ਪੰਜਾਬ 'ਚ ਮੁੜ 'ਸਕੂਲ' ਖੋਲ੍ਹਣ ਦੀ ਤਿਆਰੀ, ਸਿਹਤ ਵਿਭਾਗ ਨੇ ਸਟਾਫ਼ ਸਬੰਧੀ ਮੰਗੀ ਇਹ ਰਿਪੋਰਟ

Friday, Jul 16, 2021 - 10:18 AM (IST)

ਪੰਜਾਬ 'ਚ ਮੁੜ 'ਸਕੂਲ' ਖੋਲ੍ਹਣ ਦੀ ਤਿਆਰੀ, ਸਿਹਤ ਵਿਭਾਗ ਨੇ ਸਟਾਫ਼ ਸਬੰਧੀ ਮੰਗੀ ਇਹ ਰਿਪੋਰਟ

ਲੁਧਿਆਣਾ (ਵਿੱਕੀ) : ਕੋਰੋਨਾ ਦੇ ਕੇਸਾਂ ਦੀ ਰਫ਼ਤਾਰ ਘੱਟ ਹੁੰਦੇ ਹੀ ਜਿੱਥੇ ਕਈ ਸੂਬਿਆਂ ਨੇ ਸਕੂਲ ਖੋਲ੍ਹਣ ਦੀਆਂ ਤਾਰੀਖ਼ਾਂ ਤੈਅ ਕਰ ਦਿੱਤੀਆਂ ਹਨ, ਉੱਥੇ ਪੰਜਾਬ ਸਰਕਾਰ ਨੇ ਸਕੂਲ ਖੋਲ੍ਹਣ ਤੋਂ ਪਹਿਲਾਂ 100 ਫ਼ੀਸਦੀ ਸਟਾਫ਼ ਅਤੇ ਸਕੂਲਾਂ ਦੇ 18 ਸਾਲ ਉਮਰ ਵਾਲੇ ਵਿਦਿਆਰਥੀਆਂ ਦੀ ਵੈਕਸੀਨੇਸ਼ਨ ਨੂੰ ਯਕੀਨੀ ਬਣਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਸਿਹਤ ਵਿਭਾਗ ਨੇ ਵੀ ਨਿੱਜੀ ਅਤੇ ਸਰਕਾਰੀ ਸਕੂਲਾਂ ਤੋਂ ਸਟਾਫ਼ ਦੀ ਵੈਕਸੀਨੇਸ਼ਨ ਸਬੰਧੀ ਰਿਪੋਰਟ ਮੰਗੀ ਹੈ। ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਦੇ ਪੱਤਰ ਦਾ ਹਵਾਲਾ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨੂੰ ਸਮੂਹ ਸਟਾਫ਼ ਅਤੇ 18 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਦੀ ਪਹਿਲੀ ਡੋਜ਼ 31 ਜੁਲਾਈ ਤੱਕ ਲਗਵਾਉਣ ਬਾਰੇ ਲਿਖਿਆ ਹੈ। ਉਨ੍ਹਾਂ ਨੇ ਸਮੂਹ ਡੀ. ਈ. ਓਜ਼ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਸਬੰਧਿਤ ਕੇਸ ’ਚ ਜ਼ਿਲ੍ਹੇ ਦੇ ਡੀ. ਸੀ. ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੇ ਸਰਕਾਰੀ ਅਦਾਰਿਆਂ ਦੀ ਉਦਯੋਗਿਕ ਸਬਸਿਡੀ ਕੀਤੀ ਖ਼ਤਮ

ਸਕੱਤਰ ਐਜੂਕੇਸ਼ਨ ਦੇ ਇਸ ਪੱਤਰ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਪੰਜਾਬ ’ਚ ਵੀ ਹੁਣ ਪਿਛਲੇ ਕਰੀਬ 4 ਮਹੀਨਿਆਂ ਤੋਂ ਬੰਦ ਪਏ ਸਕੂਲਾਂ ਨੂੰ ਫਿਰ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਪਰ ਵਿਭਾਗ ਬਿਨਾਂ ਵੈਕਸੀਨੇਸ਼ਨ ਪ੍ਰਕਿਰਿਆ ਪੂਰੀ ਹੋਏ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ ਕਿਉਂਕਿ ਪਹਿਲਾਂ ਜਦੋਂ ਸਕੂਲ ਖੁੱਲ੍ਹੇ ਸਨ ਤਾਂ ਸਕੂਲਾਂ ਤੋਂ ਕਾਫੀ ਅਧਿਆਪਕ ਅਤੇ ਵਿਦਿਆਰਥੀ ਕੋਰੋਨਾ ਪਾਜ਼ੇਟਿਵ ਨਿਕਲੇ ਸਨ, ਜਦੋਂ ਕਿ ਕਈ ਥਾਵਾਂ ’ਤੇ ਇਲਾਕਾ ਐੱਸ. ਡੀ. ਐੱਮਜ਼ ਨੇ ਵੀ ਆਪਣੇ ਇਲਾਕੇ ਵਿਚ ਆਉਂਦੀਆਂ ਸਿੱਖਿਆ ਸੰਸਥਾਵਾਂ ਤੋਂ ਸਟਾਫ਼ ਅਤੇ ਵਿਦਿਆਰਥੀਆਂ ਦੇ ਵੈਕਸੀਨੇਸ਼ਨ ਹੋਣ ਸਬੰਧੀ ਸਰਟੀਫਿਕੇਟ ਮੰਗੇ ਹਨ। ਕਈ ਨਿੱਜੀ ਸਕੂਲ ਮੁਖੀਆਂ ਨੇ ਸਿਹਤ ਵਿਭਾਗ ਨੂੰ ਬਾਕੀ ਸਟਾਫ਼ ਦੀ ਵੈਕਸੀਨੇਸ਼ਨ ਕਰਵਾਉਣ ਲਈ ਕੈਂਪ ਲਾਉਣ ਸਬੰਧੀ ਲਿਖਿਆ ਹੈ।

ਇਹ ਵੀ ਪੜ੍ਹੋ : 'ਕੈਪਟਨ' ਦੇ ਹੱਥ ’ਚ ਰਹੇਗੀ ਸਰਕਾਰ ਦੀ ਕਮਾਨ, 'ਸਿੱਧੂ' ਬਣ ਸਕਦੇ ਨੇ ਪੰਜਾਬ ਕਾਂਗਰਸ ਦੇ ਕਪਤਾਨ
ਸਕੂਲ, ਉੱਚ ਸਿੱਖਿਆ ਤੇ ਤਕਨੀਕੀ ਸਿੱਖਿਆ ਵਿਭਾਗ ਨੂੰ ਜਾਰੀ ਹੋਇਆ ਪੱਤਰ
ਅਸਲ ’ਚ ਪੰਜਾਬ ਸਰਕਾਰ ਨੇ ਪਿਛਲੇ ਹਫ਼ਤੇ ਤੋਂ ਸਾਰੀਆਂ ਉੱਚ ਸਿੱਖਿਆ ਸੰਸਥਾਵਾਂ ਸਮੇਤ ਕੋਚਿੰਗ ਸੈਂਟਰਾਂ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਸਨ, ਜਿਸ ਵਿਚ ਸਬੰਧਿਤ ਸੰਸਥਾ ’ਤੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੋਣ ਦਾ ਸਰਟੀਫਿਕੇਟ ਡਿਪਟੀ ਕਮਿਸ਼ਨਰ ਕੋਲ ਜਮ੍ਹਾਂ ਕਰਵਾਉਣ ਦੀ ਸ਼ਰਤ ਰੱਖੀ ਗਈ ਸੀ। ਦੱਸ ਦੇਈਏ ਕਿ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਵੀ ਬੀਤੇ ਦਿਨੀਂ ਤਕਨੀਕੀ ਸਿੱਖਿਆ ਵਿਭਾਗ, ਉੱਚ ਸਿੱਖਿਆ ਵਿਭਾਗ ਦੇ ਪ੍ਰਿੱਸੀਪਲ ਸਕੱਤਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਬਕਾਇਦਾ ਪੱਤਰ ਲਿਖ ਕੇ ਉਕਤ ਸੰਸਥਾਵਾਂ ਤਹਿਤ ਆਉਂਦੇ ਨਿੱਜੀ ਅਤੇ ਸਰਕਾਰੀ ਇੰਸਟੀਚਿਊਟਸ ਦੇ ਸਟਾਫ਼ ਅਤੇ ਵਿਦਿਆਰਥੀਆਂ ਦੀ ਵੈਕਸੀਨੇਸ਼ਨ ਕਰਵਾਉਣ ਲਈ ਵੀ ਲਿਖਿਆ ਸੀ।

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਟਰੱਕ 'ਚ ਆਏ ਕਰੰਟ ਕਾਰਨ ਇਕ ਡਰਾਈਵਰ ਦੀ ਮੌਤ, ਦੂਜਾ ਛਾਲ ਮਾਰ ਕੇ ਬਚਿਆ
ਵਿਭਾਗ ਦੇ ਮੁਖੀ ਕੋਲ ਜਮ੍ਹਾਂ ਕਰਵਾਉਣੇ ਹੋਣਗੇ ਸਟਾਫ਼ ਦੇ ਵੈਕਸੀਨੇਸ਼ਨ ਸਰਟੀਫਿਕੇਟ
ਸਿਹਤ ਵਿਭਾਗ ਵੱਲੋਂ ਸਾਰੀਆਂ ਸਿੱਖਿਆ, ਉੱਚ ਸਿੱਖਿਆ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਲਿਖੇ ਪੱਤਰ ’ਚ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਸਾਰੀਆਂ ਸੰਸਥਾਵਾਂ 31 ਜੁਲਾਈ ਤੱਕ ਆਪਣੇ ਟੀਚਿੰਗ, ਨਾਨ-ਟੀਚਿੰਗ ਸਟਾਫ਼ ਸਮੇਤ 18 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਵਿਦਿਆਰਥੀਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣਾ ਯਕੀਨੀ ਬਣਾਉਣ। ਇਥੇ ਹੀ ਬੱਸ ਨਹੀਂ, ਸਾਰੇ ਸਕੂਲਾਂ-ਕਾਲਜਾ ਅਤੇ ਟੈਕਨੀਕਲ ਐਜੂਕੇਸ਼ਨ ਇੰਸਟੀਚਿਊਟਸ ਦੇ ਮੁਖੀਆਂ ਨੂੰ ਯੋਗ ਵਿਦਿਆਰਥੀਆਂ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਵੈਕਸੀਨ ਲੱਗੇ ਹੋਣ ਦਾ ਸਰਟੀਫਿਕੇਟ ਵੀ ਸਬੰਧਿਤ ਵਿਭਾਗ ਦੇ ਮੁਖੀ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ। ਵਿਭਾਗ ਨੇ ਕਾਲਜ ਸਕੂਲ ਖੁੱਲ੍ਹਣ ਤੋਂ ਬਾਅਦ ਵੀ ਕਿਸੇ ਵਿਦਿਆਰਥੀ ਜਾਂ ਸਟਾਫ਼ ਵਿਚ ਕੋਵਿਡ 19 ਦੇ ਲੱਛਣ ਪਾਏ ਜਾਣ ’ਤੇ ਫੌਰਨ ਇਸ ਦੀ ਸੂਚਨਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦੇਣ ਦੀ ਜ਼ਿੰਮੇਵਾਰੀ ਸੰਸਥਾ ਦੇ ਮੁਖੀਆਂ ਦੇ ਮੋਢਿਆਂ ’ਤੇ ਪਾਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News