...ਤੇ ਹੁਣ ਸਿਹਤ ਵਿਭਾਗ ਵਲੋਂ ''ਖਸਰੇ'' ਦੀ ਬਿਮਾਰੀ ਖਤਮ ਕਰਨ ਦਾ ਟੀਚਾ
Wednesday, Apr 04, 2018 - 04:26 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਜ਼ਿਲਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਸਖਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਮੀਜ਼ਲ ਅਤੇ ਰੁਬੇਲਾ ਸਬੰਧੀ ਜਾਣਕਾਰੀ ਦੇਣ ਲਈ ਸਥਾਨਕ ਅਬੋਹਰ ਰੋਡ ਸਥਿਤ ਐਚ.ਐਸ. ਹਾਈ ਸਕੂਲ ਵਿਖੇ ਜਾਗਰੂਕਤਾ ਸੈਮੀਨਰ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦੇ ਹੋਏ ਗੁਰਤੇਜ ਸਿੰਘ ਅਤੇ ਸੁਖਮੰਦਰ ਸਿੰਘ ਜ਼ਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਬੱਚਿਆਂ ਨੂੰ ਖਸਰਾ ਅਤੇ ਕਨਜੈਨੀਟਲ ਰੁਬੇਲਾ ਸਿੰਡਰਮ ਰੋਗਾਂ ਤੋਂ ਬਚਾਉਣ ਲਈ ਸਿਹਤ ਵਿਭਾਗ ਵੱਲੋਂ ਇਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੌਰਾਨ ਪੰਜਾਬ ਵਿੱਚ 9 ਮਹੀਨੇ ਤੋਂ 15 ਸਾਲ ਤੱਕ (ਦਸਵੀਂ ਵਿੱਚ ਪੜ੍ਹਦੇ ਸਾਰੇ ਬੱਚੇ) ਦੇ ਸਾਰੇ ਬੱਚਿਆਂ ਨੂੰ ਅਪ੍ਰੈਲ, 2018 ਵਿੱਚ ਵਿਸ਼ੇਸ ਮੁਹਿੰਮ ਚਲਾ ਕੇ ਖਸਰਾ ਅਤੇ ਰੁਬੇਲਾ ਟੀਕਾਕਰਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖਸਰਾ ਇੱਕ ਵਾਇਰਲ ਬਿਮਾਰੀ ਹੈ, ਜਿਸ ਨਾਲ ਹਰ ਸਾਲ ਕਈ ਬੱਚਿਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਰੁਬੇਲਾ ਵੀ ਵਾਇਰਲ ਹੈ, ਜੋ ਗਰਭਵਤੀ ਔਰਤ ਨੂੰ ਜੇਕਰ ਗਰਭ ਦੇ ਪਹਿਲੇ ਤਿੰਨ ਮਹੀਨਿਆ ਵਿੱਚ ਹੋ ਜਾਵੇ ਤਾਂ ਬੱਚੇ ਵਿੱਚ ਜਮਾਂਦਰੂ ਰੋਗ ਹੋਣ ਦਾ ਖਤਰਾ ਹੁੰਦਾ ਹੈ।
ਇਸ ਤੋਂ ਬਚਾਅ ਲਈ ਸਰਕਾਰ ਵੱਲੋਂ ਵਿਸ਼ੇਸ ਮੁਹਿੰਮ ਚਲਾ ਕੇ ਖਸਰਾ ਅਤੇ ਰੁਬੇਲਾ ਟੀਕਾਕਰਣ ਇੱਕ ਟੀਕੇ ਐਮ ਆਰ ਦੇ ਰੂਪ ਵਿੱਚ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਸੈਂਟਰਾਂ, ਮਾਨਤਾ ਪ੍ਰਾਪਤ ਸਕੂਲ, ਕਰੈੱਚਾਂ ਅਤੇ ਘਰਾਂ ਵਿੱਚ ਰਹਿ ਰਹੇ 9 ਮਹੀਨੇ ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਸਬੰਧੀ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਦੀ ਅਗਵਾਈ ਵਿੱਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਐੱਨ.ਜੀ.ਓ. ਦੇ ਨਾਲ ਵੀ ਬੈਠਕਾਂ ਕੀਤੀਆ ਗਈਆਂ ਹਨ ਅਤੇ ਸਹਿਯੋਗ ਲਿਆ ਜਾ ਰਿਹਾ ਹੈ।