ਇਕ ਹੋਰ ਨਾਜਾਇਜ਼ ਅਲਟਰਾਸਾਊਂਡ ਮਸ਼ੀਨ ਬਰਾਮਦ

Tuesday, Jun 20, 2017 - 03:06 AM (IST)

ਲੁਧਿਆਣਾ(ਸਹਿਗਲ)-ਘਰਾਂ ਦੇ ਅੰਦਰ ਨਾਜਾਇਜ਼ ਤੌਰ 'ਤੇ ਚਲਾਏ ਜਾ ਰਹੇ ਅਲਟਰਾਸਾਊਂਡ ਸਕੈਨਿੰਗ ਸੈਂਟਰਾਂ ਦਾ ਸਾਹਮਣੇ ਆਉਣਾ ਜਾਰੀ ਹੈ। ਅੱਜ ਸਿਹਤ ਵਿਭਾਗ ਅਤੇ ਪੁਲਸ ਨੇ ਹੈਬੋਵਾਲ ਖੇਤਰ 'ਚ ਸਥਿਤ ਬਚਨ ਸਿੰਘ ਨਗਰ 'ਚ ਇਕ ਘਰ 'ਚੋਂ ਨਾਜਾਇਜ਼ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਹੈ। ਵਰਨਣਯੋਗ ਹੈ ਕਿ 19 ਦਿਨਾਂ 'ਚ ਮਹਾਨਗਰ 'ਚ ਇਹ ਤੀਜੀ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ ਹੈ। ਪਹਿਲੀਆਂ ਦੋ ਮਸ਼ੀਨਾਂ ਦੀ ਤਰ੍ਹਾਂ ਇਹ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਵੀ ਨਾਮੀ ਕੰਪਨੀ ਦੀ ਹੈ। ਛਾਪੇਮਾਰੀ ਦੌਰਾਨ ਇਹ ਮਸ਼ੀਨ ਘਰ ਦੀਆਂ ਪੌੜੀਆਂ ਦੇ ਹੇਠਾਂ ਪੈਕ ਕਰ ਕੇ ਰੱਖੀ ਹੋਈ ਮਿਲੀ। ਮੌਕੇ 'ਤੇ ਪੁਲਸ ਨੇ ਘਰ ਦੇ ਮਾਲਕ ਜਤਿੰਦਰ ਅਰੋੜਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਸ ਥਾਣਾ ਮਾਡਲ ਟਾਊਨ ਦੇ ਇੰਚਾਰਜ ਸੁਰਿੰਦਰ ਚੋਪੜਾ ਅਨੁਸਾਰ ਦੋਸ਼ੀ ਜਤਿੰਦਰ ਫ੍ਰੀਲਾਸਿੰਗ ਦੇ ਤੌਰ 'ਤੇ ਪੀ. ਆਰ. ਓ. ਦਾ ਕੰਮ ਕਰਦਾ ਸੀ ਅਤੇ ਖੁਦ ਵੀ ਘਰ 'ਚ ਮਹਿਲਾਵਾਂ ਦੀ ਸਕੈਨਿੰਗ ਕਰਦਾ ਸੀ। ਉਹ ਢਾਈ ਸਾਲ ਤੋਂ ਨਾਜਾਇਜ਼ ਲਿੰਗ ਜਾਂਚ ਦੇ ਕੰਮ 'ਚ ਜੁਟਿਆ ਹੋਇਆ ਸੀ। ਇਸ ਧੰਦੇ 'ਚ ਉਹ ਲਿੰਗ ਜਾਂਚ ਕਰ ਕੇ ਮਹਿਲਾਵਾਂ ਦੇ ਗਰਭ 'ਚ ਪਲ ਰਹੇ ਭਰੂਣ ਦੇ ਲਿੰਗ ਬਾਰੇ ਦੱਸਦਾ ਸੀ ਪਰ ਮਹਿਲਾਵਾਂ ਨੂੰ ਕਿਹੜੇ ਹਸਪਤਾਲਾਂ 'ਚ ਅਬਾਰਸ਼ਨ ਲਈ ਰੈਫਰ ਕੀਤਾ ਜਾਂਦਾ ਸੀ, ਇਹ ਅਜੇ ਸਾਹਮਣੇ ਨਹੀਂ ਆਇਆ ਹੈ। ਸੂਤਰਾਂ ਅਨੁਸਾਰ ਇਸ ਧੰਦੇ 'ਚ ਡਾਕਟਰਾਂ ਤੋਂ ਇਲਾਵਾ ਕੁਝ ਨਿੱਜੀ ਹਸਪਤਾਲਾਂ ਦੀ ਭਾਗੀਦਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਵਿਸ਼ਾਲ ਨੈੱਟਵਰਕ ਦੀ ਸੰਭਾਵਨਾ
ਸਿਹਤ ਅਤੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਫੜਿਆ ਗਿਆ ਦੋਸ਼ੀ ਹੋਰ ਦੋਸ਼ੀਆਂ ਨੂੰ ਵੀ ਜਾਣਦਾ ਸੀ। ਇਸ ਤੋਂ ਮਹਾਨਗਰ ਵਿਚ ਨਾਜਾਇਜ਼ ਤੌਰ 'ਤੇ ਚੱਲ ਰਹੇ ਸਕੈਨਿੰਗ ਸੈਂਟਰਾਂ ਦੇ ਵੱਡੇ ਨੈੱਟਵਰਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਨੈੱਟਵਰਕ 'ਚ ਕਿਹੜੇ-ਕਿਹੜੇ ਡਾਕਟਰ, ਰੇਡੀਓਲਾਜਿਸਟ ਅਤੇ ਹਸਪਤਾਲ ਸ਼ਾਮਲ ਹਨ, ਇਸ ਤੋਂ ਪਰਦਾ ਉੱਠਣਾ ਬਾਕੀ ਹੈ। ਇਸ ਤੋਂ ਪਹਿਲਾਂ 7 ਜੂਨ ਨੂੰ ਪੱਖੋਵਾਲ ਦੇ ਪਿੰਡ ਦਾਦ 'ਚ ਭੁਪਿੰਦਰ ਸਿੰਘ ਨਾਂ ਦੇ ਵਿਅਕਤੀ ਦੇ ਘਰੋਂ ਮਸ਼ੀਨ ਬਰਾਮਦ ਹੋਈ ਸੀ, ਜੋ ਛਾਪੇਮਾਰੀ ਤੋਂ ਪਹਿਲਾਂ ਹੀ ਆਪਣੇ ਘਰ ਤੋਂ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ। 1 ਜੂਨ ਨੂੰ ਜੰਮੂ ਕਾਲੋਨੀ ਦੀ ਗਲੀ ਨੰ. 8 'ਚ ਛਾਪੇਮਾਰੀ ਕਰ ਕੇ ਪੁਲਸ ਨੇ ਮੁਲਖਰਾਜ ਨਾਂ ਦੇ ਵਿਅਕਤੀ ਤੋਂ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਸੀ।  


Related News