. ਐੱਫ. ਪ੍ਰਧਾਨ ਸਿਕੰਦਰ ਸਿੰਘ ਤੇ ਲਖਵੀਰ ਸਿੰਘ ਏ. ਐੱਸ. ਆਈ. ਪਰਮਿੰਦਰ ਸਿੰਘ ਏ. ਐੱਸ. ਆਈ. ਸਮੇਤ ਪੁਲਸ ਪ੍ਰਸ਼ਾਸਨ ਹਾਜ਼ਰ ਸੀ।
