ਸਿਹਤ ਵਿਭਾਗ ਦੀ ਟੀਮ ਨੇ ਫੜ੍ਹਿਆ 6 ਕੁਇੰਟਲ 80 ਕਿੱਲੋ ਸ਼ੱਕੀ ਮਿਲਾਵਟੀ ਪਨੀਰ

Friday, Jul 30, 2021 - 05:09 PM (IST)

ਸਿਹਤ ਵਿਭਾਗ ਦੀ ਟੀਮ ਨੇ ਫੜ੍ਹਿਆ 6 ਕੁਇੰਟਲ 80 ਕਿੱਲੋ ਸ਼ੱਕੀ ਮਿਲਾਵਟੀ ਪਨੀਰ

ਮੋਹਾਲੀ (ਪਰਦੀਪ) : ‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨੇ ਪੁਲਸ ਦੇ ਸਹਿਯੋਗ ਨਾਲ ਅੱਜ ਤੜਕੇ ਵੱਡੀ ਕਾਰਵਾਈ ਕਰਦਿਆਂ ਬਲੌਂਗੀ ਨੇੜੇ ਵਾਹਨ ਨੂੰ ਰੋਕ ਕੇ ਉਸ ਵਿਚੋਂ 6 ਕੁਇੰਟਲ 80 ਕਿੱਲੋ ਸ਼ੱਕੀ ਮਿਲਾਵਟੀ ਪਨੀਰ ਬਰਾਮਦ ਕੀਤਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਬਲੌਂਗੀ ਪੁਲਸ ਕੋਲੋਂ ਸ਼ਿਕਾਇਤ ਮਿਲੀ ਸੀ ਕਿ ਹਰਿਆਣਾ ਤੋਂ ਬੜਮਾਜਰਾ ਵਿਖੇ ਮਿਲਾਵਟੀ ਪਨੀਰ ਦੀ ਸਪਲਾਈ ਹੋ ਰਹੀ ਹੈ, ਜਿਹੜਾ ਅੱਗੇ ਦੁਕਾਨਾਂ ਵਿਚ ਵੇਚਿਆ ਜਾ ਰਿਹਾ ਹੈ।

ਉਨ੍ਹਾਂ ਦਸਿਆ ਕਿ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੀ ਹਦਾਇਤ ’ਤੇ ਤੁਰੰਤ ਸਿਹਤ ਵਿਭਾਗ ਦੀ ਜਾਂਚ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਅੱਜ ਤੜਕੇ ਬੜਮਾਜਰਾ ਨੇੜੇ ਨਾਕਾ ਲਾਇਆ। ਇਸੇ ਦੌਰਾਨ ਟੀਮ ਨੇ ਇਕ ਟੈਂਪੂ ਨੂੰ ਰੋਕਿਆ। ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 680 ਕਿੱਲੋ ਪਨੀਰ ਬਰਾਮਦ ਹੋਇਆ, ਜਿਸ ਦੀ ਕੀਮਤ ਲਗਭਗ ਡੇਢ ਲੱਖ ਰੁਪਏ ਬਣਦੀ ਹੈ। ਟੈਂਪੂ ਡਰਾਈਵਰ ਨੇ ਦੱਸਿਆ ਕਿ ਉਹ ਹਰਿਆਣਾ ਤੋਂ ਪਨੀਰ ਲਿਆ ਕੇ ਬੜਮਾਜਰਾ ਵਿਖੇ ਵੇਚਣ ਲਈ ਜਾ ਰਿਹਾ ਸੀ। ਡਾ. ਸੁਭਾਸ਼ ਮੁਤਾਬਕ ਪਨੀਰ ਦੀ ਖੇਪ ਨੂੰ ਸੀਜ਼ ਕਰ ਲਿਆ ਗਿਆ ਹੈ ਅਤੇ ਸੈਂਪਲ ਖਰੜ ਦੀ ਫ਼ੂਡ ਸੇਫ਼ਟੀ ਲੈਬ ਵਿਚ ਭੇਜ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਂਪਲ ਦੀ ਰਿਪੋਰਟ 48 ਘੰਟਿਆਂ ਮਗਰੋਂ ਆ ਜਾਵੇਗੀ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਡਾ. ਸੁਭਾਸ਼ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਜ਼ਿਲ੍ਹੇ ਦੇ ਲੋਕਾਂ ਲਈ ਖਾਣ-ਪੀਣ ਦੀਆਂ ਮਿਆਰੀ, ਮਿਲਾਵਟ-ਰਹਿਤ ਅਤੇ ਸ਼ੁੱਧ ਚੀਜ਼ਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਚੈਂਕਿੰਗ ਰਾਹੀਂ ਮਿਲਾਵਟੀ ਚੀਜ਼ਾਂ ਬਣਾਉਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਸਖ਼ਤ ਸ਼ਬਦਾਂ ਵਿਚ ਹਦਾਇਤ ਕੀਤੀ ਕਿ ਮਿਆਦ ਪੁੱਗੀਆਂ, ਮਿਲਾਵਟੀ ਅਤੇ ਬੇਮਿਆਰੀ ਚੀਜ਼ਾਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ” ਤਹਿਤ ਅਜਿਹੀਆਂ ਚੀਜ਼ਾਂ ਕਿਸੇ ਵੀ ਹਾਲਤ ਵਿਚ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦੇ ਵਿਕਰੀ ਲਾਈਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ।
      


author

Babita

Content Editor

Related News