ਸਿਹਤ ਮਹਿਕਮੇ ਦੀ ਟੀਮ ਵੱਲੋਂ ਦੋਰਾਹਾ ''ਚ ਚੈਕਿੰਗ
Thursday, Mar 15, 2018 - 06:21 AM (IST)

ਦੋਰਾਹਾ(ਗੁਰਮੀਤ ਕੌਰ)-ਅੱਜ ਦੋਰਾਹਾ ਸ਼ਹਿਰ ਦੇ ਹਲਵਾਈਆਂ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਜ਼ਿਲਾ ਸਿਹਤ ਮਹਿਕਮੇ ਦੀ ਟੀਮ ਨੇ ਅਚਾਨਕ ਹੀ ਹੋਟਲਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਅੱਜ ਸਿਹਤ ਮਹਿਕਮੇ ਨੇ ਚੈਕਿੰਗ ਦੌਰਾਨ ਦੇਖਿਆ ਕਿ ਹਲਵਾਈਆਂ ਨੇ ਮਠਿਆਈਆਂ ਨੰਗੀਆਂ ਰੱਖੀਆਂ ਹੋਈਆਂ ਸਨ। ਸੂਤੀ ਕੱਪੜੇ ਨਾਲ ਢਕੀਆਂ ਨਾ ਹੋਣ ਕਾਰਨ ਉਨ੍ਹਾਂ 'ਚ ਕੀੜੀਆਂ ਅਤੇ ਮੱਖੀਆਂ-ਮੱਛਰ ਮਰੇ ਪਏ ਸਨ। ਚੈਕਿੰਗ ਦੌਰਾਨ ਇਕ ਗੱਲ ਹੋਰ ਉੱਭਰ ਕੇ ਸਾਹਮਣੇ ਆਈ ਕਿ ਲੋਕਲ ਸਿਹਤ ਵਿਭਾਗ ਦੀ ਹਲਵਾਈਆਂ ਨਾਲ 'ਗੰਢਤੁੱਪ' ਹੋਣ ਕਰ ਕੇ ਅਤੇ ਸਮੇਂ-ਸਮੇਂ 'ਤੇ ਅਧਿਕਾਰੀਆਂ ਦੀ 'ਮੁੱਠੀ ਗਰਮ' ਹੋਣ ਕਰ ਕੇ ਉਨ੍ਹਾਂ ਕਦੇ ਵੀ ਹੋਟਲਾਂ, ਢਾਬਿਆਂ 'ਤੇ ਛਾਪੇਮਾਰੀ ਕਰਨੀ ਜ਼ਰੂਰੀ ਨਹੀਂ ਸਮਝੀ। ਹਲਵਾਈਆਂ ਵੱਲੋਂ ਜਨਤਾ ਨੂੰ ਡੱਬਿਆਂ 'ਚ ਮਰੀਆਂ ਮੱਖੀਆਂ, ਕੀੜੀਆਂ ਅਤੇ ਮੱਛਰਾਂ ਵਾਲੀਆਂ ਮਠਿਆਈਆਂ ਪੈਕ ਕਰ ਕੇ ਵੇਚੀਆਂ ਜਾ ਰਹੀਆਂ ਹਨ। ਟੀਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੈਡਮ ਰਜਨੀਸ਼ ਕੰਗ, ਜ਼ਿਲਾ ਫੂਡ ਸੇਫਟੀ ਅਫਸਰ ਡਾ. ਯੋਗੇਸ਼ ਗੋਇਲ ਅਤੇ ਰੋਬਿਨ ਕੁਮਾਰ ਨੇ ਦੋਰਾਹਾ ਦੇ ਰੇਲਵੇ ਰੋਡ 'ਤੇ ਸਥਿਤ ਲਵਲੀ ਸਵੀਟਸ ਅਤੇ ਕੁਲਵੰਤ ਸਵੀਟਸ 'ਤੇ ਛਾਪੇਮਾਰੀ ਕੀਤੀ ਅਤੇ ਮਠਿਆਈਆਂ ਦੇ ਸੈਂਪਲ ਭਰੇ। ਸਿਹਤ ਵਿਭਾਗ ਦੀ ਟੀਮ ਦੇਖ ਕੇ ਹਲਵਾਈਆਂ ਦੇ ਚਿਹਰਿਆਂ ਦੇ ਰੰਗ ਉੱਡ ਗਏ। ਕਈ ਹਲਵਾਈ ਟੀਮ ਨੂੰ ਚੈਕਿੰਗ ਕਰਨ ਦੀ ਬਜਾਏ ਇਹ ਆਖ ਰਹੇ ਸਨ ਕਿ ਤੁਸੀਂ 'ਵੱਡੇ ਅਮੀਰ ਹਲਵਾਈਆਂ ਦੇ ਚੈਕਿੰਗ ਕਿਉਂ ਨਹੀਂ ਕਰਦੇ?'
ਸਿਹਤ ਅਫਸਰ ਮੈਡਮ ਕੰਗ ਨੇ ਦੱਸਿਆ ਕਿ ਉਨ੍ਹਾਂ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਹੋਟਲਾਂ ਅਤੇ ਢਾਬਿਆਂ ਦੀ ਛਾਪੇਮਾਰੀ ਕੀਤੀ। ਹਲਵਾਈਆਂ ਦੇ ਲਾਇਸੈਂਸ ਚੈੱਕ ਕੀਤੇ। ਉਨ੍ਹਾਂ ਕਿਹਾ ਕਿ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਕਮੀਆਂ ਪਾਏ ਜਾਣ ਵਾਲੇ ਹਲਵਾਈਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਰੰਗ ਦੀ ਪਾਈ ਗਈ ਵਾਧੂ ਮਾਤਰਾ
ਜਦੋਂ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਹੋਟਲਾਂ 'ਤੇ ਕੰਮ ਕਰ ਰਹੀ ਲੇਬਰ ਨੂੰ ਇਕ ਕੁਇੰਟਲ ਮਠਿਆਈ 'ਚ ਰੰਗ ਪਾਉਣ ਦੀ ਮਾਤਰਾ ਪੁੱਛੀ ਤਾਂ ਉਹ ਕੋਈ ਜਵਾਬ ਨਾ ਦੇ ਸਕੇ। ਮੈਡਮ ਕੰਗ ਨੇ ਕਿਹਾ ਕਿ ਹਲਵਾਈ ਮਠਿਆਈਆਂ 'ਚ ਰੰਗ ਆਪਣੀ ਮਨਮਰਜ਼ੀ ਨਾਲ ਪਾ ਰਹੇ ਹਨ। ਪਦਾਰਥ ਦੀ ਮਾਤਰਾ ਦੇ ਹਿਸਾਬ ਨਾਲ ਰੰਗ ਪਾਉਣ ਦੀ ਕੋਈ ਜਾਣਕਾਰੀ ਨਹੀਂ।
ਮਠਿਆਈਆਂ 'ਚ ਮਰੀਆਂ ਪਈਆਂ ਸਨ ਕੀੜੀਆਂ
ਚੈਕਿੰਗ ਦੌਰਾਨ ਹਲਵਾਈਆਂ ਵੱਲੋਂ ਪਹਿਲਾਂ ਤੋਂ ਤਿਆਰ ਕੀਤੀਆਂ ਮਠਿਆਈਆਂ ਨੂੰ ਕਿਸੇ ਸੂਤੀ ਕੱਪੜੇ ਨਾਲ ਢਕ ਕੇ ਨਹੀਂ ਰੱਖਿਆ ਹੋਇਆ ਸੀ। ਨੰਗੀਆਂ ਪਈਆਂ ਮਠਿਆਈਆਂ 'ਚ ਕੀੜੀਆਂ ਅਤੇ ਮੱਖੀਆਂ-ਮੱਛਰ ਮਰੇ ਪਏ ਸਨ।
ਮਠਿਆਈਆਂ ਮਾਰਦੀਆਂ ਨੇ ਬਦਬੂ
ਕਈ ਲੋਕਾਂ ਨੇ ਦੱਸਿਆ ਕਿ ਦੋਰਾਹੇ ਦੇ ਬੇਅੰਤ ਸਿੰਘ ਬੁੱਤ ਨੇੜੇ ਸਥਿਤ ਹੋਟਲ ਵਿਚੋਂ ਉਨ੍ਹਾਂ ਖੋਏ ਦੀ ਬਰਫੀ ਖਰੀਦੀ ਸੀ ਕਿ ਜੋ ਬਿਲਕੁਲ ਖਾਣ ਦੇ ਕਾਬਲ ਨਹੀਂ ਸੀ। ਮਠਿਆਈ ਵਿਚੋਂ ਬਦਬੂ ਮਾਰ ਰਹੀ ਸੀ। ਵਿਭਾਗ ਨੂੰ ਅਜਿਹੇ ਹਲਵਾਈਆਂ ਦੇ ਹੋਟਲ ਪੱਕੇ ਤੌਰ 'ਤੇ ਬੰਦ ਕਰਨੇ ਚਾਹੀਦੇ ਹਨ।
ਰੇਹੜੀਆਂ 'ਤੇ ਵਿਕਦਾ ਹੈ ਬਾਸੀ ਜੂਸ ਅਤੇ ਫਾਸਟ ਫੂਡ
ਮੈਡਮ ਕੰਗ ਨੂੰ ਰੇਹੜੀਆਂ 'ਤੇ ਵਿਕ ਰਹੇ ਬਾਸੀ ਜੂਸ ਅਤੇ ਫਾਸਟ ਫੂਡ ਦੀ ਚੈਕਿੰਗ ਸਬੰਧੀ ਸਵਾਲ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਫਿਲਹਾਲ ਉਨ੍ਹਾਂ ਨੂੰ ਹੋਟਲਾਂ-ਢਾਬਿਆਂ 'ਤੇ ਚੈਕਿੰਗ ਦੇ ਹੀ ਨਿਰਦੇਸ਼ ਮਿਲੇ ਹਨ।
ਕਈ ਹੋਟਲਾਂ ਵਾਲੇ ਆਪਣੀ 'ਪਹੁੰਚ' ਹੋਣ ਕਾਰਨ ਗੰਦੀ ਥਾਂ ਕਰਦੇ ਨੇ ਮਠਿਆਈਆਂ ਤਿਆਰ
ਕਈ ਲੋਕਾਂ ਨੇ ਇਹ ਵੀ ਕਿਹਾ ਕਿ ਦੋਰਾਹੇ 'ਚ ਕਈ ਵੱਡੇ ਹੋਟਲਾਂ ਵਾਲੇ ਆਪਣੀ 'ਪਹੁੰਚ' ਹੋਣ ਕਾਰਨ ਹੋਟਲਾਂ ਤੋਂ ਬਾਹਰ ਗੰਦੀ ਥਾਂ 'ਤੇ ਖੁੱਲ੍ਹੇਆਮ ਮਠਿਆਈਆਂ ਤਿਆਰ ਕਰਦੇ ਹਨ। ਇਨ੍ਹਾਂ 'ਤੇ ਸਿਹਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਕਦੇ ਛਾਪੇਮਾਰੀ ਜ਼ਰੂਰੀ ਨਹੀਂ ਸਮਝੀ। ਇਹ ਲੋਕਾਂ ਨੂੰ ਡੱਬਿਆਂ 'ਚ ਬੀਮਾਰੀਆਂ ਵੰਡ ਰਹੇ ਹਨ।
ਸਿਹਤ ਵਿਭਾਗ ਦੀ ਟੀਮ ਵੱਲੋਂ ਚੈਕਿੰਗ ਕੀਤੇ ਜਾਣ 'ਤੇ ਲੋਕਾਂ 'ਚ ਇਹ ਚਰਚਾ ਚਲਦੀ ਦੇਖੀ ਗਈ ਕਿ ਕੀ ਮਹਿਕਮੇ ਵੱਲੋਂ ਮਠਿਆਈਆਂ ਦੇ ਸੈਂਪਲ ਫੇਲ ਹੋ ਜਾਣ ਤੋਂ ਬਾਅਦ ਸਬੰਧਤ ਹਲਵਾਈਆਂ ਵਿਰੁੱਧ ਕੋਈ ਕਾਰਵਾਈ ਕੀਤੀ ਜਾਵੇਗੀ? ਜਾਂ ਫਿਰ 'ਸਬ ਸੇ ਬੜਾ ਰੁਪਈਆ' ਹੀ ਹੋਵੇਗਾ? ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।